ਭਾਰਤੀ ਫੌਜ ਨੇ ਸੋਮਵਾਰ ਨੂੰ ਪੂਰਬੀ ਲੱਦਾਖ ਦੇ ਦੇਪਸਾਂਗ ਖੇਤਰ ਵਿਚ ਗਸ਼ਤ ਵਾਲੇ ਚਾਰ ਟਿਕਾਣਿਆਂ ਵਿਚੋਂ ਇਕ ’ਤੇ ਸਫ਼ਲਤਾ ਨਾਲ ਗਸ਼ਤ ਕੀਤੀ। ਭਾਰਤ ਤੇ ਚੀਨ ਦੀਆਂ ਫੌਜਾਂ ਨੇ ਕੁਝ ਦਿਨ ਪਹਿਲਾਂ ਪੂਰਬੀ ਲੱਦਾਖ ਵਿਚ ਟਕਰਾਅ ਵਾਲੇ ਦੋ ਖੇਤਰਾਂ ਡੈਮਚੌਕ ਤੇ ਦੇਪਸਾਂਗ ਵਿਚ ਫੌਜਾਂ ਦੀ ਵਾਪਸੀ ਦਾ ਅਮਲ ਪੂਰਾ ਕੀਤਾ ਸੀ। ਡੈਮਚੌਕ ਵਿਚ ਗਸ਼ਤ ਫੌਜਾਂ ਦੀ ਵਾਪਸੀ ਦਾ ਅਮਲ ਪੂਰਾ ਹੋਣ ਮਗਰੋਂ ਸ਼ੁੱਕਰਵਾਰ ਨੂੰ ਸ਼ੁਰੂ ਹੋਈ। ਲੇਹ ਅਧਾਰਿਤ ਫਾਇਰ ਐਂਡ ਫਿਊਰੀ ਕੋਰ ਨੇ ਐਕਸ ’ਤੇ ਇਕ ਪੋੋਸਟ ਵਿਚ ਕਿਹਾ, ‘‘ਭਾਰਤ ਤੇ ਚੀਨ ਦਰਮਿਆਨ ਦੇਪਸਾਂਗ ਤੇ ਡੈਮਚੌਕ ਵਿਚ ਗਸ਼ਤ ਫਿਰ ਤੋਂ ਸ਼ੁਰੂ ਕਰਨ ਅਤੇ ਫੌਜਾਂ ਦੀ ਵਾਪਸੀ ਲਈ ਸਹਿਮਤੀ ਬਣਨ ਮਗਰੋਂ, ਅੱਜ ਦੇਪਸਾਂਗ ਵਿਚ ਪੈਟਰੋਲਿੰਗ ਵਾਲੀਆਂ ਚਾਰ ਥਾਵਾਂ ਵਿਚੋਂ ਇਕ ’ਤੇ ਭਾਰਤੀ ਫੌਜ ਨੇ ਸਫ਼ਲਤਾ ਨਾਲ ਗਸ਼ਤ ਕੀਤੀ। ਇਹ ਅਸਲ ਕੰਟਰੋਲ ਰੇਖਾ (ਐਲਏਸੀ) ’ਤੇ ਸ਼ਾਂਤੀ ਤੇ ਸਦਭਾਵਨਾ ਬਣਾ ਕੇ ਰੱਖਣ ਦੀ ਦਿਸ਼ਾ ਵਿਚ ਇਕ ਹੋਰ ਸਕਾਰਾਤਮਕ ਕਦਮ ਹੈ।’’ ਉਂਝ ਇਹ ਫੌਰੀ ਪਤਾ ਨਹੀਂ ਲੱਗ ਸਕਿਆ ਕਿ ਭਾਰਤੀ ਸਲਾਮਤੀ ਦਸਤਿਆਂ ਨੇ ਕਿਸ ਥਾਂ ’ਤੇ ਗਸ਼ਤ ਕੀਤੀ। -ਪੀਟੀਆਈ