ਪੱਤਰ ਪ੍ਰੇਰਕ
ਜਲੰਧਰ, 4 ਨਵੰਬਰ
ਇੱਥੇ ਨੌਜਵਾਨ ਵੱਲੋਂ ਖੁਦਕੁਸ਼ੀ ਕਰ ਲਈ ਗਈ। ਨੌਜਵਾਨ ਆਪਣੀ ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ਵੱਲੋਂ ਕੀਤੀ ਕੁੱਟਮਾਰ ਅਤੇ ਮਹਿਲਾ ਦੋਸਤ ਤੋਂ ਉਸ ਨੂੰ ਰੱਖੜੀ ਬੰਨ੍ਹਵਾਉਣ ਕਾਰਨ ਪ੍ਰੇਸ਼ਾਨ ਸੀ। ਇਸ ਮਾਮਲੇ ਵਿੱਚ ਡਿਵੀਜ਼ਨ ਨੰਬਰ-7 ਦੀ ਪੁਲੀਸ ਨੇ ਮ੍ਰਿਤਕ ਨੌਜਵਾਨ ਦੀ ਮਹਿਲਾ ਦੋਸਤ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਹੈ। ਫਿਲਹਾਲ ਸਾਰੇ ਮੁਲਜ਼ਮਾਂ ਦੀ ਗ੍ਰਿਫਤਾਰੀ ਬਾਕੀ ਹੈ। ਮ੍ਰਿਤਕ ਦੀ ਪਛਾਣ ਸਾਹਿਲ (18) ਵਾਸੀ ਗੜ੍ਹਾ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਫਗਵਾੜੀ ਮੁਹੱਲਾ ਵਾਸੀ ਸ਼ੰਟੀ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਥਾਣਾ-7 ਦੇ ਐੱਸਐੱਚਓ ਅਨੂ ਪਾਲਿਆਲ ਨੇ ਕਿਹਾ ਕਿ ਜਲਦ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜਦੋਂ ਸਾਹਿਲ ਦੀ ਪ੍ਰੇਮਿਕਾ ਨੇ ਉਸ ਦੇ ਗੁੱਟ ’ਤੇ ਰੱਖੜੀ ਬੰਨ੍ਹੀ, ਉਦੋਂ ਤੋਂ ਹੀ ਉਹ ਕਾਫੀ ਪ੍ਰੇਸ਼ਾਨ ਸੀ। ਪੁਲੀਸ ਵੱਲੋਂ ਦਰਜ ਐਫਆਈਆਰ ਮੁਤਾਬਕ ਮ੍ਰਿਤਕ ਦੇ ਪਿਤਾ ਹੈਪੀ ਨੇ ਕਿਹਾ ਕਿ ਉਹ ਟੈਕਸੀ ਚਲਾਉਂਦਾ ਹੈ ਅਤੇ ਸਾਹਿਲ ਆਪਣੀ ਦਾਦੀ ਕੋਲ ਰਹਿੰਦਾ ਸੀ। ਉੱਥੋਂ ਉਹ ਮੋਬਾਈਲ ਰਿਪੇਅਰਿੰਗ ਦਾ ਕੰਮ ਸਿੱਖਣ ਜਾਂਦਾ ਸੀ। ਉਸ ਦੀ ਮਹਿਲਾ ਦੋਸਤ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਆਪਣੇ ਇਲਾਕੇ ਵਿੱਚ ਬੁਲਾ ਕੇ ਉਸ ਦੀ ਕੁੱਟਮਾਰ ਕੀਤੀ ਗਈ। ਸਾਹਿਲ ਨੇ ਇਸ ਬਾਰੇ ਆਪਣੇ ਪਿਤਾ ਹੈਪੀ ਨੂੰ ਦੱਸਿਆ ਸੀ ਜਿਸ ਤੋਂ ਬਾਅਦ ਜਦੋਂ ਉਹ ਮੌਕੇ ’ਤੇ ਪਹੁੰਚਿਆ ਤਾਂ ਸ਼ੰਟੀ ਅਤੇ ਉਸ ਦੇ ਸਾਥੀ, ਸਾਹਿਲ ਨੂੰ ਆਪਣੇ ਨਾਲ ਲੈ ਕੇ ਉੱਥੋਂ ਫਰਾਰ ਹੋ ਗਏ ਜਿਸ ਤੋਂ ਬਾਅਦ ਸਾਹਿਲ ਦੀ ਫਿਰ ਕੁੱਟਮਾਰ ਕੀਤੀ ਗਈ। ਹੈਪੀ ਨੇ ਕਿਸੇ ਤਰ੍ਹਾਂ ਮਾਫੀ ਮੰਗੀ ਅਤੇ ਸਾਹਿਲ ਨੂੰ ਘਰ ਲੈ ਆਇਆ। ਪਰ ਇਸ ਤੋਂ ਪ੍ਰੇਸ਼ਾਨ ਹੋ ਕੇ ਸਾਹਿਲ ਨੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਲਿਆ ਹੈ।