ਸ਼ਿਵਾਨੀ ਭਾਕੂ
ਲੁਧਿਆਣਾ, 30 ਅਕਤੂਬਰ
ਦੀਵਾਲੀ ਤੋਂ ਪਹਿਲਾਂ ਹਫ਼ਤਾ ਭਰ ਅੰਮ੍ਰਿਤਸਰ ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ। ਸ਼ਹਿਰ ਦਾ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ‘ਦਰਮਿਆਨੀ’ ਤੋਂ ‘ਖਰਾਬ’ ਸ਼੍ਰੇਣੀ ਵਿੱਚ ਰਿਹਾ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ’ਚ 26 ਤੋਂ 30 ਅਕਤੂਬਰ ਤੱਕ ਪੰਜ ਦਿਨ ਏਕਿਊਆਈ ਕ੍ਰਮਵਾਰ 228, 310, 160, 185 ਅਤੇ 185 ਰਿਹਾ। ਪਿਛਲੇ ਸਾਲ 30 ਅਕਤੂਬਰ ਨੂੰ ਅੰਮ੍ਰਿਤਸਰ ਦਾ ਏਕਿਊਆਈ 195 ਸੀ। ਲੰਘੀ 27 ਅਕਤੂਬਰ ਨੂੰ ਜਦੋਂ ਅੰਮ੍ਰਿਤਸਰ ਦਾ ਏਕਿਊਆਈ (310) ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਪਹੁੰਚ ਗਿਆ ਸੀ ਤਾਂ ਉਸ ਸਮੇਂ ਲੁਧਿਆਣਾ, ਮੰਡੀ ਗੋਬਿੰਦਗੜ੍ਹ, ਪਟਿਆਲਾ, ਜਲੰਧਰ ਤੇ ਖੰਨਾ ’ਚ ਹਵਾ ਦੀ ਗੁਣਵੱਤਾ ਬਿਹਤਰ ਦਰਜ ਕੀਤੀ ਗਈ। ਇਨ੍ਹਾਂ ਸ਼ਹਿਰਾਂ ਦਾ ਏਕਿਊਆਈ ਕ੍ਰਮਵਾਰ 152, 219, 202, 157 ਤੇ 136 ਅੰਕ ਰਿਹਾ। ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਜ਼ਿਲ੍ਹੇ ’ਚ ਹਵਾ ਪ੍ਰਦੂਸ਼ਣ ਵਧਣ ਦਾ ਕਾਰਨ ਮੌਸਮੀ ਤਬਦੀਲੀ ਹੋ ਸਕਦਾ ਹੈ ਕਿਉਂਕਿ ਜ਼ਿਲ੍ਹੇ ’ਚ ਪਰਾਲੀ ਸਾੜਨ ਦੀਆਂ ਕੁਝ ਕੁ ਘਟਨਾਵਾਂ ਹੀ ਵਾਪਰੀਆਂ ਹਨ।