19.5 C
Patiāla
Wednesday, November 6, 2024

ਕਿਸਾਨਾਂ ਵੱਲੋਂ ਲੁਧਿਆਣਾ ਵਿੱਚ ਡੀਸੀ ਦਫ਼ਤਰ ਦਾ ਘਿਰਾਓ – Punjabi Tribune

Must read


ਗੁਰਿੰਦਰ ਸਿੰਘ

ਲੁਧਿਆਣਾ, 29 ਅਕਤੂਬਰ

ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲੋਂ ਝੋਨੇ ਦੀ ਮੱਠੀ ਖ਼ਰੀਦ ਤੇ ਚੁਕਾਈ ਘੱਟ ਹੋਣ ਦੇ ਰੋਸ ਵਜੋਂ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰ ਕੇ ਕਾਰਪੋਰਟ ਘਰਾਣਿਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕਕੇ ਰੋਸ ਮੁਜ਼ਾਹਰਾ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਤਹਿਤ ਅੱਜ 32 ਸੰਘਰਸ਼ਸੀਲ ਜਥੇਬੰਦੀਆਂ ਦੇ ਸੈਂਕੜੇ ਵਰਕਰਾਂ ਨੇ ਮੁਜ਼ਾਹਰੇ ਦੌਰਾਨ ਕੇਂਦਰ ਅਤੇ ਰਾਜ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪਰਾ, ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਮਨੋਹਰ ਸਿੰਘ ਕਲਾੜ ਅਤੇ ਰਾਜਿੰਦਰ ਸਿੰਘ ਸਿਆੜ ਨੇ ਕਿਹਾ ਕਿ ਝੋਨੇ ਦੀ ਖਰੀਦ ਅਤੇ ਮੰਡੀਆਂ ਵਿੱਚੋਂ ਝੋਨੇ ਦੇ ਭੰਡਾਰ ਚੁੱਕਣ ਦੀ ਮੰਗ ਲਈ ਪੰਜਾਬ ਵਿੱਚ 51 ਥਾਵਾਂ ਦੇ ਟੌਲ ਪਲਾਜ਼ਿਆਂ ’ਤੇ ਸਿਆਸੀ ਆਗੂਆਂ ਦੇ ਘਰਾਂ ਅਤੇ ਦਫ਼ਤਰਾਂ ਅੱਗੇ 12 ਦਿਨਾਂ ਤੋਂ ਨਿਰੰਤਰ ਧਰਨੇ ਚੱਲ ਰਹੇ ਹਨ, ਪਰ ਸਰਕਾਰਾਂ ਕਿਸਾਨਾਂ ਨੂੰ ਜਾਣਬੁੱਝ ਕੇ ਖੁਆਰ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੋਵੇਂ ਸਰਕਾਰਾਂ ਕਿਸਾਨਾਂ ਦੀ ਖੱਜਲਖੁਆਰੀ ਲਈ ਬਰਾਬਰ ਦੀਆਂ ਜ਼ਿੰਮੇਵਾਰ ਹਨ।

ਇਸ ਮੌਕੇ ਬਲਵੰਤ ਸਿੰਘ ਘੁਡਾਣੀ, ਚਰਨਜੀਤ ਸਿੰਘ ਫੱਲੇਵਾਲ, ਲਖਵੀਰ ਸਿੰਘ ਨਾਨੋਵਾਲ ਅਤੇ ਗੁਰਪ੍ਰੀਤ ਸਿੰਘ ਨੂਰਪਰਾ ਨੇ ਮੰਗ ਕੀਤੀ ਕਿ ਝੋਨੇ ਦੀ ਪੂਰੀ ਐੱਮਐੱਸਪੀ ’ਤੇ ਨਿਰਵਿਘਨ ਖ਼ਰੀਦ ਚਾਲੂ ਕੀਤੀ ਜਾਵੇ ਅਤੇ ਹੁਣ ਤੱਕ ਘੱਟ ਮੁੱਲ ’ਤੇ ਵਿਕੇ ਝੋਨੇ ਦੀ ਪੂਰਤੀ ਕਰਨ ਦੇ ਨਾਲ-ਨਾਲ ਸਰਕਾਰੀ ਸਿਫ਼ਾਰਸ਼ ਅਨੁਸਾਰ ਪਾਣੀ ਦੀ ਬੱਚਤ ਲਈ ਬੀਜੀ ਗਈ ਪੀਆਰ 126 ਕਿਸਮ ਦੇ ਪੂਸਾ 44 ਨਾਲੋਂ ਘੱਟ ਝਾੜ ਦੀ ਅਤੇ ਐੱਮਐੱਸਪੀ ਤੋਂ ਘੱਟ ਮਿਲੇ ਮੁੱਲ ਦੀ ਕਮੀ ਪੂਰਤੀ ਕੀਤੀ ਜਾਵੇ। ਆਗੂਆਂ ਨੇ ਝੋਨੇ ਦੀ ਵੱਧ ਤੋਂ ਵੱਧ ਨਮੀ 22 ਫ਼ੀਸਦੀ ਕਰਨ, ਮੰਡੀ ਮਜ਼ਦੂਰਾਂ ਦੀ ਮੰਗ ਅਨੁਸਾਰ ਮਜ਼ਦੂਰੀ ਮਿੱਥਣ, ਭਾਰਤ ਦੇ ਸੰਸਾਰ ਵਪਾਰ ਸੰਸਥਾ ਵਿੱਚੋਂ ਬਾਹਰ ਆ ਕੇ ਖੁੱਲ੍ਹੀ ਮੰਡੀ ਖੁੱਲ੍ਹਾ ਵਪਾਰ ਦੀ ਨੀਤੀ ਰੱਦ ਕਰਨ, ਨਵੇਂ ਚੌਲਾਂ ਦੀ ਸਟੋਰੇਜ ਲਈ ਸ਼ੈਲਰ ਮਾਲਕਾਂ ਦੇ ਜਮ੍ਹਾਂ ਪਏ ਚੌਲਾਂ ਦੀ ਚੁਕਾਈ ਤੇਜ਼ ਕਰਨ, ਪਰਾਲੀ ਸਾੜਨ ਤੋਂ ਬਗੈਰ ਨਿਪਟਾਰੇ ਲਈ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਅਤੇ ਕੇਸ ਮੜ੍ਹਨ ਜੁਰਮਾਨੇ ਕਰਨ ਜਾਂ ਲਾਲ ਐਂਟਰੀਆਂ ਦਾ ਸਿਲਸਿਲਾ ਬੰਦ ਕਰਨ ਦੀ ਮੰਗ ਕੀਤੀ ਗਈ।

ਰੈਲੀ ਦੌਰਾਨ ਚਰਨ ਸਿੰਘ ਨੂਰਪੁਰਾ ਅਤੇ ਸੁਦਾਗਰ ਸਿੰਘ ਘੁਡਾਣੀ ਨੇ ਚਿਤਾਵਨੀ ਦਿੱਤੀ ਕਿ ਜਿੰਨਾ ਚਿਰ ਇਨ੍ਹਾਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ ਅਤੇ ਭਵਿੱਖ ਵਿੱਚ ਇਸਨੂੰ ਹੋਰ ਤਿੱਖਾ ਕੀਤਾ ਜਾਵੇਗਾ। ਰੈਲੀ ਦੌਰਾਨ ਨਾਜਰ ਸਿੰਘ ਸਿਆੜ, ਅਮਰੀਕ ਸਿੰਘ ਭੂੰਦੜੀ, ਜਸਦੀਪ ਸਿੰਘ ਜੱਸੋਵਾਲ, ਦਰਸ਼ਨ ਸਿੰਘ ਫੱਲੇਵਾਲ, ਬੀਬੀ ਅਮਰਜੀਤ ਕੌਰ ਮਾਜਰੀ, ਕਸਤੂਰੀ ਲਾਲ, ਭਜਨ ਸਿੰਘ ਕੈਲਗਿਰੀ ਅਤੇ ਜਸਵੰਤ ਸਿੰਘ ਜ਼ੀਰਖ ਨੇ ਵੀ ਸੰਬੋਧਨ ਕੀਤਾ।



News Source link

- Advertisement -

More articles

- Advertisement -

Latest article