ਲਖਨਪਾਲ ਸਿੰਘ
ਮਜੀਠਾ, 29 ਅਕਤੂਬਰ
ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਨਾਗਕਲਾਂ ਦੇ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਵਿਚੋਂ ਕਰੀਬ ਸਵਾ ਛੇ ਲੱਖ ਰੁਪਏ ਲੁੱਟ ਲਏ ਗਏ। ਜਾਣਕਾਰੀ ਅਨੁਸਾਰ ਹਲਕਾ ਮਜੀਠਾ ਅਧੀਨ ਆਉਦੇ ਪਿੰਡ ਨਾਗਕਲਾਂ ਦੇ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਵਿੱਚ ਅੱਜ ਕਰੀਬ 4 ਵਜੇ ਦੋ ਹਥਿਆਬੰਦ ਲੁਟੇਰੇ ਦਾਖਲ ਹੋਏ ਤੇ ਸਿੱਧੇ ਕੈਸ਼ੀਅਰ ਕੋਲ ਗਏ ਤੇ ਉਨ੍ਹਾਂ ਪਿਸਤੌਲ ਦੀ ਨੋਕ ’ਤੇ ਕੈਸ਼ੀਅਰ ਕੋਲੋਂ ਨਗ਼ਦ ਰਾਸ਼ੀ ਖੋਹੀ ਤੇ ਫਰਾਰ ਹੋ ਗਏ। ਬੈਂਕ ਅਧਿਕਾਰੀਆਂ ਦੇ ਦੱਸੇ ਅਨੁਸਾਰ ਹਥਿਆਰਬੰਦ ਲੁਟਰਿਆਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ ਤੇ ਉਸ ਵਕਤ ਬੈਂਕ ਵਿੱਚ ਕੋਈ ਵੀ ਸੁਰੱਖਿਆ ਕਰਮਚਾਰੀ ਨਹੀਂ ਸੀ ਜਿਸ ਕਰਕੇ ਲੁਟੇਰੇ ਬੜੀ ਅਸਾਨੀ ਨਾਲ ਸਵਾ ਛੇ ਲੱਖ ਦੀ ਰਾਸ਼ੀ ਲੁੱਟ ਕੇ ਲੈ ਗਏ। ਪਤਾ ਲੱਗਣ ’ਤੇ ਡੀਐਸਪੀ ਮਜੀਠਾ ਜਸਪਾਲ ਸਿੰਘ ਢਿੱਲੋਂ ਆਪਣੀ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਲੁਟੇਰਿਆਂ ਦੀ ਭਾਲ ਲਈ ਕੈਮਰਿਆਂ ਨੂੰ ਖੰਗਾਲਿਆ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ।