30.3 C
Patiāla
Thursday, June 19, 2025

ਦਿੱਲੀ ਦੇ ਸਾਬਕਾ ਮੰਤਰੀ ਤੇ ‘ਆਪ’ ਆਗੂ ਸਤੇਂਦਰ ਜੈਨ ਦੀ ਜ਼ਮਾਨਤ – Punjabi Tribune

Must read


ਨਵੀਂ ਦਿੱਲੀ, 18 ਅਕਤੂਬਰ

Money Laundering Case: ਦਿੱਲੀ ਦੀ ਇਕ ਅਦਾਲਤ ਨੇ ਦਿੱਲੀ ਦੇ ਸਾਬਕਾ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਆਗੂ ਸਤੇਂਦਰ ਜੈਨ ਨੂੰ ਮਨੀ ਲਾਂਡਰਿੰਗ ਕੇਸ ਵਿਚ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਇਹ ਫ਼ੈਸਲਾ ‘ਮੁਕੱਦਮੇ ਦੀ ਕਾਰਵਾਈ ਵਿਚ ਦੇਰ ਹੋਣ’ ਦੇ ਹਵਾਲੇ ਨਾਲ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ‘ਲੰਬੀ ਜੇਲ੍ਹ’ ਕਰਾਰ ਦਿੰਦਿਆਂ ਲਿਆ ਹੈ।

ਜੈਨ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਇਸ ਮਾਮਲੇ ਵਿਚ 30 ਮਈ, 2022 ਨੂੰ ਗ੍ਰਿਫ਼ਤਾਰ ਕੀਤਾ ਸੀ। ਉਹ ਅਦਾਲਤੀ ਹਿਰਾਸਤ ਤਹਿਤ ਜੇਲ੍ਹ ਵਿਚ ਬੰਦ ਸਨ।

ਆਪਣੇ ਹੁਕਮਾਂ ਵਿਚ ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਕਿਹਾ, ‘‘ਮੁਕੱਦਮੇ ਦੀ ਕਾਰਵਾਈ ਵਿਚ ਦੇਰੀ ਅਤੇ (ਮੁਲਜ਼ਮ ਦੇ) 18 ਮਹੀਨਿਆਂ ਦੇ ਲੰਬੇ ਸਮੇਂ ਤੋਂ ਜੇਲ੍ਹ ਵਿਚ ਬੰਦ ਹੋਣ ਦੇ ਮਾਮਲੇ ਉਤੇ ਗ਼ੌਰ ਕਰਦਿਆਂ ਕਿਹਾ ਜਾ ਸਦਕਾ ਹੈ ਕਿ ਮੁਲਜ਼ਮ ਨੂੰ ਰਾਹਤ ਦੇਣਾ ਸਹੀ ਰਹੇਗਾ, ਕਿਉਂਕਿ ਹਾਲੇ ਕੇਸ ਸ਼ੁਰੂ ਹੋਣ ਨੂੰ ਸਮਾਂ ਲੱਗੇਗਾ, ਜਦੋਂਕਿ ਫ਼ੈਸਲਾ ਹੋਣਾ ਤਾਂ ਬਾਅਦ ਦੀ ਗੱਲ ਹੈ।’’

ਅਦਾਲਤ ਨੇ ਉਨ੍ਹਾਂ ਨੂੰ 50 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ਅਤੇ ਇੰਨੀ ਹੀ ਰਕਮ ਦੀਆਂ ਦੋ ਜ਼ਮਾਨਤਾਂ ਉਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਈਡੀ ਨੇ ਇਹ ਕੇਸ ਜੈਨ ਖ਼ਿਲਾਫ਼ ਸੀਬੀਆਈ ਵੱਲੋਂ 2017 ਵਿਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਦਰਜ ਇਕ ਐਫ਼ਆਈਆਰ ਦੇ ਹਵਾਲੇ ਨਾਲ ਦਰਜ ਕੀਤਾ ਸੀ।

ਇਸ ਦੌਰਾਨ ‘ਆਪ’ ਨੇ ਇਸ ਫ਼ੈਸਲੇ ਨੂੰ ‘ਸੱਚ ਦੀ ਜਿੱਤ’ ਕਰਾਰ ਦਿੱਤਾ ਹੈ। ਇਸ ਸਬੰਧੀ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉਤੇ ਕੀਤੀ ਇਕ ਪੋਸਟ ਵਿਚ ‘ਆਪ’ ਨੇ ਕਿਹਾ, ‘‘ਸੱਤਿਆਮੇਵ ਜਯਤੇ। ਭਾਜਪਾ ਦੀ ਇਕ ਹੋਰ ਸਾਜ਼ਿਸ਼ ਨਾਕਾਮ ਹੋ ਗਈ ਹੈ, ਕਿਉਂਕਿ ਦਿੱਲੀ ਵਿਚ ਸ਼ਾਨਦਾਰ ਮੁਹੱਲਾ ਕਲੀਨਿਕਾਂ ਰਾਹੀਂ ਸਿਹਤ ਇਨਕਲਾਬ ਲਿਆਉਣ ਵਾਲੇ ਸਤੇਂਦਰ ਜੈਨ ਜੀ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਇਕ ਵਾਰ ਮੁੜ ਸਾਰੇ ਦੇਸ਼ ਅੱਗੇ ਭਾਜਪਾ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਹੈ।’’

‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੈਨ ਨੂੰ ਦੋ ਸਾਲ ਜੇਲ੍ਹ ਵਿਚ ਕੱਟਣ ਤੋਂ ਬਾਅਦ ਜ਼ਮਾਨਤ ਮਿਲੀ ਹੈ। ‘ਐਕਸ’ ਉਤੇ ਆਪਣੀ ਪੋਸਟ ਵਿਚ ਉਨ੍ਹਾਂ ਕਿਹਾ, ‘‘ਉਨ੍ਹਾਂ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਨ੍ਹਾਂ ਮੁਹੱਲਾ ਕਲੀਨਿਕ ਬਣਾਏ ਅਤੇ ਦਿੱਲੀ ਵਾਸੀਆਂ ਲਈ ਸਿਹਤ ਸੇਵਾਵਾਂ ਮੁਫ਼ਤ ਕੀਤੀਆਂ। ਮੋਦੀ ਜੀ ਨੇ  ਉਨ੍ਹਾਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਤਾਂ ਕਿ ਮੁਹੱਲਾ ਕਲੀਨਿਕਾਂ ਨੂੰ ਬੰਦ ਕੀਤਾ ਜਾ ਸਕੇ ਅਤੇ ਇਸ ਤਰ੍ਹਾਂ ਲੋਕਾਂ ਨੂੰ ਮਿਲ ਰਿਹਾ ਮੁਫ਼ਤ ਇਲਾਜ ਰੋਕਿਆ ਜਾ ਸਕੇ। ਪਰ ਰੱਬ ਸਾਡੇ ਨਾਲ ਹੈ।’’ -ਪੀਟੀਆਈ

 





News Source link

- Advertisement -

More articles

- Advertisement -

Latest article