30.3 C
Patiāla
Thursday, June 19, 2025

ਝੋਨੇ ਦੀ ਢਿੱਲੀ ਖ਼ਰੀਦ ਖ਼ਿਲਾਫ਼ ਕਿਸਾਨਾਂ ਵੱਲੋਂ ਸੜਕਾਂ ਅਤੇ ਰੇਲ ਪਟੜੀਆਂ ’ਤੇ ਧਰਨੇ

Must read


ਸ਼ਗਨ ਕਟਾਰੀਆ

ਬਠਿੰਡਾ, 13 ਅਕਤੂਬਰ

ਝੋਨੇ ਦੀ ਸੁਸਤ ਸਰਕਾਰੀ ਖ਼ਰੀਦ ਨੂੰ ਦਰੁਸਤ ਕਰਨ ਦੀ ਮੰਗ ਲੈ ਕੇ ਕਿਸਾਨਾਂ ਨੇ ਅੱਜ ਰੇਲ ਅਤੇ ਸੜਕੀ ਆਵਾਜਾਈ ਦੇ ਰਸਤੇ ਦਿਨੇ 12 ਤੋਂ 3 ਵਜੇ ਤੱਕ ਧਰਨੇ ਲਾ ਕੇ ਠੱਪ ਕਰ ਦਿੱਤੇ। ਧਰਨਿਆਂ ਕਾਰਨ ਰੇਲਵੇ ਵਿਭਾਗ ਨੂੰ ਕੁੱਝ ਰੇਲ ਗੱਡੀਆਂ ਰੱਦ ਕਰਨੀਆਂ ਪਈਆਂ ਅਤੇ ਬਾਕੀ ਮੰਜ਼ਿਲ ਦੇ ਅੱਧ ਵਿਚਕਾਰੇ ਰੁਕਣ ਕਾਰਨ ਕਈ-ਕਈ ਘੰਟਿਆਂ ਦੀ ਦੇਰੀ ਨਾਲ ਚੱਲੀਆਂ। ਇਸੇ ਤਰ੍ਹਾਂ ਦਾ ਹਾਲ ਬੱਸਾਂ ਦਾ ਰਿਹਾ। ਸੜਕਾਂ ’ਤੇ ਧਰਨੇ ਲੱਗੇ ਹੋਣ ਕਾਰਨ ਆਉਣ-ਜਾਣ ਵਾਲੇ ਲੋਕਾਂ ਨੂੰ ਜਾਮ ’ਚ ਫਸ ਕੇ ਲੰਮਾ ਸਮਾਂ ਖੱਜਲ-ਖੁਆਰੀਆਂ ਦਾ ਸਾਹਮਣਾ ਕਰਨਾ ਪਿਆ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ ਸੰਗਠਨਾਂ ਨੇ ਇੱਥੇ ਭਾਈ ਘਨੱਈਆ ਚੌਕ ’ਚ ਧਰਨਾ ਲਾਇਆ, ਜਿਸ ਵਿੱਚ ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਦੇ ਕੁਝ ਕੁ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ ਨੇ ਦੋਸ਼ ਲਾਇਆ ਕਿ ਪਿਛਲੇ ਸਾਲ ਵਾਲੇ ਚੌਲ ਵੀ ਹਾਲੇ ਸ਼ੈਲਰਾਂ ’ਚ ਪਏ ਹਨ, ਇਸ ਕਰਕੇ ਝੋਨੇ ਦੀ ਨਵੀਂ ਫ਼ਸਲ ਰੱਖਣ ਲਈ ਥਾਂ ਨਹੀਂ ਹੈ। ਇਸ ਤੋਂ ਇਲਾਵਾ ਜੇਕਰ ਨਵਾਂ ਝੋਨਾ ਸਰਕਾਰ ਮੰਡੀਆਂ ਵਿੱਚੋਂ ਨਹੀਂ ਚੁੱਕਦੀ, ਤਾਂ ਝੋਨਾ ਸੁੱਕਣ ਕਾਰਨ ਸ਼ੈਲਰਾਂ ਵਾਲਿਆਂ ਦਾ ਅਤੇ ਆੜ੍ਹਤੀਆਂ ਦਾ ਨੁਕਸਾਨ ਹੁੰਦਾ ਹੈ।

ਬੀਕੇਯੂ (ਮਾਨਸਾ) ਦੇ ਸੂਬਾ ਸਕੱਤਰ ਬੇਅੰਤ ਸਿੰਘ ਅਤੇ ਬੀਕੇਯੂ (ਮਾਲਵਾ) ਦੇ ਸੂਬਾਈ ਆਗੂ ਜਗਜੀਤ ਸਿੰਘ ਕੋਟਸ਼ਮੀਰ ਨੇ ਦੋਸ਼ ਲਾਇਆ ਕਿ ਜਿੱਥੇ ਕੇਂਦਰ ਸਰਕਾਰ ਮੰਡੀਆਂ ਵਿੱਚ ਨਹੀਂ ਪਹੁੰਚੀ ਹੈ, ਉੱਥੇ ਪੰਜਾਬ ਦੀਆਂ ਖਰੀਦ ਏਜੰਸੀਆਂ ਵੀ ਅਜੇ ਤੱਕ ਬਾਰਦਾਨਾ ਪਹੁੰਚਾਉਣ ਵਿੱਚ ਅਸਫ਼ਲ ਰਹੀਆਂ ਹਨ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਪੂਹਲੀ ਅਤੇ ਬੀਕੇਯੂ (ਲੱਖੋਵਾਲ) ਦੇ ਸੂਬਾ ਆਗੂ ਸਰੂਪ ਸਿੰਘ ਰਾਮਾ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਤੋਂ ਜਲਦੀ ਝੋਨੇ ਦੀ ਖਰੀਦ ਸ਼ੁਰੂ ਨਾ ਕਰਵਾਈ, ਤਾਂ ਅਗਲਾ ਐਕਸ਼ਨ ਹੋਰ ਵੀ ਸਖ਼ਤ ਹੋਵੇਗਾ। ਬੁਲਾਰਿਆਂ ਨੇ ਸੜਕ ਬੰਦ ਹੋਣ ਕਾਰਨ ਆਮ ਪਬਲਿਕ ਨੂੰ ਹੋਣ ਵਾਲੀ ਤਕਲੀਫ਼ ਪ੍ਰਤੀ ਅਫਸੋਸ ਦਾ ਇਜ਼ਹਾਰ ਵੀ ਕੀਤਾ।



News Source link

- Advertisement -

More articles

- Advertisement -

Latest article