30.3 C
Patiāla
Thursday, June 19, 2025

ਆਰਬੀਆਈ ਨੇ ਵਿਆਜ ਦਰਾਂ ’ਚ ਨਾ ਕੀਤੀ ਕੋਈ ਕਟੌਤੀ

Must read


ਮੁੰਬਈ, 9 ਅਕਤੂਬਰ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਲਗਾਤਾਰ ਦਸਵੀਂ ਵਾਰ ਨੀਤੀਗਤ ਦਰਾਂ ਬਰਕਰਾਰ ਰੱਖਣ ਦਾ ਫ਼ੈਸਲਾ ਕੀਤਾ ਹੈ। ਮੁਦਰਾ ਨੀਤੀ ਕਮੇਟੀ ਨੇ ਅਰਥਚਾਰੇ ’ਚ ਨਰਮੀ ਦੇ ਸੰਕੇਤਾਂ ਦੇ ਮੱਦੇਨਜ਼ਰ ਨੀਤੀਗਤ ਰੁਖ਼ ਬਦਲ ਕੇ ‘ਨਿਰਪੱਖ’ ਕਰ ਦਿੱਤਾ, ਜਿਸ ਨਾਲ ਆਉਂਦੇ ਸਮੇਂ ’ਚ ਦਰਾਂ ਵਿੱਚ ਕਟੌਤੀ ਹੋ ਸਕਦੀ ਹੈ। ਕਮੇਟੀ ਦੀ ਅਗਲੀ ਮੀਟਿੰਗ ਦਸੰਬਰ ’ਚ ਹੋਵੇਗੀ। ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਮੁਦਰਾ ਨੀਤੀ ਕਮੇਟੀ ਨੇ ਰੈਪੋ ਦਰ 6.5 ਫੀਸਦੀ ’ਤੇ ਬਰਕਰਾਰ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਘਰ, ਵਾਹਨ ਅਤੇ ਹੋਰ ਕਰਜ਼ਿਆਂ ’ਤੇ ਵਿਆਜ ਦਰ ਨਹੀਂ ਬਦਲੇਗੀ। ਆਰਬੀਆਈ ਨੇ ਫਰਵਰੀ 2023 ਤੋਂ ਵਿਆਜ ਦਰਾਂ ’ਤੇ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖੀ ਹੈ। ਕਮੇਟੀ ਦੇ ਛੇ ’ਚੋਂ ਪੰਜ ਮੈਂਬਰਾਂ ਨੇ ਵਿਆਜ ਦਰਾਂ ’ਚ ਕਟੌਤੀ ਦੇ ਪੱਖ ’ਚ ਵੋਟ ਪਾਈ। ਦਾਸ ਨੇ ਕਿਹਾ ਕਿ ਮੁਲਕ ਦੀ ਵਿਕਾਸ ਦਰ (ਜੀਡੀਪੀ) ਮਜ਼ਬੂਤ ​​ਰਹਿਣ ’ਤੇ ਵੀ ਆਰਬੀਆਈ ਮਹਿੰਗਾਈ ’ਤੇ ਨਜ਼ਰ ਰੱਖੇਗਾ। ਸਾਲਾਨਾ ਪਰਚੂਨ ਮਹਿੰਗਾਈ ਦਰ ਲਗਾਤਾਰ ਦੂਜੇ ਮਹੀਨੇ ਸਤੰਬਰ ’ਚ ਕੇਂਦਰੀ ਬੈਂਕ ਦੇ 4 ਫ਼ੀਸਦ ਟੀਚੇ ਤੋਂ ਹੇਠਾਂ ਰਹੀ। ਆਰਬੀਆਈ ਨੇ 2024-25 ਲਈ ਮਹਿੰਗਾਈ ਦਰ 4.5 ਫ਼ੀਸਦ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਉਨ੍ਹਾਂ ਜੀਡੀਪੀ 7.2 ਫ਼ੀਸਦ ਰਹਿਣ ਦੀ ਆਪਣੀ ਪੇਸ਼ੀਨਗੋਈ ’ਚ ਕੋਈ ਬਦਲਾਅ ਨਹੀਂ ਕੀਤਾ ਹੈ। ਆਰਬੀਆਈ ਨੇ ਭੂ-ਸਿਆਸੀ ਜੋਖਮਾਂ ਅਤੇ ਮੌਸਮ ਨਾਲ ਸਬੰਧਤ ਖ਼ਤਰਿਆਂ ’ਤੇ ਵੀ ਚਿੰਤਾ ਜਤਾਈ ਹੈ। -ਪੀਟੀਆਈ

ਯੂਪੀਆਈ ਲਾਈਟ ਰਾਹੀਂ ਇਕ ਵਾਰ ’ਚ ਹੋਵੇਗਾ ਹਜ਼ਾਰ ਰੁਪਏ ਦਾ ਭੁਗਤਾਨ

ਨਵੀਂ ਦਿੱਲੀ: ਆਰਬੀਆਈ ਨੇ ਯੂਪੀਆਈ ਲਾਈਟ ਵਾਲੈਟ ਦੀ ਹੱਦ 2 ਹਜ਼ਾਰ ਤੋਂ ਵਧਾ ਕੇ 5 ਹਜ਼ਾਰ ਰੁਪਏ ਅਤੇ ਪ੍ਰਤੀ ਲੈਣ-ਦੇਣ ਹੱਦ ਵਧਾ ਕੇ ਇਕ ਹਜ਼ਾਰ ਰੁਪਏ ਕਰਨ ਦਾ ਐਲਾਨ ਕੀਤਾ ਹੈ। ‘ਯੂਪੀਆਈ 123 ਪੇਅ’ ’ਚ ਪ੍ਰਤੀ ਲੈਣ-ਦੇਣ ਹੱਦ 5 ਹਜ਼ਾਰ ਤੋਂ ਵਧਾ ਕੇ 10 ਹਜ਼ਾਰ ਰੁਪਏ ਕੀਤੀ ਜਾਵੇਗੀ। ਮੌਜੂਦਾ ਸਮੇਂ ’ਚ ਯੂਪੀਆਈ ਲਾਈਟ ਵਾਲੈਟ ਦੀ ਹੱਦ 2 ਹਜ਼ਾਰ ਰੁਪਏ ਅਤੇ ਪ੍ਰਤੀ ਲੈਣ-ਦੇਣ 500 ਰੁਪਏ ਹੈ। ਇਸ ਤੋਂ ਇਲਾਵਾ ‘ਯੂਪੀਆਈ 123 ਪੇਅ’ ਦੀ ਸਹੂਲਤ ਹੁਣ 12 ਭਾਸ਼ਾਵਾਂ ’ਚ ਉਪਲੱਬਧ ਹੋਵੇਗੀ। ਇਸ ਦੇ ਨਾਲ ਐੱਨਈਐੱਫਟੀ (ਨੈਸ਼ਨਲ ਇਲੈਕਟ੍ਰਾਨਿਕ ਫੰਡਜ਼ ਟਰਾਂਸਫਰ) ਅਤੇ ਆਰਟੀਜੀਐੱਸ (ਰੀਅਲ ਟਾਈਮ ਗਰੌਸ ਸੈਟਲਮੈਂਟ ਸਿਸਟਮ) ’ਚ ਯੂਪੀਆਈ ਅਤੇ ਆਈਐੱਮਪੀਐੱਸ ਵਾਂਗ ਖਾਤਾਧਾਰਕ ਦੇ ਨਾਮ ਦੀ ਤਸਦੀਕ ਦੀ ਸਹੂਲਤ ਮਿਲੇਗੀ। -ਪੀਟੀਆਈ



News Source link

- Advertisement -

More articles

- Advertisement -

Latest article