19.9 C
Patiāla
Wednesday, November 6, 2024

ਕੇਜਰੀਵਾਲ ਵੱਲੋਂ ਭਾਜਪਾ ਸ਼ਾਸਿਤ ਸੂਬਿਆਂ ’ਚ ਬਿਜਲੀ ਮੁਫ਼ਤ ਦੇਣ ਦੀ ਚੁਣੌਤੀ

Must read


ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 6 ਅਕਤੂਬਰ

‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਸ਼ਾਸਨ ਵਾਲੇ 22 ਸੂਬਿਆਂ ਨੂੰ ਮੁਫ਼ਤ ਬਿਜਲੀ ਦੇਣ। ਉਨ੍ਹਾਂ ਵਾਅਦਾ ਕੀਤਾ ਕਿ ਜੇ ਉਹ ਇਸ ਮੰਗ ਨੂੰ ਮੰਨ ਲੈਂਦੇ ਹਨ ਤਾਂ ਉਹ ਭਗਵਾ ਪਾਰਟੀ ਲਈ ਪ੍ਰਚਾਰ ਕਰਨਗੇ। ਕੇਜਰੀਵਾਲ ਨੇ ਭਾਜਪਾ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਨਵੰਬਰ ’ਚ ਝਾਰਖੰਡ ਅਤੇ ਮਹਾਰਾਸ਼ਟਰ ਨਾਲ ਕਰਾਉਣ ਦੀ ਵੀ ਚੁਣੌਤੀ ਦਿੱਤੀ ਅਤੇ ਕਿਹਾ ਕਿ ‘ਆਪ’ ਚੋਣਾਂ ਲਈ ਤਿਆਰ ਹੈ। ‘ਜਨਤਾ ਕੀ ਅਦਾਲਤ’ ਪ੍ਰੋਗਰਾਮ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਭਾਜਪਾ ’ਤੇ ਦੋਸ਼ ਲਾਇਆ ਕਿ ਡਬਲ ਇੰਜਣ ਸਰਕਾਰਾਂ ਸੂਬਿਆਂ ’ਚ ਨਾਕਾਮ ਰਹੀਆਂ ਹਨ ਅਤੇ ਉਨ੍ਹਾਂ ਪੇਸ਼ੀਨਗੋਈ ਕੀਤੀ ਕਿ ਭਾਜਪਾ ਹਰਿਆਣਾ ਅਤੇ ਜੰਮੂ ਕਸ਼ਮੀਰ ’ਚੋਂ ਵੀ ਲਾਂਭੇ ਹੋ ਜਾਵੇਗੀ। ਇਸ ਮੌਕੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ, ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸੌਰਭ ਭਾਰਦਵਾਜ ਅਤੇ ਹੋਰ ਆਗੂਆਂ ਨੇ ਭਾਜਪਾ ਦੀ ਆਲੋਚਨਾ ਕੀਤੀ ਅਤੇ ਆਉਂਦੀਆਂ ਚੋਣਾਂ ਲਈ ਵਰਕਰਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ। ਆਪਣੇ ਭਾਸ਼ਣ ਦੌਰਾਨ ਕੇਜਰੀਵਾਲ ਨੇ ਹੱਥ ’ਚ ਛੇ ‘ਰਿਉੜੀਆਂ’ ਵਾਲਾ ਪੈਕੇਟ ਫੜਿਆ ਹੋਇਆ ਸੀ ਅਤੇ ਕਿਹਾ ਕਿ ਹਰੇਕ ‘ਰਿਉੜੀ’ ਉਨ੍ਹਾਂ ਦੀ ਸਰਕਾਰ ਵੱਲੋਂ ਦਿੱਤੀਆਂ ਗਈਆਂ ਛੇ ਮੁਫ਼ਤ ਸੇਵਾਵਾਂ ਦਾ ਪ੍ਰਤੀਕ ਹਨ। ਇਨ੍ਹਾਂ ’ਚ ਮੁਫ਼ਤ ਬਿਜਲੀ-ਪਾਣੀ, ਮਹਿਲਾਵਾਂ ਲਈ ਬੱਸ ਸਫ਼ਰ, ਬਜ਼ੁਰਗਾਂ ਲਈ ਤੀਰਥ ਯਾਤਰਾ, ਸਿਹਤ ਸੰਭਾਲ ਅਤੇ ਸਿੱਖਿਆ ਸੇਵਾਵਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ‘ਰਿਉੜੀਆਂ’ ਵਾਲੇ ਪੈਕੇਟ ਲੋਕਾਂ ਨੂੰ ਵੰਡੇ ਜਾਣਗੇ ਅਤੇ ਅਪੀਲ ਕੀਤੀ ਕਿ ਉਹ ਇਸ ਨੂੰ ‘ਪ੍ਰਸਾਦ’ ਸਮਝਣ। ‘ਜਦੋਂ ਤੁਸੀਂ ਘਰ ਜਾਵੋ ਤਾਂ ਇਸ ਨਾਲ ‘ਪੂਜਾ’ ਕਰੋ ਅਤੇ ਹੋਰਾਂ ਨਾਲ ਇਹ ਸਾਂਝਾ ਕਰੋ।’ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੇ ਗਲਤੀ ਨਾਲ ਲੋਕਾਂ ਨੇ ਭਾਜਪਾ ਨੂੰ ਵੋਟਾਂ ਪਾ ਦਿੱਤੀਆਂ ਤਾਂ ਇਹ ਛੇ ਸਹੂਲਤਾਂ ਖ਼ਤਮ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਡੀਟੀਸੀ, ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਜਿਹੀਆਂ ਸੇਵਾਵਾਂ ਨਿੱਜੀ ਕੰਪਨੀਆਂ ਹਵਾਲੇ ਕਰ ਦਿੱਤੀਆਂ ਜਾਣਗੀਆਂ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ’ਚ ਕੋਈ ਲੋਕਤੰਤਰ ਨਹੀਂ ਹੈ ਅਤੇ ਇਹ ਐੱਲਜੀ ਦੇ ਸ਼ਾਸਨ ਹੇਠ ਹੈ। ਉਨ੍ਹਾਂ ਅਹਿਦ ਲਿਆ ਕਿ ਉਹ ਦਿੱਲੀ ਨੂੰ ਐੱਲਜੀ ਰਾਜ ਤੋਂ ਮੁਕਤ ਕਰਵਾ ਕੇ ਪੂਰਨ ਸੂਬੇ ਦਾ ਦਰਜਾ ਦਿਵਾਉਣਗੇ। ਜੇਲ੍ਹ ’ਚ ਇੰਸੁਲਿਨ ਰੋਕਣ ਦੇ ਦੋਸ਼ ਲਾਉਂਦਿਆਂ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਕਿਡਨੀ ਫੇਲ੍ਹ ਹੋ ਸਕਦੀ ਸੀ ਅਤੇ ਉਹ ਮਰ ਵੀ ਸਕਦੇ ਸਨ। ਉਨ੍ਹਾਂ ਕਿਹਾ ਕਿ ਭਾਜਪਾ ਮਿੱਥ ਕੇ ‘ਆਪ’ ਵਰਕਰਾਂ ਅਤੇ ਆਗੂਆਂ ਨੂੰ ਨਿਸ਼ਾਨਾ ਬਣਾ ਰਹੀ ਹੈ।

ਕੇਜਰੀਵਾਲ ਦੇ ਜਨਤਾ ਦਰਬਾਰ ਦੀ ਡਰਾਮੇਬਾਜ਼ੀ ਫਲਾਪ ਸ਼ੋਅ : ਕਾਂਗਰਸ

ਨਵੀਂ ਦਿੱਲੀ: ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇਵੇਂਦਰ ਯਾਦਵ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਜਨਤਾ ਅਦਾਲਤ ਵਿੱਚ ਖਾਲੀ ਪਈਆਂ ਕੁਰਸੀਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਲੋਕਾਂ ਦਾ ‘ਆਪ’ ਪ੍ਰਤੀ ਲਗਾਓ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਜਨਤਾ ਦਰਬਾਰ ਦੀ ਨੌਟੰਕੀ ਪੂਰੀ ਤਰ੍ਹਾਂ ਫਲਾਪ ਸ਼ੋਅ ਸਾਬਤ ਹੋਈ ਹੈ। ਯਾਦਵ ਨੇ ਕਿਹਾ ਕਿ ‘ਆਪ’ ਸਰਕਾਰ ਨੇ ਖੁਦ ਕੋਈ ਕੰਮ ਨਹੀਂ ਕੀਤਾ ਅਤੇ ਸਾਰਾ ਠੀਕਰਾ ਉਪ ਰਾਜਪਾਲ ਦੇ ਸਿਰ ਭੰਨ੍ਹਿਆ ਜਾ ਰਿਹਾ ਹੈ।



News Source link

- Advertisement -

More articles

- Advertisement -

Latest article