ਸਵੱਛਤਾ ਮੁਹਿੰਮ ਤਹਿਤ ਸਫ਼ਾਈ ਕਰਦੇ ਹੋਏ ਵਾਲੰਟੀਅਰ। -ਫੋਟੋ: ਸੱਗੂ
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 2 ਅਕਤੂਬਰ
ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (ਭਾਰਤ ਸਰਕਾਰ) ਵੱਲੋਂ ਜ਼ਿਲ੍ਹਾ ਯੁਵਾ ਅਫ਼ਸਰ ਆਕਾਂਸ਼ਾ ਮਹਾਵਾਰੀਆ ਦੀ ਪ੍ਰਧਾਨਗੀ ਹੇਠ ਸੰਸਥਾ ‘ਮੇਰਾ ਯੁਵਾ ਭਾਰਤ’ ਵੱਲੋਂ ‘ਕੁਦਰਤ ਦੀ ਸਫ਼ਾਈ, ਸੱਭਿਆਚਾਰ ਸਵੱਛਤਾ, ਸਵੱਛਤਾ ਹੀ ਸੇਵਾ’ ਵਿਸ਼ੇ ਤਹਿਤ ਆਈਟੀਆਈ ਲੋਪੋਕੇ ਚੋਗਾਵਾਂ ਦੇ ਸਹਿਯੋਗ ਨਾਲ ਲੋਪੋਕੇ ਵਿੱਚ ਸਵੱਛਤਾ ਮੁਹਿੰਮ ਚਲਾਈ ਗਈ।
ਪ੍ਰੋਗਰਾਮ ਦੀ ਸ਼ੁਰੂਆਤ ਮਹਾਤਮਾ ਗਾਂਧੀ ਜੀ ਨੂੰ ਫੁੱਲਾਂ ਦੀ ਮਾਲਾ ਭੇਟ ਕਰਕੇ ਹੋਈ। ਇਸ ਉਪਰੰਤ ਸਵੱਛਤਾ ਸਹੁੰ ਚੁੱਕ ਪ੍ਰੋਗਰਾਮ ਕਰਵਾਇਆ ਗਿਆ ਅਤੇ ਨਹਿਰੂ ਯੁਵਾ ਕੇਂਦਰ ਵੱਲੋਂ ਸਾਰੇ ਪ੍ਰਤੀਭਾਗੀਆਂ ਨੂੰ ‘ਮੇਰਾ ਭਾਰਤ ਕਿੱਟ’ (ਕੈਪ, ਡਾਇਰੀ ਅਤੇ ਪੈੱਨ) ਵੰਡੀ ਗਈ। ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਅਤੇ ਆਈਟੀਆਈ ਦੇ ਵਾਲੰਟੀਅਰਾਂ ਵੱਲੋਂ ਆਈਟੀਆਈ ਅਤੇ ਪਿੰਡ ਲੋਪੋਕੇ ਦੇ ਗੁਰਦੁਆਰੇ ਨੇੜਿਓਂ ਤੇ ਬਾਜ਼ਾਰ ਵਿੱਚੋਂ ਪਲਾਸਟਿਕ ਦੀਆਂ ਬੋਤਲਾਂ, ਬੈਗ ਆਦਿ ਕੂੜਾ ਇਕੱਠਾ ਕੀਤਾ ਗਿਆ। ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇਸ ਮੁਹਿੰਮ ਵਿੱਚ ਹਿੱਸਾ ਲੈ ਕੇ ਉਹ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਕਰਕੇ ਧਾਤੂ ਦੀਆਂ ਬੋਤਲਾਂ ਅਤੇ ਕੱਪੜੇ ਦੇ ਥੈਲਿਆਂ ਦੀ ਵਰਤੋਂ ਕਰਨ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਆਈਟੀਆਈ ਪ੍ਰਿੰਸੀਪਲ ਜਤਿੰਦਰ, ਜ਼ਿਲ੍ਹਾ ਯੂਥ ਅਫ਼ਸਰ ਅਕਾਂਕਸ਼ਾ ਮਹਾਵਰੀਆ, ਲੇਖਾ ਅਤੇ ਪ੍ਰੋਗਰਾਮ ਸਹਾਇਕ ਰੋਹਿਲ ਕੁਮਾਰ ਕੱਟਾ ਸਨ। ਆਈਟੀਆਈ ਦੇ ਅਧਿਆਪਕਾਂ ਦੀ ਅਗਵਾਈ ਵਿੱਚ 120 ਤੋਂ ਵੱਧ ਨੌਜਵਾਨਾਂ ਨੇ ਇਸ ਸਫ਼ਾਈ ਮੁਹਿੰਮ ਵਿੱਚ ਭਾਗ ਲਿਆ।