ਅਮਨ ਸੂਦ
ਪਟਿਆਲਾ, 3 ਅਕਤੂਬਰ
ਪੰਜਾਬ ਵਿਚ ਘਰੇਲੂ ਖਪਤਕਾਰਾਂ ਨੂੰ ਮੁਫ਼ਤ ਬਿਜਲੀ ਮਿਲਣ ਦੇ ਬਾਵਜੂਦ ਵੱਡੇ ਪੱਧਰ ’ਤੇ ਬਿਜਲੀ ਚੋਰੀ ਹੋ ਰਹੀ ਹੈ ਜੋ ਚਿੰਤਾਜਨਕ ਪੱਧਰ ’ਤੇ ਪੁੱਜ ਗਈ ਹੈ। ਸੂਬੇ ਵਿਚ 2023-24 ’ਚ ਇਹ ਘਾਟਾ 2,600 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਇਸ ਵੇਲੇ ਸੂਬਾ ਵਾਸੀਆਂ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਦਿੱਤੀ ਜਾ ਰਹੀ ਹੈ ਤੇ ਪੰਜਾਬ ਸਰਕਾਰ ਇਸ ਮੁਫਤ ਬਿਜਲੀ ਲਈ ਛੇ ਹਜ਼ਾਰ ਕਰੋੜ ਰੁਪਏ ਸਬਸਿਡੀ ਦਿੰਦੀ ਹੈ। ਇਸ ਵੇਲੇ ਪੰਜਾਬ ਦੀਆਂ 20 ਡਿਵੀਜ਼ਨਾਂ ਵਿਚ ਧੜੱਲੇ ਨਾਲ ਬਿਜਲੀ ਚੋਰੀ ਹੋ ਰਹੀ ਹੈ। ਸਭ ਤੋਂ ਵੱਧ ਬਿਜਲੀ ਚੋਰੀ ਸਰਹੱਦੀ ਜ਼ੋਨ ਵਿੱਚ ਹੁੰਦੀ ਹੈ, ਇਸ ਤੋਂ ਬਾਅਦ ਪੱਛਮੀ ਅਤੇ ਦੱਖਣੀ ਜ਼ੋਨ ਆਉਂਦੇ ਹਨ। ਤਰਨਤਾਰਨ ਸਰਕਲ ਦੀਆਂ ਚਾਰ ਡਿਵੀਜ਼ਨਾਂ ਅਤੇ ਫਿਰੋਜ਼ਪੁਰ ਸਰਕਲ, ਉਪਨਗਰੀ ਅੰਮ੍ਰਿਤਸਰ ਅਤੇ ਸੰਗਰੂਰ ਸਰਕਲ ਦੀਆਂ ਤਿੰਨ-ਤਿੰਨ ਡਿਵੀਜ਼ਨਾਂ ਵਿਚ ਵੱਡੇ ਪੱਧਰ ’ਤੇ ਬਿਜਲੀ ਚੋਰੀ ਹੋ ਰਹੀ ਹੈ।