33.3 C
Patiāla
Thursday, June 19, 2025

ਕੰਗਨਾ ਰਣੌਤ ਦੀ ਇਕ ਹੋਰ ਵਿਵਾਦਮਈ ਟਿੱਪਣੀ, ਕਿਹਾ: ਦੇਸ਼ ਦੇ ਪਿਤਾ ਨਹੀਂ, ਲਾਲ ਹੁੰਦੇ ਹਨ

Must read


ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 2 ਅਕਤੂਬਰ

Kangana Ranaut: ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਇਕ ਵਾਰੀ ਫਿਰ ਆਪਣੇ ਬਿਆਨ ਤੇ ਮੀਡੀਆ ਪੋਸਟ ਕਾਰਨ ਸੁਰਖੀਆਂ ਵਿਚ ਹੈ। ਉਨ੍ਹਾਂ 2 ਅਕਤੂਬਰ, ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੇ ਜਨਮ ਦਿਵਸ ਮੌਕੇ ਆਪਣੇ ਇੰਸਟਾਗ੍ਰਾਮ ਪੇਜ ਉਤੇ ਇਕ ਸਟੋਰੀ ਸ਼ੇਅਰ ਕਰ ਕੇ ਸ਼ਾਸਤਰੀ ਜੀ ਨੂੰ ਸ਼ਰਧਾਂਜਲੀ ਦਿੰਦਿਆਂ ਅਜਿਹੀ ਟਿੱਪਣੀ ਕੀਤੀ, ਜਿਸ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ।

ਕੰਗਨਾ ਨੇ ਆਪਣੀ ਪੋਸਟ ਵਿਚ ਲਿਖਿਆ ਹੈ, ‘‘ਦੇਸ਼ ਦੇ ਪਿਤਾ ਨਹੀਂ, ਦੇਸ਼ ਦੇ ਤਾਂ ਲਾਲ (ਪੁੱਤ) ਹੁੰਦੇ ਹਨ। ਧੰਨ ਹਨ, ਭਾਰਤ ਮਾਂ ਦੇ ਇਹ ਲਾਲ।’’ ਇਸ ਦੇ ਹੇਠਾਂ ਸ਼ਾਸਤਰੀ ਜੀ ਦੀ ਤਸਵੀਰ ਲਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਉਨ੍ਹਾਂ ਦੀ ਇਸ ਟਿੱਪਣੀ ਨੂੰ ਸ਼ਾਸਤਰੀ ਜੀ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਹੀ ਮਹਾਤਮਾ ਗਾਂਧੀ ਨੂੰ ‘ਰਾਸ਼ਟਰ ਪਿਤਾ’ ਵਜੋਂ ਸਿਤਕਾਰੇ ਜਾਣ ਉਤੇ ਸਵਾਲ ਖੜ੍ਹੇ ਕਰਨ ਵਜੋਂ ਦੇਖਿਆ ਜਾ ਰਿਹਾ ਹੈ। ਇਸ ਕਾਰਨ ਇਹ ਪੋਸਟ ਚਰਚਾ ਵਿਚ ਆ ਗਈ ਹੈ।

ਗ਼ੌਰਤਲਬ ਹੈ ਕਿ ਮਹਾਤਮਾ ਗਾਂਧੀ ਨੂੰ ‘ਰਾਸ਼ਟਰ ਪਿਤਾ’ ਦਾ ਖ਼ਿਤਾਬ ਸਭ ਤੋਂ ਪਹਿਲਾਂ ਸੁਭਾਸ਼ ਚੰਦਰ ਬੋਸ ਨੇ ਦਿੱਤਾ ਸੀ ਅਤੇ ਨੇਤਾ ਜੀ ਬੋਸ ਨੇ ਭਾਰਤ ਦੇ ਆਜ਼ਾਦੀ ਅੰਦੋਲਨ ਵਿਚ ਮਹਾਤਮਾ ਗਾਂਧੀ ਦੇ ਯੋਗਦਾਨ ਨੂੰ ਸਲਾਹਿਆ ਸੀ।

ਕੰਗਨਾ ਦੀ ਇਸ ਪੋਸਟ ਉਤੇ ਸੋਸ਼ਲ ਮੀਡੀਆ ਵਿਚ ਤਿੱਖੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ ਅਤੇ ਇਸ ਤਰ੍ਹਾਂ ਭਾਜਪਾ ਦੀ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਇਹ ਸੰਸਦ ਮੈਂਬਰ ਇਕ ਵਾਰੀ ਮੁੜ ਵਿਵਾਦਾਂ ਵਿਚ ਹੈ। ਕੰਗਨਾ ਇਸ ਤੋਂ ਪਹਿਲਾਂ ਵੀ ਆਪਣੇ ਬਿਆਨਾਂ ਅਤੇ ਟਿੱਪਣੀਆਂ ਕਾਰਨ ਵਿਵਾਦਾਂ ਵਿਚ ਰਹਿ ਚੁੱਕੀ ਹੈ।

ਹਾਲਾਂਕਿ ਇਸ ਤੋਂ ਬਾਅਦ ਪੋਸਟ ਕੀਤੀ ਇਕ ਹੋਰ ਸਟੋਰੀ ਰਾਹੀਂ ਉਨ੍ਹਾਂ ਮਹਾਤਮਾ ਗਾਂਧੀ ਦੀ ਜੈਅੰਤੀ ਮੌਕੇ ਗਾਂਧੀ ਜੀ ਦੇ ਸਵੱਛਤਾ ਸਬੰਧੀ ਦ੍ਰਿਸ਼ਟੀਕੋਣ ਨੂੰ ਅੱਗੇ ਤੋਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਸਵੱਛਤਾ ਦੀ ਲੋੜ ਉਤੇ ਜ਼ੋਰ ਦਿੱਤਾ ਹੈ।



News Source link

- Advertisement -

More articles

- Advertisement -

Latest article