ਤਲ ਅਵੀਵ, 2 ਅਕਤੂਬਰ
ਇਜ਼ਰਾਈਲ ਨੇ ਬੁੱਧਵਾਰ ਨੂੰ ਇਕ ਹੋਰ ਭੜਕਾਊ ਕਾਰਵਾਈ ਕਰਦਿਆਂ ਸੰਯੁਕਤ ਰਾਸ਼ਟਰ (ਯੂਐੱਨ) ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੂੰ ਨਾਪਸੰਦੀਦਾ ਤੇ ਨਾਮਨਜ਼ੂਰ ਵਿਅਕਤੀ (persona non grata) ਕਰਾਰ ਦੇ ਕੇ ਉਨ੍ਹਾਂ ਦੇ ਮੁਲਕ ਵਿਚ ਦਾਖ਼ਲੇ ਉਤੇ ਪਾਬੰਦੀ ਲਾ ਦਿੱਤੀ ਹੈ। ਇਜ਼ਰਾਈਲ ਨੇ ਇਹ ਕਦਮ ਇਰਾਨ ਦੇ ਇਜ਼ਰਾਈਲ ਉਤੇ ਮਿਜ਼ਾਈਲ ਹਮਲੇ ਦੀ ਗੁਟੇਰੇਜ਼ ਵੱਲੋਂ ‘ਸਪਸ਼ਟਤਾ ਨਾਲ’ ਨਿਖੇਧੀ ਨਾ ਕੀਤੇ ਜਾਣ ਦਾ ਦਾਅਵਾ ਕਰਦਿਆਂ ਉਠਾਇਆ ਹੈ।
ਇਜ਼ਰਾਈਲ ਦੇ ਵਿਦੇਸ਼ ਮੰਤਰੀ ਇਜ਼ਰਾਈਲ ਕਾਟਜ਼ ਨੇ ਬੁੱਧਵਾਰ ਸ਼ਾਮ ਇਹ ਐਲਾਨ ਕਰਦਿਆਂ ਕਿਹਾ, ‘‘ਅੱਜ, ਮੈਂ ਯੂਐੱਨ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੂੰ ਇਜ਼ਰਾਈਲ ਵਿਚ ਨਾਪਸੰਦੀਦਾ ਵਿਅਕਤੀ ਕਰਾਰ ਦੇ ਦਿੱਤਾ ਹੈ ਅਤੇ ਉਨ੍ਹਾਂ ਦੇ ਮੁਲਕ ਵਿਚ ਦਾਖ਼ਲੇ ਉਤੇ ਪਾਬੰਦੀ ਲਾ ਦਿੱਤੀ ਹੈ। ਕੋਈ ਵੀ ਵਿਅਕਤੀ ਜੋ ਇਰਾਨ ਵੱਲੋਂ ਇਜ਼ਰਾਈਲ ਉਤੇ ਕੀਤੇ ਗਏ ਹਮਲੇ ਦੀ ਸਾਫ਼ ਢੰਗ ਨਾਲ ਨਿਖੇਧੀ ਨਹੀਂ ਕਰ ਸਕਦਾ, ਜਿਹਾ ਕਿ ਸੰਸਾਰ ਦੇ ਕਰੀਬ ਹਰੇਕ ਮੁਲਕ ਨੇ ਕੀਤਾ ਹੈ, ਉਹ ਇਜ਼ਰਾਈਲੀ ਸਰਜ਼ਮੀਨ ਉਤੇ ਪੈਰ ਧਰਨ ਦਾ ਹੱਕਦਾਰ ਨਹੀਂ ਹੈ।’’
ਗ਼ੌਰਤਲਬ ਹੈ ਕਿ ਹਮਾਸ ਵੱਲੋਂ 7 ਅਕਤੂਬਰ, 2023 ਨੂੰ ਇਜ਼ਰਾਈਲ ਉਤੇ ਕੀਤੇ ਗਏ ਦਹਿਸ਼ਤੀ ਹਮਲੇ ਨੂੰ ਇਕ ਸਾਲ ਪੂਰਾ ਹੋਣ ਵਾਲਾ ਹੈ। ਕਾਟਜ਼ ਨੇ ਆਪਣੀ ‘ਐਕਸ’ ਪੋਸਟ ਵਿਚ ਦਹਿਸ਼ਤੀ ਜਥੇਬੰਦੀਆਂ ਖਿਲਾਫ਼ ਕਾਰਵਾਈ ਕਰਨ ਵਿਚ ਨਾਕਾਮ ਰਹਿਣ ਲਈ ਗੁਟੇਰੇਜ਼ ਦੀ ਜ਼ੋਰਦਾਰ ਨੁਕਤਾਚੀਨੀ ਕੀਤੀ ਹੈ।
ਉਨ੍ਹਾਂ ਕਿਹਾ, ‘‘ਇਹ ਉਹੋ ਸਕੱਤਰ ਜਨਰਲ ਹੈ ਜਿਸ ਨੇ ਹਮਾਸ ਦੇ ਕਾਤਲਾਂ ਵੱਲੋਂ 7 ਅਕਤੂਬਰ ਨੂੰ ਕੀਤੇ ਗਏ ਕਤਲੇਆਮ ਤੇ ਬਲਾਤਕਾਰਾਂ ਦੀ ਨਿਖੇਧੀ ਤੱਕ ਨਹੀਂ ਕੀਤੀ, ਨਾ ਹੀ ਉਨ੍ਹਾਂ ਨੇ ਹਮਾਸ ਨੂੰ ਦਹਿਸ਼ਤੀ ਜਥੇਬੰਦੀ ਗਰਦਾਨਣ ਦੀ ਕੋਈ ਪਹਿਲ ਕੀਤੀ ਹੈ। ਅਜਿਹਾ ਸਕੱਤਰ ਜਨਰਲ ਜਿਹੜਾ ਹਮਾਸ, ਹਿਜ਼ਬੁੱਲਾ ਤੇ ਹੂਥੀ ਦਹਿਸ਼ਤਗਰਦਾਂ, ਬਲਾਤਕਾਰੀਆਂ ਅਤੇ ਹੁਣ ਇਰਾਨ ਨੂੰ ਪਿੱਠ ਦਿਖਾਉਂਦਾ ਹੈ – (ਇਰਾਨ) ਜੋ ਆਲਮੀ ਦਹਿਸ਼ਤਗਰਦੀ ਦੀ ਮਾਂ ਹੈ – ਉਸ ਨੂੰ ਯੂਐੱਨ ਦੇ ਇਤਿਹਾਸ ਵਿਚ ਇਕ ਧੱਬੇ ਵਜੋਂ ਚੇਤੇ ਕੀਤਾ ਜਾਵੇਗਾ।’’ -ਆਈਏਐੱਨਐੱਸ
News Source link
#ਇਜਰਈਲ #ਨ #ਯਐਨ #ਮਖ #ਗਟਰਜ #ਦ #ਮਲਕ #ਵਚ #ਦਖਲ #ਤ #ਪਬਦ #ਲਈ