ਸਤਵਿੰਦਰ ਬਸਰਾ
ਲੁਧਿਆਣਾ, 30 ਸਤੰਬਰ
ਦਸਹਿਰੇ ਦਾ ਤਿਉਹਾਰ ਆਉਂਦੀ 12 ਅਕਤੂਬਰ ਨੂੰ ਪੂਰੇ ਦੇਸ਼ ਵਿੱਚ ਹੀ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ, ਜਿਸ ਦੀਆਂ ਤਿਆਰੀਆਂ ਦਾ ਰੰਗ ਲੁਧਿਆਣਾ ਸ਼ਹਿਰ ਵਿੱਚ ਵੇਖਣ ਨੂੰ ਮਿਲਣ ਲੱਗਿਆ ਹੈ। ਲੁਧਿਆਣਾ ਵਿੱਚ ਵੀ ਇਹ ਤਿਉਹਾਰ ਸ਼ਹਿਰ ਦੀਆਂ ਕਰੀਬ ਡੇਢ ਦਰਜਨ ਥਾਵਾਂ ’ਤੇ ਮਨਾਇਆ ਜਾਂਦਾ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਮਸ਼ਹੂਰ ਦਰੇਸੀ ਮੈਦਾਨ ਵਿੱਚ ਹੁਣੇ ਤੋਂ ਭੀੜ ਜੁੜਨੀ ਸ਼ੁਰੂ ਹੋ ਗਈ ਹੈ। ਬਿਜਲਈ ਰੌਸ਼ਨੀਆਂ ਨਾਲ ਰੰਗੇ ਵੱਡੇ ਵੱਡੇ ਪੰਘੂੜੇ ਸ਼ਹਿਰ ਵਾਸੀਆਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ।
ਬੁਰਾਈ ’ਤੇ ਇਛਾਈ ਦਾ ਪ੍ਰਤੀਕ ਦਸਹਿਰਾ ਦੀਆਂ ਤਿਆਰੀਆਂ ਲਈ ਸਾਰੇ ਸ਼ਹਿਰ ਵਿੱਚ ਹੀ ਸਰਗਰਮੀਆਂ ਵਧੀਆਂ ਹੋਈਆਂ ਹਨ। ਇਸ ਵਾਰ ਵੀ ਦਰੇਸੀ ਮੈਦਾਨ ਵਿੱਚ ਲੁਧਿਆਣਾ ਦਾ ਸਭ ਤੋਂ ਵੱਡਾ 120 ਫੁੱਟ ਉੱਚਾ ਰਾਵਣ ਦਾ ਪੁਤਲਾ ਤਿਆਰ ਕੀਤਾ ਜਾ ਰਿਹਾ ਹੈ। ਇਸ ਪੁਤਲੇ ਨੂੰ ਤਿਆਰ ਕਰਨ ਲਈ ਪਿਛਲੇ ਕਰੀਬ 20-25 ਦਿਨਾਂ ਤੋਂ ਆਗਰਾ ਦੇ ਕਾਰੀਗੀਰ ਦਿਨ-ਰਾਤ ਕੰਮ ਕਰ ਰਹੇ ਹਨ। ਮੇਲਾ ਗਰਾਊਂਡ ਵਿੱਚ ਅਸਮਾਨ ਛੂੰਹਦੇ ਪੰਘੂੜੇ ਅਤੇ ਉਨ੍ਹਾਂ ’ਤੇ ਲੱਗੇ ਰੰਗ-ਬਿਰੰਗੇ ਬਿਜਲੀ ਵਾਲੇ ਬੱਲਬ ਦੂਰੋਂ ਹੀ ਮੇਲੀਆਂ ਨੂੰ ਖਿੱਚ ਪਾ ਰਹੇ ਹਨ। ਵੱਡੇ ਪੰਘੂੜਿਆਂ ਤੋਂ ਇਲਾਵਾ ਇਸ ਵਾਰ ਛੋਟੇ ਬੱਚਿਆਂ ਲਈ ਕਈ ਰੌਚਕ ਖੇਡਾਂ, ਸਰਕਸ, ਖੂਹ ਵਿੱਚ ਮੋਟਰ-ਸਾਈਕਲ ਚਲਾਉਣਾ ਆਦਿ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਮੇਲਾ ਗਰਾਊਂਡ ਵਿੱਚ ਵੱਖ ਵੱਖ ਪਕਵਾਨਾਂ ਦੇ ਲੱਗੇ ਸਟਾਲ ਵੀ ਲੋਕਾਂ ਲਈ ਖਿੱਚ ਦਾ ਕਾਰਨ ਬਣੇ ਹਨ। ਲੋਕ ਸ਼ਾਮ ਤੋਂ ਹੀ ਮੇਲਾ ਗਰਾਊਂਡ ਵਿੱਚ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ ਅਤੇ ਦੇਰ ਰਾਤ ਤੱਕ ਮੇਲੇ ਦੀਆਂ ਰੌਣਕਾਂ ਵਿੱਚ ਵਾਧਾ ਕਰੀ ਰੱਖਦੇ ਹਨ। ਮੇਲੇ ਵਿੱਚ ਆਉਣ ਵਾਲਿਆਂ ਦੀ ਸੁਰੱਖਿਆ ਲਈ ਪੁਲੀਸ ਪ੍ਰਸ਼ਾਸਨ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ।