ਨਵੀਂ ਦਿੱਲੀ, 30 ਸਤੰਬਰ
ਸੁਪਰੀਮ ਕੋਰਟ ਨੇ ਸੋਮਵਾਰ ਨੂੰ ਇਹ ਆਖਦਿਆਂ ਕਿ ਘੱਟੋ-ਘੱਟ ਭਗਵਾਨ ਨੂੰ ਤਾਂ ਸਿਆਸਤ ਤੋਂ ਲਾਂਭੇ ਰਹਿਣ ਦਿੱਤਾ ਜਾਣਾ ਚਾਹੀਦਾ ਹੈ, ਸਵਾਲ ਕੀਤਾ ਕਿ ਇਸ ਗੱਲ ਦੇ ਕੀ ਸਬੂਤ ਹਨ ਕਿ ਤਿਰੂਪਤੀ ਲੱਡੂ ਬਣਾਉਣ ਲਈ ਮਿਲਾਵਟੀ ਘੀ ਦਾ ਇਸਤੇਮਾਲ ਕੀਤਾ ਗਿਆ ਹੈ।
ਸੁਪਰੀਮ ਕੋਰਟ ਦੇ ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਨਾਲ ਹੀ ਇਹ ਸਵਾਲ ਵੀ ਕੀਤਾ ਕਿ ਜਦੋਂ ਇਸ ਮਾਮਲੇ ਵਿਚ ਪਹਿਲਾਂ ਹੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਸਨ ਤਾਂ ਇਸ ਸਬੰਧੀ ਜਨਤਕ ਬਿਆਨ ਦੇਣ ਦੀ ਕੀ ਲੋੜ ਸੀ। ਬੈਂਚ ਨੇ ਕਿਹਾ, ‘‘ਅਸੀਂ ਉਮੀਦ ਕਰਦੇ ਹਾਂ ਕਿ ਘੱਟੋ-ਘੱਟ ਭਗਵਾਨ ਨੂੰ ਤਾਂ ਸਿਆਸਤ ਤੋਂ ਦੂਰ ਰੱਖਿਆ ਜਾਵੇਗਾ।’’
ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਬੈਂਚ ਨੂੰ ਕਿਹਾ ਕਿ ਇਹ ਸ਼ਰਧਾ ਤੇ ਆਸਥਾ ਦਾ ਮਾਮਲਾ ਹੈ ਅਤੇ ਜੇ ਲੱਡੂ ਬਣਾਉਣ ਲਈ ਮਿਲਾਵਟੀ ਘਿਓ ਦੀ ਵਰਤੋਂ ਕੀਤੀ ਗਈ ਹੈ ਤਾਂ ਇਹ ਬਰਦਾਸ਼ਤਯੋਗ ਨਹੀਂ ਹੈ।
ਅਦਾਲਤ ਵਿਚ ਮਾਮਲੇ ਉਤੇ ਸੁਣਵਾਈ ਹਾਲੇ ਜਾਰੀ ਹੈ। ਬੈਂਚ ਇਸ ਸਬੰਧੀ ਵੱਖੋ-ਵੱਖ ਪਟੀਸ਼ਨਾਂ ਉਤੇ ਗ਼ੌਰ ਕਰ ਰਿਹਾ ਹੈ, ਜਿਨ੍ਹਾਂ ਵਿੱਚ ਤਿਰੂਪਤੀ ਲੱਡੂ ਬਣਾਉਣ ਲਈ ਕਥਿਤ ਤੌਰ ’ਤੇ ਪਸ਼ੂਆਂ ਦੀ ਚਰਬੀ ਦਾ ਇਸਤੇਮਾਲ ਕੀਤੇ ਜਾਣ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ ਹੈ।
ਗ਼ੌਰਤਲਬ ਹੈ ਕਿ ਇਸੇ ਮਹੀਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਇਹ ਬਿਆਨ ਦੇ ਕੇ ਭਾਰੀ ਸਿਆਸੀ ਤੂਫ਼ਾਨ ਖੜ੍ਹਾ ਕਰ ਦਿੱਤਾ ਸੀ ਕਿ ਸੂਬੇ ਦੀ ਉਨ੍ਹਾਂ ਤੋਂ ਪਹਿਲੀ ਵਾਈਐਸ ਜਗਨ ਮੋਹਨ ਰੈਡੀ ਸਰਕਾਰ ਵੱਲੋਂ ਲੱਡੂ ਬਣਾਉਣ ਲਈ ਪਸ਼ੂਆਂ ਦੀ ਚਰਬੀ ਵਾਲੇ ਘੀ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ। ਦੂਜੇ ਪਾਸੇ ਵਾਈਐਸਆਰ ਕਾਂਗਰਸ ਨੇ ਮੁੱਖ ਮੰਤਰੀ ਉਤੇ ਸਿਆਸੀ ਲਾਹੇ ਲਈ ‘ਘਿਨਾਉਣੇ ਇਲਜ਼ਾਮ’ ਲਾਉਣ ਦਾ ਦੋਸ਼ ਲਾਇਆ ਹੈ। -ਪੀਟੀਆਈ