ਪ੍ਰਭੂ ਦਿਆਲ
ਸਿਰਸਾ, 29 ਸਤੰਬਰ
ਜਨਨਾਇਕ ਜਨਤਾ ਪਾਰਟੀ ਅਤੇ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ‘ਜਨ ਸੇਵਾ ਪੱਤਰ’ ਦੇ ਨਾਮ ਤੋਂ ਅੱਜ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਏਐੱਸਪੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨੇ ਸਿਰਸਾ ਵਿੱਚ ਜਨਤਾ ਦੇ ਸਾਹਮਣੇ ਗੱਠਜੋੜ ਦਾ ਮੈਨੀਫੈਸਟੋ ਪੇਸ਼ ਕੀਤਾ। ਦੁਸ਼ਯੰਤ ਚੌਟਾਲਾ ਨੇ ਚੋਣ ਮਨੋਰਥ ਪੱਤਰ ਰਾਹੀਂ ਨਾ ਸਿਰਫ਼ ਜਨਤਾ ਨਾਲ ਵਾਅਦੇ ਕੀਤੇ ਸਗੋਂ ਪਿਛਲੀ ਗੱਠਜੋੜ ਸਰਕਾਰ ਦੌਰਾਨ ਜੇਜੇਪੀ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦਾ ਲੇਖਾ-ਜੋਖਾ ਵੀ ਪੇਸ਼ ਕੀਤਾ ਹੈ। ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਦੁਸ਼ਯੰਤ ਚੌਟਾਲਾ ਅਤੇ ਚੰਦਰਸ਼ੇਖਰ ਆਜ਼ਾਦ ਨੇ ਕਿਹਾ ਕਿ ਜੇਜੇਪੀ-ਏਐੱਸਪੀ ਨੇ ਗਰੀਬਾਂ, ਕਿਸਾਨਾਂ, ਔਰਤਾਂ ਆਦਿ ਸਮੇਤ ਸਮਾਜ ਦੇ ਹਰੇਕ ਵਰਗ ਲਈ 112 ਅਜਿਹੇ ਮਜ਼ਬੂਤ ਵਾਅਦੇ ਕੀਤੇ ਹਨ ਜੋ ਕਿ ਹਰਿਆਣਾ ਦੀ ਤਰੱਕੀ, ਖੁਸ਼ਹਾਲੀ ਅਤੇ ਤਰੱਕੀ ਦਾ ਰਾਹ ਖੋਲ੍ਹਣਗੇ।