ਸ਼ਿਮਲਾ/ਰਾਮਪੁਰ, 12 ਸਤੰਬਰ
ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ’ਚ ਲਾਲ ਢਾਕ ਨੇੜੇ ਬਰਫਬਾਰੀ ਤੇ ਢਿੱਗਾਂ ਡਿੱਗਣ ਕਾਰਨ ਬੀਐੱਸਐੱਨਐੱਲ ਦੇ ਟਾਵਰਾਂ ਨੂੰ ਸਿੱਧਾ ਕਰਨ ਅਤੇ ਫੌਜ ਦੀ ਚੌਕੀ ਦੀ ਉਸਾਰੀ ’ਚ ਰੁੱਝੇ ਹੋਏ ਦੋ ਦਰਜਨ ਤੋਂ ਵੱਧ ਮਜ਼ਦੂਰ ਫਸ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਬੀਐੱਸਐੱਨਐੱਲ ਦੇ ਟਾਵਰਾਂ ਨੂੰ ਸਿੱਧਾ ਕਰਨ ਦਾ ਕੰਮ ਨਾਗਦੁਮ ਤੇ ਧਰਨੀਤਾਲ ਵਿੱਚ ਚੱਲ ਰਿਹਾ ਸੀ ਅਤੇ ਫੌਜ ਦੀ ਚੌਕੀ ਦੀ ਉਸਾਰੀ ਨਾਗਦੁਮ ’ਚ ਕੀਤੀ ਜਾ ਰਹੀ ਸੀ। ਠੇਕੇਦਾਰ ਦੇ ਅਕਾਊਂਟੈਂਟ ਗੋਬਿੰਦ ਰਾਮ ਨੇ ਦੱਸਿਆ ਕਿ ਬਰਫਬਾਰੀ ਸ਼ੁਰੂ ਹੋਣ ਤੇ ਠੰਢ ਵਧਣ ਕਾਰਨ ਮਜ਼ਦੂਰ ਵਾਪਸ ਪਰਤ ਰਹੇ ਸਨ ਪਰ ਚਿਟਕੁਲ ਤੋਂ 25 ਕਿਲੋਮੀਟਰ ਦੂਰ ਦੁਮਟੀ ਨੇੜੇ ਵੱਡੇ ਪੱਥਰ ਡਿੱਗਣ ਕਾਰਨ ਉਨ੍ਹਾਂ ਦੀ ਵਾਪਸੀ ਵਾਲਾ ਰਸਤਾ ਬੰਦ ਹੋ ਗਿਆ। ਇਸੇ ਦੌਰਾਨ ਇੱਥੇ ਮੌਸਮ ਵਿਭਾਗ ਦੇ ਦਫ਼ਤਰ ਨੇ ਸ਼ਿਮਲਾ, ਕਿੰਨੌਰ ਅਤੇ ਸਿਰਮੌਰ ਜ਼ਿਲ੍ਹਿਆਂ ’ਚ ਸ਼ੁੱਕਰਵਾਰ ਤੱਕ ਹੜ੍ਹ ਦੀ ਚਿਤਾਵਨੀ ਦਿੱਤੀ ਹੈ। -ਪੀਟੀਆਈ