ਨਵੀਂ ਦਿੱਲੀ, 12 ਸਤੰਬਰ
ਉੱਤਰ-ਪੂਰਬੀ ਦਿੱਲੀ ਵਿੱਚ 2020 ਦੇ ਦੰਗਿਆਂ ਦੇ ਪਿੱਛੇ ਇੱਕ ਕਥਿਤ ਵੱਡੀ ਸਾਜ਼ਿਸ਼ ਦੇ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਨੇ ਹੇਠਲੀ ਅਦਾਲਤ ਨੂੰ 23 ਸਤੰਬਰ ਤੱਕ ਦੋਸ਼ ਤੈਅ ਕਰਨ ਦਾ ਅੰਤਿਮ ਆਦੇਸ਼ ਪਾਸ ਨਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਹਾਈਕੋਰਟ ਨੇ ਦੰਗਿਆਂ ਦੀ ਦੋਸ਼ੀ ਦੇਵਾਂਗਨਾ ਕਲਿਤਾ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਇਹ ਹੁਕਮ ਦਿੱਤਾ ਹੈ, ਜਿਸ ਵਿਚ ਪੁਲੀਸ ਨੂੰ ਕਲਿਤ ਨਾਲ ਜੁੜੇ ਦੋ ਮਾਮਲਿਆਂ ਵਿਚ ਕੁੱਝ ਵੀਡੀਓ ਅਤੇ ਵ੍ਹਾਟਸਐਪ ਚੈਟ ਉਪਲਬਧ ਕਰਵਾਉਣ ਬਾਰੇ ਹੁਕਮ ਕਰਨ ਦੀ ਬੇਨਤੀ ਕੀਤੀ ਸੀ। ਜਸਟਿਸ ਨੀਨਾ ਬਾਂਸਲ ਕਰਿਸ਼ਨਾ ਨੇ ਕਿਹਾ ਕਿ ਪੇਸ਼ ਕੀਤੇ ਗਏ ਦਸਤਾਵੇਜ਼ਾਂ ’ਤੇ ਵਿਚਾਰ ਕਰਦੇ ਹੋਏ ਮਾਮਲੇ ਨੂੰ ਬਹਿਸ ਲਈ 23 ਸਤੰਬਰ ਤੱਕ ਸੂਚੀਬੱਧ ਕੀਤਾ ਜਾਂਦਾ ਹੈ, ਉਦੋਂ ਤੱਕ ਹੇਠਲੀ ਅਦਾਲਤ ਦੋਸ਼ਾ ’ਤੇ ਬਹਿਸ ਜਾਰੀ ਰੱਖ ਸਕਦੀ ਹੈ ਪਰ ਕੋਈ ਅੰਤਿਮ ਹੁਕਮ ਨਹੀਂ ਦਿੱਤਾ ਜਾਵੇਗਾ। -ਪੀਟੀਆਈ