ਸ਼ਿਮਲਾ, 4 ਸਤੰਬਰ
ਹਿਮਾਚਲ ਪ੍ਰਦੇਸ਼ ਦੇ ਮਾਲ ਮੰਤਰੀ ਜਗਤ ਸਿੰਘ ਨੇਗੀ ਅੱਜ ਉਸ ਸਮੇਂ ਵਿਵਾਦਾਂ ’ਚ ਘਿਰ ਗਏ ਜਦੋਂ ਉਨ੍ਹਾਂ ਨੇ ਵਿਧਾਨ ਸਭਾ ’ਚ ਆਖਿਆ ਕਿ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਤ੍ਰਾਸਦੀ ਦੇ ਕੁਝ ਦਿਨਾਂ ਬਾਅਦ ਆਫ਼ਤ ਮਾਰੇ ਖੇਤਰਾਂ ਦਾ ਦੌਰਾ ਕਿਉਂਕਿ ਮੀਂਹ ਵਿੱਚ ਉਸ ਦਾ ਮੇਕਅਪ ਖਰਾਬ ਹੋ ਜਾਣਾ ਸੀ। ਮੰਡੀ ਹਲਕੇ ਤੋਂ ਲੋਕ ਸਭਾ ਮੈਂਬਰ ਕੰਗਨਾ ਰਣੌਤ ’ਤੇ ਵਰ੍ਹਦਿਆਂ ਨੇਗੀ ਨੇ ਆਖਿਆ ਉਹ ਮਗਰਮੱਛ ਵਾਲੇ ਹੰਝੂ ਵਹਾ ਰਹੀ ਹੈ ਜਦਕਿ ਹੋਰ ਕਾਨੂੰਨਸਾਜ਼ ਪੀੜਤ ਲੋਕਾਂ ਦੀ ਮਦਦ ਲਈ ਸਾਰੀ ਰਾਤ ਘਟਨਾ ਸਥਾਨ ’ਤੇ ਡਟੇ ਰਹੇ। ਉਨ੍ਹਾਂ ਕਿਹਾ, ‘‘ਮੀਂਹ ਵਿੱਚ ਉਨ੍ਹਾਂ ਐਵੇਂ ਨਹੀਂ ਸੀ ਆਉਣਾ, ਕਿਉਂਕਿ ਮੇਕਅਪ ਖਰਾਬ ਹੋ ਜਾਣਾ ਸੀ। ਪਤਾ ਹੀ ਨਹੀਂ ਲੱਗਣਾ ਸੀ ਕਿ ਉਹ ਕੰਗਨਾ ਹੈ ਜਾਂ ਕੋਈ ਹੋਰ ਹੈ।’’ ਨੇਗੀ ਨੇ ਇਹ ਟਿੱਪਣੀ ਕੰਗਨਾ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਦੇ ਦੌਰੇ ਦੀਆਂ ਤਸਵੀਰਾਂ ਸਾਂਝੀਆਂ ਕਰਨ ਮਗਰੋਂ ਕੀਤੀ ਹੈ। ਦੂਜੇ ਪਾਸੇ ਨੇ ਭਾਜਪਾ ਨੇਗੀ ਦੀ ਟਿੱਪਣੀ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਮਹਿਲਾ ਸ਼ਕਤੀ ਦਾ ਵਿਧਾਨ ਸਭਾ ’ਚ ਅਪਮਾਨ ਕੀਤਾ ਹੈ। ਹਾਲਾਂਕਿ ਨੇਗੀ ਨੇ ਬਾਅਦ ਵਿੱਚ ਸਫ਼ਾਈ ਦਿੰਦਿਆਂ ਕਿਹਾ, ‘‘ਮੈਂ ਸਿਰਫ ਟਿੱਪਣੀ ਕੀਤੀ ਹੈ, ਅਪਮਾਨ ਨਹੀਂ।’’ ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ, ਕੁੱਲੂ ਅਤੇ ਮੰਡੀ ਜ਼ਿਲ੍ਹਿਆਂ ’ਚ 31 ਜੁਲਾਈ ਅੱਧੀ ਰਾਤ ਨੂੰ ਬੱਦਲ ਫਟਣ ਨਾਲ ਹੜ੍ਹ ਆ ਗਏ ਸਨ। ਇਸ ਘਟਨਾ ’ਚ ਮਰਨ ਵਾਲਿਆਂ ਦੀ ਗਿਣਤੀ 32 ਹੋ ਚੁੱਕੀ ਅਤੇ ਕਈ ਹਾਲੇ ਲਾਪਤਾ ਹਨ। ਕੰਗਨਾ ਨੇ 7 ਅਗਸਤ ਨੂੰ ਇਨ੍ਹਾਂ ਇਲਾਕਿਆਂ ਦਾ ਦੌਰਾ ਕੀਤਾ ਸੀ। -ਪੀਟੀਆਈ