ਪੈਰਿਸ, 8 ਅਗਸਤ
ਭਾਰਤ ਦੀ ਸੋਨ ਤਗ਼ਮੇ ਦੀ ਸਭ ਤੋਂ ਵੱਡੀ ਉਮੀਦ ਮੌਜੂਦਾ ਚੈਂਪੀਅਨ ਨੀਰਜ ਚੋਪੜਾ ਨੇ ਵੀਰਵਾਰ ਨੂੰ ਪੈਰਿਸ ਓਲੰਪਿਕ ਦੇ ਜੈਵਲਿਨ ਥਰੋਅ ਮੁਕਾਬਲੇ ਵਿੱਚ 89.45 ਦੇ ਸੈਸ਼ਨ ਦੇ ਆਪਣੇ ਸਰਵੋਤਮ ਪ੍ਰਦਰਸ਼ਨ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ, ਜਦਕਿ ਪਾਕਿਸਤਾਨ ਦੇ ਅਰਸ਼ਦ ਨਦੀਮ ਨੂੰ ਸੋਨ ਤਗ਼ਮਾ ਮਿਲਿਆ। ਨੀਰਜ ਨੇ ਛੇ ਕੋਸ਼ਿਸ਼ਾਂ ਵਿਚੋਂ ਪੰਜ ਫਾਊਲ ਕੀਤੇ ਤੇ ਦੂਜੀ ਕੋਸ਼ਿਸ਼ ਵਿਚ 89.45 ਮੀਟਰ ਦੇ ਸਕੋਰ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਉਸ ਨੇ ਤਿੰਨ ਸਾਲ ਪਹਿਲਾਂ ਟੋਕੀਓ ਵਿੱਚ 87.58 ਮੀਟਰ ਨਾਲ ਸੋਨ ਤਗ਼ਮਾ ਜਿੱਤਿਆ ਸੀ। ਨੀਰਜ ਚੋਪੜਾ ਦੇਸ਼ ਦੀ ਆਜ਼ਾਦੀ ਮਗਰੋਂ ਅਥਲੈਟਿਕਸ ਵਿਚ ਦੋ ਓਲੰਪਿਕ ਤਗ਼ਮੇ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਭਾਰਤ ਦਾ ਪੈਰਿਸ ਓਲੰਪਿਕ ਵਿਚ ਚਾਂਦੀ ਦਾ ਇਹ ਪਹਿਲਾ ਤੇ ਕੁੱਲ ਮਿਲਾ ਕੇ ਪੰਜਵਾਂ ਤਗ਼ਮਾ ਹੈ। ਇਸ ਵਾਰ ਸੋਨ ਤਗ਼ਮਾ ਪਾਕਿਸਤਾਨ ਦੇ ਨਦੀਮ ਦੇ ਹਿੱਸੇ ਆਇਆ। ਉਸ ਨੇ 92.97 ਮੀਟਰ ਦੀ ਥਰੋਅ ਨਾਲ ਓਲੰਪਿਕ ਰਿਕਾਰਡ ਬਣਾਇਆ। ਇਸ ਤੋਂ ਪਹਿਲਾਂ ਨਾਰਵੇ ਦੇ ਐਂਡਰਿਆਸ ਥੋਰਕਿਲਡਸੇਨ ਦੇ ਨਾਮ 2008 ਦੀਆਂ ਪੇਈਚਿੰਗ ਖੇਡਾਂ ਵਿੱਚ 90.57 ਮੀਟਰ ਦਾ ਰਿਕਾਰਡ ਸੀ। ਨਦੀਮ ਦਾ ਛੇਵਾਂ ਤੇ ਆਖ਼ਰੀ ਥਰੋਅ 91.79 ਮੀਟਰ ਰਿਹਾ। ਪਾਕਿਸਤਾਨ ਦਾ 1992 ਬਾਰਸੀਲੋਨਾ ਓਲੰਪਿਕ ਮਗਰੋਂ ਇਹ ਪਹਿਲਾ ਓਲੰਪਿਕ ਤਗ਼ਮਾ ਹੈ। ਗ੍ਰੇਨਾਡਾ ਦੇ ਐਂਡਰਸਨ ਪੀਟਰਜ਼ ਨੇ 88.54 ਦੇ ਸਕੋਰ ਨਾਲ ਕਾਂਸੀ ਜਿੱਤੀ। -ਪੀਟੀਆਈ