ਪਟਿਆਲਾ: ਪਟਿਆਲਾ ਪੁਲੀਸ ਵੱਲੋਂ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤੇ ਸਰਬਜੀਤ ਉੱਖਲਾ ਨੂੰ ਅੱਜ ਪੁਲੀਸ ਨੇ ਮੈਜਿਸਟਰੇਟ ਕੋਲ ਪੇਸ਼ ਕਰਕੇ ਇਕ ਰੋਜ਼ਾ ਪੁਲੀਸ ਰਿਮਾਂਡ ਹਾਸਲ ਕਰ ਲਿਆ ਹੈ। ਥਾਣਾ ਕੋਤਵਾਲੀ ਦੇ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲੱਗੇ ਕਿ ਉਨ੍ਹਾਂ ਦੀ ਕੀ ਮਨਸ਼ਾ ਹੈ। ਜ਼ਿਕਰਯੋਗ ਹੈ ਕਿ ‘ਰਮਾਇਣ ਬੁੱਧੀ ਕੀ ਕਸੌਟੀ ਪਰ’ ਕਿਤਾਬ ਲਿਖ ਕੇ ਸਰਬਜੀਤ ਉੱਖਲਾ ਚਰਚਾ ਵਿਚ ਆਇਆ ਸੀ, ਇਸ ਤੋਂ ਪਹਿਲਾਂ ਵੀ ਸਰਬਜੀਤ ਉੱਖਲਾ ਦੀਆਂ ਅੱਧੀ ਦਰਜਨ ਦੇ ਕਰੀਬ ਚਰਚਿਤ ਪੁਸਤਕਾਂ ਮਾਰਕੀਟ ਵਿੱਚ ਹਨ। ਉਹ ਆਮ ਆਦਮੀ ਪਾਰਟੀ ਦੇ ਮੁੱਢਲੇ ਦਿਨਾਂ ਵਿਚ ਹਲਕਾ ਪਟਿਆਲਾ ਦਿਹਾਤੀ ਵਿਚ ਕਾਫ਼ੀ ਸਰਗਰਮ ਰਿਹਾ ਸੀ। ਇਸ ਤੋਂ ਪਹਿਲਾਂ ਉਹ ਪੁਲੀਸ ਮੁਲਾਜ਼ਮ ਵੀ ਰਿਹਾ ਹੈ ਤੇ ਕਈ ਅਖ਼ਬਾਰਾਂ ਦੇ ਟੀਵੀ ਚੈਨਲਾਂ ਵਿਚ ਪੱਤਰਕਾਰੀ ਵੀ ਕਰ ਚੁੱਕਾ ਹੈ। -ਪੱਤਰ ਪ੍ਰੇਰਕ