ਪਾਲ ਸਿੰਘ ਨੌਲੀ
ਜਲੰਧਰ, 13 ਮਈ
ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂ ਸਮੇਤ 10 ਨਾਮਜ਼ਦਗੀਆਂ ਦਾਖ਼ਲ ਹੋਈਆਂ। ਭਲਕੇ 14 ਮਈ ਨੂੰ ਨਾਮਜ਼ਦਗੀਆਂ ਦਾ ਆਖਰੀ ਦਿਨ ਹੈ। ਨਾਮਜ਼ਦਗੀ ਪੱਤਰ ਦਾਖਲ਼ ਕਰਨ ਤੋਂ ਪਹਿਲਾਂ ਉਹ ਸਵੇਰੇ ਸ਼ਹਿਰ ਦੇ ਜੀ.ਟੀ. ਬੀ. ਨਗਰ ਵਿਖੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਨਤਮਸਤਕ ਹੋਏ। ਪਵਨ ਕੁਮਾਰ ਟੀਨੂ ਨੇ ਬਾਅਦ ਵਿੱਚ ਡਾ. ਭੀਮ ਰਾਓ ਅੰਬੇਡਕਰ ਚੌਕ ਵਿਖੇ ਬਾਬਾ ਜੀ ਦੇ ਬੁੱਤ ਅੱਗੇ ਸੰਕਲਪ ਲਿਆ। ਇਸ ਮਗਰੋਂ ਪਵਨ ਕੁਮਾਰ ਟੀਨੂ ‘ਆਪ’ ਵਰਕਰਾਂ ਦੇ ਵੱਡੇ ਇੱਕਠ ਨਾਲ ਡਿਪਟੀ ਕਮਿਸ਼ਨਰ ਦਫਤਰ ਵਿਖੇ ਪੁੱਜੇ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਸਮੇਤ ਕਈ ਸੀਨੀਅਰ ਆਗੂ ਵੀ ਹਾਜ਼ਰ ਸਨ। ਇਸ ਦੌਰਾਨ ‘ਆਪ’ ਆਗੂਆਂ ਨੇ ਰੋਡ ਸ਼ੋਅ ਵੀ ਕੀਤਾ। ਇਸ ਦੌਰਾਨ ਸ਼ਿਵ ਸੈਨਾ ਵਲੋਂ ਪਰਮਜੀਤ ਕੌਰ ਤੇਜੀ, ਪੀਪਲਜ਼ ਪਾਰਟੀ ਆਫ਼ ਇੰਡੀਆ (ਡੈਮੋਕਰੇਟਿਕ) ਵੱਲੋਂ ਰਾਜ ਕੁਮਾਰ, ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਿਸਟ) ਵੱਲੋਂ ਪਰਸ਼ੋਤਮ ਲਾਲ, ਡੈਮੋਕਰੇਟਿਕ ਭਾਰਤੀ ਸਮਾਜ ਪਾਰਟੀ ਵੱਲੋਂ ਗੁਲਸ਼ਨ ਕੁਮਾਰ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਦਕਿ ਅਸ਼ੋਕ ਕੁਮਾਰ ਨੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖ਼ਲ ਕੀਤੇ। ਇਸ ਤੋਂ ਇਲਾਵਾ ਭਾਜਪਾ ਵਲੋਂ ਸੁਸ਼ੀਲ ਕੁਮਾਰ ਤੇ ਸੁਨੀਤਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਹਿੰਦਰ ਸਿੰਘ ਕੇਪੀ ਨੇ ਦੋਹਰੀ ਨਾਮਜ਼ਦਗੀ ਦਾਖ਼ਲ ਕੀਤੀ।
ਤਰਨ ਤਾਰਨ (ਗੁਰਬਖਸ਼ਪੁਰੀ): ਖਡੂਰ ਸਾਹਿਬ ਹਲਕੇ ਤੋਂ ਅੱਜ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਤੇ ਪੰਜਾਬ ਸਰਕਾਰ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੇ ਆਪੋ-ਆਪਣੇ ਨਾਮਜ਼ਦਗੀ ਦੇ ਪਰਚੇ ਦਾਖਲ ਕੀਤੇ|
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਅਨੀਤਾ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸ਼ਹਿਰ ਵਿਚ ਇਕ ਰੋਡ ਸ਼ੋਅ ਕੀਤਾ, ਜਿਸ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਸੋਮ ਪ੍ਰਕਾਸ਼ ਸ਼ਾਮਲ ਹੋਏ।
ਇਸ ਦੌਰਾਨ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਐਡਵੋਕੇਟ ਰਣਜੀਤ ਕੁਮਾਰ ਨੇ ਵੀ ਅੱਜ ਆਪਣੇ ਨਾਮਜ਼ਦੀ ਪੱਤਰ ਦਾਖਲ ਕੀਤੇ। ਉਨ੍ਹਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਭਗਵਾਨ ਸਿੰਘ ਚੌਹਾਨ ਸਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੋਹਣ ਸਿੰਘ ਠੰਡਲ ਨੇ ਵੀ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ।