ਮਨੋਜ ਸ਼ਰਮਾ
ਬਠਿੰਡਾ, 3 ਅਪਰੈਲ
ਪੰਜਾਬ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਬਠਿੰਡਾ ਵੱਲੋਂ ਪਿੰਡ ਦਿਊਣ ਦੇ ਮਜ਼ਦੂਰਾਂ ਨੂੰ ਪਲਾਟ ਦਿਵਾਉਣ ਲਈ ਵਧੀਕ ਏਡੀਸੀ ਦੇ ਦਫ਼ਤਰ ਅੱਗੇ ਧਰਨਾ ਲਾਇਆ ਗਿਆ। ਮਜ਼ਦੂਰਾਂ ਨੇ ਪਲਾਟ ਦੇਣ ਦੇ ਹੋਏ ਫੈਸਲੇ ਨੂੰ ਲਾਗੂ ਨਾ ਕਰਨ ਵਾਲੀ ਅਫਸਰਸ਼ਾਹੀ ਵਿਰੁੱਧ ਨਾਅਰੇਬਾਜ਼ੀ ਕੀਤੀ। ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਮਨਦੀਪ ਸਿੰਘ ਸਿਬੀਆਂ ਤੇ ਤੀਰਥ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਕਰੀਬ ਸਾਲ ਤੋਂ ਪਿੰਡ ਦਿਊਣ ਦੀ ਸਰਕਾਰੀ ਸਿੱਖਿਆ ਸਿਖਲਾਈ ਦੀ ਥਾਂ ਪੈਂਤੀ ਸਾਲ ਤੋਂ ਕਾਬਜ਼ ਮਜ਼ਦੂਰਾਂ ਨੂੰ ਬਦਲਵੀਂ ਥਾਂ ‘ਤੇ ਪਲਾਟ ਦਿਵਾਉਣ ਲਈ ਸੰਘਰਸ਼ ਚਲਦਾ ਆ ਰਿਹਾ ਹੈ। ਸੰਘਰਸ਼ ਦੌਰਾਨ ਤੱਤਕਾਲੀ ਡਿਪਟੀ ਕਮਿਸ਼ਨਰ ਦੀ ਹਾਜ਼ਰੀ ਵਿੱਚ ਬਦਲਵੀਂ ਥਾਂ ਦੇਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਦਾ ਸਬੰਧਤ ਪਟਵਾਰੀ ਨੇ ਪਲਾਟਾਂ ਦਾ ਨਕਸ਼ਾ ਵੀ ਤਿਆਰ ਕਰਕੇ ਡੀਸੀ ਨੂੰ ਦੇ ਦਿੱਤਾ ਸੀ। ਸਿਰਫ ਮਜ਼ਦੂਰਾਂ ਨੂੰ ਪਲਾਟਾਂ ਦਾ ਕਬਜ਼ਾ ਦੇਣਾ ਦਾ ਕੰਮ ਬਾਕੀ ਰਹਿ ਗਿਆ ਸੀ ਪਰ ਉਸੇ ਦਿਨ ਉਨ੍ਹਾਂ ਦਾ ਤਬਾਦਲਾ ਹੋ ਗਿਆ। ਇਸ ਕਾਰਨ ਮਜ਼ਦੂਰ ਨੂੰ ਪਲਾਟ ਦੇਣ ਦਾ ਕੰਮ ਅੱਧ ਵਿਚਾਲੇ ਲਟਕਿਆ ਹੋਇਆ।