ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਨਵੰਬਰ
ਜ਼ਿਲ੍ਹਾ ਪੁਲੀਸ ਪਟਿਆਲਾ ਵੱਲੋਂ ਐੱਸਐੱਸਪੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਅੱਜ ਇੱਥੇ ਥਾਪਰ ਯੂਨੀਵਰਸਿਟੀ ਵਿਖੇ ਨਸ਼ੇ ਖ਼ਿਲਾਫ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ ਦੌਰਾਨ ਸਮਾਜ ਸੇਵੀ ਸੰਸਥਾਵਾਂ ਦਾ ਵੀ ਸਹਿਯੋਗ ਰਿਹਾ। ਇਸ ਮੌਕੇ ‘ਤੇ ਨੈਸ਼ਨਲ ਐਵਾਰਡੀ ਪਰਮਿੰਦਰ ਸਿੰਘ ਭਲਵਾਨ ਸਮੇਤ ਹੋਰ ਸਮਾਜ ਸੇਵੀ ਆਗੂ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸਐੱਸਪੀ ਨੇ ਕਿਹਾ ਕਿ ਪੁਲੀਸ ਨੇ ਨਸ਼ਾ ਤਸਕਰਾਂ ਦਾ ਲੱਕ ਤੋੜਨ ਸਮੇਤ ਸਪਲਾਈ ਲਾਈਨ ਬੰਦ ਕੀਤੀ ਹੈ ਪਰ ਇਸ ਦੇ ਨਾਲ ਹੀ ਨਸ਼ੇ ਦਾ ਸੇਵਨ ਰੋਕਣ ਦੀ ਵੀ ਲੋੜ ਹੈ। ਸੈਮੀਨਾਰ ਦੌਰਾਨ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਨਸ਼ੇ ਵਿੱਚ ਪਏ ਆਪਣੇ ਸਾਥੀਆਂ ਨੂੰ ਪ੍ਰੇਰ ਕੇ ਮੁੱਖ ਧਾਰਾ ਵਿੱਚ ਲਿਆਉਣ। ਨਸ਼ਾ ਛੁਡਾਉਣ ਲਈ ਸਰਕਾਰ ਵੱਲੋਂ ਮੁਫ਼ਤ ਪ੍ਰਬੰਧ ਕੀਤੇ ਗਏ ਹਨ।