ਚੰਡੀਗੜ੍ਹ, 20 ਨਵੰਬਰ
ਬੀਐੱਸਐੱਫ ਨੇ ਅੱਜ ਤਰਨਤਾਰਨ ਜ਼ਿਲ੍ਹੇ ਵਿਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਖੇਤ ਵਿਚੋਂ ਡਰੋਨ ਬਰਾਮਦ ਕੀਤਾ ਹੈ। ਬੀਐੱਸਐੱਫ ਜਵਾਨਾਂ ਵੱਲੋਂ ਪਿਛਲੇ ਸੱਤ ਦਿਨਾਂ ਵਿੱਚ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚੋਂ ਜ਼ਬਤ ਕੀਤਾ ਗਿਆ ਇਹ ਅੱਠਵਾਂ ਡਰੋਨ ਹੈ, ਜਿਸ ਦੀ ਵਰਤੋਂ ਸਰਹੱਦ ਪਾਰੋਂ ਹੈਰੋਇਨ ਦੀ ਤਸਕਰੀ ਲਈ ਕੀਤੀ ਜਾ ਰਹੀ ਸੀ। ਵਿਸ਼ੇਸ਼ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਜਵਾਨਾਂ ਨੇ ਤਰਨਤਾਰਨ ਦੇ ਪਿੰਡ ਮਹਿਦੀਪੁਰ ਦੇ ਬਾਹਰਵਾਰ ਪੰਜਾਬ ਪੁਲੀਸ ਨਾਲ ਮਿਲ ਕੇ ਸਾਂਝੀ ਤਲਾਸ਼ੀ ਮੁਹਿੰਮ ਚਲਾਈ। ਕਾਰਵਾਈ ਦੌਰਾਨ ਖੇਤ ‘ਚੋਂ ਚੀਨ ਦਾ ਬਣਿਆ ਕਵਾਡਕਾਪਟਰ ਬਰਾਮਦ ਹੋਇਆ। ਪਿਛਲੇ ਹਫ਼ਤੇ ਦੌਰਾਨ ਅੱਠ ਪਾਕਿਸਤਾਨੀ ਡਰੋਨ ਅਤੇ ਪੰਜ ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।