16 C
Patiāla
Thursday, December 7, 2023

ਨਾਲੇ ਪੁੰਨ ਨਾਲੇ ਫਲੀਆਂ

Must read


ਸਮੱਸਿਆ ਦਾ ਹੱਲ

ਅਜੋਕੇ ਸਮੇਂ ਵਿਚ ਪਰਾਲੀ ਸਾੜਨ ਦੇ ਰੁਝਾਨ ਨੂੰ ਠੱਲ੍ਹ ਪਾਉਣ ਤੇ ਪ੍ਰਦੂਸ਼ਣ ਨੂੰ ਰੋਕਣ ਦੀ ਲੋੜ ਵੱਡੀ ਚੁਣੌਤੀ ਹੈ। ਪਰਾਲੀ ਦੇ ਪ੍ਰਬੰਧ ਲਈ ਖੇਤ ਵਿਚ ਅਤੇ ਖੇਤ ਤੋਂ ਬਾਹਰ ਕੱਢ ਕੇ ਆਰਥਿਕ, ਵਿਹਾਰਕ ਅਤੇ ਵਾਤਾਵਰਣ ਲਈ ਟਿਕਾਊ ਤਰੀਕੇ ਤੇ ਸਾਧਨ ਲੱਭੇ ਜਾ ਰਹੇ ਹਨ। ਪਰਾਲੀ ਪਸ਼ੂ-ਪਿਸ਼ਾਬ ਦੀ ਰੂੜੀ ਤਿਆਰ ਕਰਨਾ ਇਕ ਅਜਿਹਾ ਤਰੀਕਾ ਹੈ।

ਕਾਬਲ ਸਿੰਘ ਗਿੱਲ

ਪਰਾਲੀ ਸਾੜਨ ਦੇ ਕਾਰਨ ਤੇ ਨੁਕਸਾਨ: ਪਰਾਲੀ ਪਸ਼ੂਆਂ ਦੇ ਚਾਰੇ ਲਈ ਨਹੀਂ ਵਰਤੀ ਜਾਂਦੀ ਕਿਉਂਕਿ ਇਹ ਘੱਟ ਪਚਣਯੋਗ ਹੈ। ਕਣਕ ਦੀ ਸਮੇਂ ਸਿਰ ਬਿਜਾਈ ਲਈ ਖੇਤ ਚਾਰ-ਪੰਜ ਵਾਰ ਵਾਹ ਕੇ ਜ਼ਮੀਨ ਤਿਆਰ ਕਰਨ, ਪਰਾਲੀ ਰਲਾਉਣ ਦਾ ਖਰਚਾ ਬਚਾਉਣ ਅਤੇ ਜ਼ਮੀਨ ਵਿਚਲੇ ਕੀੜੇ-ਮਕੌੜੇ ਤੇ ਪਰਾਲੀ ਵਿਚ ਲੁਕ ਕੇ ਪਲਦੇ ਚੂਹਿਆਂ ਆਦਿ ਤੋਂ ਛੁਟਕਾਰਾ ਪਾਉਣ ਲਈ ਕਿਸਾਨ ਪਰਾਲੀ ਖੇਤਾਂ ਵਿਚ ਸਾੜ ਦਿੰਦੇ ਹਨ।

ਖੇਤੀਬਾੜੀ ਰਾਹੀਂ ਕੁੱਲ ਕਾਰਬਨ ਡਾਇਆਕਸਾਈਡ ਦੇ ਉਤਪਾਦਨ ਦਾ ਬਹੁਤਾ ਹਿੱਸਾ ਖੇਤਾਂ ਵਿਚ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਸਬੰਧਿਤ ਹੈ। ਇਸ ਨਾਲ ਹਵਾ ਪ੍ਰਦੂਸ਼ਿਤ ਹੁੰਦੀ ਹੈ ਅਤੇ ਜ਼ਹਿਰੀਲੀਆਂ ਗੈਸਾਂ, ਧੂੰਏਂ ਆਦਿ ਕਾਰਨ ਮਨੁੱਖਾਂ (ਖ਼ਾਸਕਰ ਫੇਫੜਿਆਂ ਅਤੇ ਦਿਲ ਦੀਆਂ ਬਿਮਾਰੀਆਂ ਵਧਦੀਆਂ ਹਨ), ਪਸ਼ੂਆਂ, ਜਾਨਵਰਾਂ ਅਤੇ ਵਾਤਾਵਰਣ ਦੀ ਸਿਹਤ ਖ਼ਰਾਬ ਹੁੰਦੀ ਹੈ ਅਤੇ ਸੜਕ ਹਾਦਸੇ ਵਧਦੇੇ ਹਨ। ਨਾਲ ਹੀ ਜ਼ਮੀਨ ਦੀ ਸਿਹਤ ਵਿਗੜਦੀ ਹੈ ਕਿਉਂਕਿ ਸਾਰੇ ਜੈਵਿਕ ਪਦਾਰਥ, ਨਾਈਟ੍ਰੋਜਨ ਅਤੇ ਕੁਝ ਹੋਰ ਪੌਸ਼ਟਿਕ ਤੱਤ ਹਵਾ ਵਿਚ ਉੱਡ ਜਾਂਦੇ ਹਨ, ਲਾਭਦਾਇਕ ਕੀੜੇ ਤੇ ਸੂਖ਼ਮ ਜੀਵਾਣੂ ਮਰ ਜਾਂਦੇ ਹਨ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵਿਚ ਖੋਜ ਤੋਂ ਪਤਾ ਲੱਗਿਆ ਕਿ ਪਰਾਲੀ ਜ਼ਮੀਨ ਵਿਚ ਰਲਾਉਣ ਨਾਲ ਇਸ ਦਾ 21 ਫ਼ੀਸਦੀ ਹਿੱਸਾ ਜ਼ਮੀਨ ਵਿਚ ਜੈਵਿਕ ਪਦਾਰਥ (ਮੱਲੜ) ਬਣਦਾ ਹੈ। ਇਸ ਨਾਲ ਜ਼ਮੀਨ ਦੀ ਸਿਹਤ ਸੁਧਰਦੀ, ਫ਼ਸਲ ਨੂੰ ਖੁਰਾਕ ਮਿਲਦੀ, ਰਸਾਇਣਕ ਖਾਦਾਂ ਦੀ ਲੋੜ ਘਟਦੀ ਅਤੇ ਫ਼ਸਲ ਦਾ ਝਾੜ ਵਧਦਾ ਹੈ।

ਮਿਲਖਾ ਸਿੰਘ ਔਲਖ

ਪਸ਼ੂ-ਪਿਸ਼ਾਬ ਦੇ ਗੁਣ ਤੇ ਵਿਅਰਥ ਜਾਣ ਦੇ ਨੁਕਸਾਨ: ਦੁਨੀਆ ਦੇ ਸਭ ਤੋਂ ਵੱਧ ਪਸ਼ੂ ਭਾਰਤ ਵਿਚ ਹਨ। ਪਸ਼ੂਆਂ ਦੁਆਰਾ ਖਾਧੀ ਖੁਰਾਕ ਦੇੇ ਪੌਸ਼ਟਿਕ ਤੱਤਾਂ ਦਾ ਬਹੁਤ ਹਿੱਸਾ (ਲਗਭਗ 90 ਫ਼ੀਸਦੀ ਨਾਈਟ੍ਰੋਜਨ ਤੇ ਕੁਝ ਫਾਸਫੋਰਸ, ਗੰਧਕ ਅਤੇ ਹੋਰ ਪੌਸ਼ਟਿਕ ਤੱਤ) ਪਿਸ਼ਾਬ ਰਾਹੀਂ ਬਾਹਰ ਨਿਕਲਦਾ ਹੈ ਜਿਸ ਵਿਚ 1 ਤੋਂ 2 ਫ਼ੀਸਦੀ ਨਾਈਟ੍ਰੋਜਨ (2.17-4.34 ਫ਼ੀਸਦੀ ਯੂਰੀਆ ਖਾਦ) ਹੁੰਦੀ ਹੈ। ਅੰਦਾਜ਼ੇ ਮੁਤਾਬਿਕ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਸੂਬਿਆਂ ਵਿਚ 685 ਲੱਖ ਪਸ਼ੂਆਂ ਦੇ ਪਿਸ਼ਾਬ ਵਿਚ 1090 ਲੱਖ ਕੁਇੰਟਲ ਯੂਰੀਆ ਖਾਦ ਹੈ ਜਿਸ ਦੀ ਕੀਮਤ 5837 ਕਰੋੜ ਰੁਪਏ ਬਣਦੀ ਹੈ।

ਬਹੁਤ ਦੇਸ਼ਾਂ ਵਿੱਚ ਦੁੱਧ ਅਤੇ ਮੀਟ ਵਾਲੇ ਪਸ਼ੂ-ਪਾਲਕ ਅਕਸਰ ਆਪਣੇ ਖੇਤਾਂ ਵਿਚੋਂ ਜਾਂ ਨੇੜਲੇ ਕਿਸਾਨਾਂ ਤੋਂ ਫ਼ਸਲਾਂ ਦੀ ਰਹਿੰਦ-ਖੂੰਹਦ ਖਰੀਦ ਕੇ ਡੰਗਰਾਂ ਹੇਠ ਵਿਛਾਉਣ ਲਈ ਵਰਤਦੇ ਹਨ। ਭਾਰਤੀ ਕਿਸਾਨ ਵੀ ਡੰਗਰਾਂ ਹੇਠ ਗੋਹੇ-ਪਿਸ਼ਾਬ ਕਾਰਨ ਹੋਇਆ ਚਿੱਕੜ ਘਟਾਉਣ ਲਈ ਸੁੱਕ ਪਾਉਂਦੇ ਹਨ। ਫੇਰ ਵੀ ਬਹੁਤਾ ਪਿਸ਼ਾਬ ਰੁੜ੍ਹ ਜਾਂ ਧਰਤੀ ਵਿਚ ਜੀਰ ਜਾਂਦਾ ਹੈ ਜਿਹੜਾ ਧਰਤੀ, ਪਾਣੀ ਤੇ ਹਵਾ ਪ੍ਰਦੂਸ਼ਣ ਕਰਦਾ ਹੈ। ਪਸ਼ੂਆਂ ਵਾਲੇ ਵਿਹੜਿਆਂ ਤੋਂ ਪਿਸ਼ਾਬ ਨਾਲੀਆਂ, ਛੱਪੜਾਂ, ਨਾਲਿਆਂ ਅਤੇ ਨਦੀਆਂ ਵਿਚ ਵਹਿਣ ਨਾਲ ਅਕਸਰ ਬਹੁਤ ਜ਼ਿਆਦਾ ਹਰੇ ਜਾਲੇ ਅਤੇ ਰੋਗਾਣੂਆਂ ਦੇ ਵਾਧੇ ਕਾਰਨ ਮੱਛੀਆਂ ਦੀ ਮੌਤ ਹੋ ਜਾਂਦੀ ਹੈ।

ਪੀਏਯੂ ਦੇ ਇਕ ਅਧਿਐਨ ਵਿਚ ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਨਲਕਿਆਂ ਦੇ ਪਾਣੀ (ਪਿੰਡਾਂ ਵਿਚੋਂ 367 ਅਤੇ ਡੇਅਰੀਆਂ ਹੇਠਾਂ 45 ਨਮੂਨੇ) ਵਿਚ ਨਾਈਟਰੇਟ ਦੀ ਮਾਤਰਾ ਨਾਲ ਲੱਗਦੇ ਖੇਤਰਾਂ ਦੇ ਟਿਊਬਵੈੱਲਾਂ ਦੇ 236 ਨਮੂਨਿਆਂ ਨਾਲੋਂ ਕਈ ਗੁਣਾ ਵੱਧ ਸੀ। ਲੁਧਿਆਣਾ ਵਿਖੇ ਡੇਅਰੀ ਸਮੂਹ ਦੇ ਆਸ-ਪਾਸ ਨਲਕਿਆਂ ਅਤੇ ਟਿਊਬਵੈੱਲਾਂ ਦੇ ਪਾਣੀਆਂ ਵਿੱਚ ਨਾਈਟਰੇਟ ਦੀ ਮਾਤਰਾ ਪੀਣ ਵਾਲੇ ਪਾਣੀ ਲਈ ਮਾਨਤਾ ਨਾਲੋਂ ਵੱਧ ਸੀ। ਪਾਣੀ ਵਿਚ ਜ਼ਿਆਦਾ ਨਾਈਟਰੇਟ ਮਨੁੱਖਾਂ ਤੇ ਜਾਨਵਰਾਂ ਲਈ ਹਾਨੀਕਾਰਕ ਹੈ।

ਪਰਾਲੀ ਦੀ ਪਸ਼ੂ-ਪਿਸ਼ਾਬ ਨਾਲ ਰੂੜੀ ਬਣਾਓ: ਆਪਣੇ ਪਸ਼ੂਆਂ ਦੀ ਗਿਣਤੀ ਅਨੁਸਾਰ ਸਾਰਾ ਸਾਲ ਵਰਤਣ ਲਈ ਪਰਾਲੀ ਇਕੱਠੀ ਕਰ ਲਓ। ਜਦੋਂ ਹੋ ਸਕੇ ਪਰਾਲੀ ਦੇ ਛੋਟੇ ਟੁਕੜੇ ਕਰ ਲਓ ਕਿਉਂਕਿ ਪਸ਼ੂਆਂ ਹੇਠ ਇਕਸਾਰ ਤਹਿ ਵਿਛਾਉਣ ਅਤੇ ਪਿਸ਼ਾਬ ਸੋਖਣ ਲਈ ਇਹ ਲੰਮੀ ਪਰਾਲੀ ਨਾਲੋਂ ਵੱਧ ਅਸਰਦਾਰ ਹੁੰਦੇ ਹਨ।

ਇਕ ਤਰੀਕਾ ਹੈ ਕਿ ਡੰਗਰਾਂ ਨੂੰ ਬੰਨ੍ਹਣ ਵਾਲੀ ਹਰ ਜਗ੍ਹਾ ’ਤੇ ਪਰਾਲੀ ਵਿਛਾ ਕੇ ਜਗਾ ਨੂੰ ਸਾਫ਼ ਰੱਖਦਿਆਂ ਸਾਰੇ ਪਿਸ਼ਾਬ ਨੂੰ ਜਜ਼ਬ ਕਰਨ ਲਈ ਨਾੜ ਦੀ ਮਾਤਰਾ ਤੇ ਸਮਾਂ ਨਿਰਧਾਰਤ ਕਰੋ। ਪਰਾਲੀ ਦੀ 2 ਤੋਂ 4 ਇੰਚ (ਪੋਟੇ) ਤਹਿ ਵਿਛਾ ਕੇ ਇਹ ਯਕੀਨੀ ਬਣਾਓ ਕਿ ਸਾਰਾ ਪਿਸ਼ਾਬ ਸੋਖ ਲਿਆ ਜਾਵੇ ਅਤੇ ਵਾਧੂ ਪਿਸ਼ਾਬ ਨਾ ਬਚੇੇ। ਪੀਏਯੂ ਵਿਚ ਸ਼ੁਰੂਆਤੀ ਖੋਜ ਦੱਸਦੀ ਹੈ ਕਿ ਪਤਲੀ ਤਹਿ ਵਿਛਾਉ ਅਤੇ ਅਗਲੇ ਦਿਨ ਚੁੱਕੋ ਜਾਂ ਫਿਰ ਮੋਟੀ ਤਹਿ ਵਿਛਾ ਕੇ ਕੁਝ ਦਿਨਾਂ ਦੀ ਵਿੱਥ ’ਤੇ ਬਦਲੋ।

ਦੂਸਰਾ ਤਰੀਕਾ ਹੈ ਕਿ ਮੱਧਮ ਢਲਾਣ ਵਾਲੇ ਪੱਕੇ ਪਸ਼ੂ-ਹਾਤੇ ਬਣਾ ਕੇ ਟੋਇਆਂ ਜਾਂ ਧਰਤੀ ਵਿਚ ਦੱਬੀਆਂ ਪਲਾਸਟਿਕ ਦੀਆਂ ਟੈਂਕੀਆਂ ਵਿੱਚ ਪਿਸ਼ਾਬ ਨੂੰ ਇਕੱਠਾ ਕਰੋ। ਇਕੱਠੇ ਕੀਤੇ ਪਿਸ਼ਾਬ ਨੂੰ ਪਰਾਲੀ ਵਿਚ ਇਸ ਤਰ੍ਹਾਂ ਰਲਾਓ ਕਿ ਪਰਾਲੀ ਸਾਰਾ ਪਿਸ਼ਾਬ ਸੋਖ ਲਵੇੇੇ।

ਪਿਸ਼ਾਬ ਨਾਲ ਭਿੱਜੀ ਪਰਾਲੀ ਦੀ ਰੂੜੀ ਬਣਾਉਣ ਲਈ ਲੋੜ ਅਨੁਸਾਰ ਦੋ ਜਾਂ ਵੱਧ ਟੋਏ ਪੁੱਟੋੋ। ਪਿਸ਼ਾਬ ਨਾਲ ਭਿੱਜੀ ਪਰਾਲੀ ਪਹਿਲੇ ਟੋਏ ਵਿਚ ਪਾਉਂਦੇ ਜਾਓ। ਜਦੋਂ ਇਹ ਟੋਆ ਭਰ ਜਾਵੇ ਤਾਂ ਦੂਸਰਾ ਟੋਆ ਭਰਨਾ ਸ਼ੁਰੂ ਕਰੋ। ਭਰੇ ਹੋਏ ਟੋਏ ਨੂੂੰ ਕੁਝ ਸੁੱਕੀ ਪਰਾਲੀ ਜਾਂ ਮਿੱਟੀ ਨਾਲ ਢੱਕ ਦਿਓ ਅਤੇ ਕੁਝ ਮਹੀਨਿਆਂ ਲਈ ਰੂੜੀ ਬਣਨ ਦਿਓ। ਇਸੇ ਤਰ੍ਹਾਂ ਬਾਕੀ ਟੋਇਆਂ ਨੂੰ ਵੀ ਭਰਦੇ ਤੇ ਢਕਦੇ ਜਾਓ।

ਤਿਆਰ ਹੋਈ ਰੂੜੀ ਨੂੰ ਵੱਖ ਵੱਖ ਫ਼ਸਲਾਂ ਲਈ ਲੋੜ ਅਨੁਸਾਰ ਵਰਤੋ। ਰੂੜੀ ਦੀ ਪਰਖ (ਪੀਏਯੂ ਜਾਂ ਹੋਰ ਮਾਨਤਾ-ਪ੍ਰਾਪਤ ਪ੍ਰਯੋਗਸ਼ਾਲਾ) ਤੋਂ ਕਰਵਾ ਕੇ ਪਤਾ ਲੱਗ ਸਕਦਾ ਹੈ ਕਿ ਰੂੜੀ ਦੀ ਕਿੰਨੀ ਮਾਤਰਾ ਠੀਕ ਰਹੇਗੀ ਅਤੇ ਰਸਾਇਣਕ ਖਾਦਾਂ ਦੀ ਕਿੰਨੀ ਬੱਚਤ ਹੋ ਸਕਦੀ ਹੈ। ਕੁਝ ਸਾਲ ਰੂੜੀ ਵਰਤਣ ਤੋਂ ਬਾਅਦ ਮਿੱਟੀ ਦੀ ਪਰਖ ਕਰਾਉਣ ਨਾਲ ਮਿੱਟੀ ਦੀ ਸਿਹਤ ਸੁਧਰਨ ਦਾ ਅੰਦਾਜ਼ਾ ਲੱਗ ਸਕਦਾ ਹੈ।

ਜ਼ਮੀਨ ਸੁਧਾਰੋ, ਖਾਦਾਂ ਦੀ ਲੋੜ ਘਟਾਓ, ਫ਼ਸਲ ਦਾ ਝਾੜ ਵਧਾਓ ਤੇ ਵਾਤਾਵਰਣ ਬਚਾਓ: ਹਰੀ ਕ੍ਰਾਂਤੀ ਤੋਂ ਪਹਿਲਾਂ ਭਾਰਤ ਦੇ ਖੇਤੀ ਪ੍ਰਧਾਨ ਉੱਤਰ-ਪੱਛਮੀ ਸੂਬਿਆਂ (ਪੰਜਾਬ, ਹਰਿਆਣਾ, ਉੱਤਰਾਖੰਡ, ਉੱਤਰ ਪ੍ਰਦੇਸ਼) ਵਿਚ ਸਾਲਾਨਾ ਸਿਰਫ਼ ਇੱਕ ਹੀ ਫ਼ਸਲ ਉਗਾਈ ਜਾਂਦੀ ਸੀ। ਸਾਲ ਦੇ ਬਹੁਤੇੇ ਹਿੱਸੇ ਲਈ ਖੇਤ ਖਾਲੀ ਹੋਣ ਕਰਕੇ ਅਕਸਰ ਪਸ਼ੂ ਚਾਰਨ ਜਾਂ ਅਸਥਾਈ ਤੌਰ ’ਤੇ ਰੱਖਣ ਲਈ ਵਰਤੇ ਜਾਂਦੇ ਸਨ। ਇਸ ਤਰ੍ਹਾਂ ਚਾਰਾ ਤੇ ਹੋਰ ਖੁਰਾਕ ਰਾਹੀਂ ਖਾਧੇ ਪੌਸ਼ਟਿਕ ਤੱਤ ਪਿਸ਼ਾਬ ਅਤੇ ਗੋਹੇ ਰਾਹੀਂ ਖੇਤਾਂ ਵਿਚ ਮੁੜ ਜਾਂਦੇ ਸਨ। ਹਰੀ ਕ੍ਰਾਂਤੀ ਮਗਰੋਂ ਖੇਤ ਬਹੁਤੇ ਸਮੇਂ ਲਈ ਫ਼ਸਲਾਂ ਹੇਠ ਤੇ ਪਸ਼ੂ ਘਰਾਂ ਜਾਂ ਡੇਅਰੀਆਂ ਵਿਚ ਰਹਿਣ ਕਰਕੇ ਪਸ਼ੂਆਂ ਦੇ ਮਲ-ਮੂਤਰ ਦੀ ਖੇਤਾਂ ਵਿਚ ਵਾਪਸੀ ਘਟ ਗਈ।

ਪਸ਼ੂ-ਪਿਸ਼ਾਬ ਵਾਲੀ ਝੋਨੇ ਦੀ ਪਰਾਲੀ ਦੀ ਰੂੜੀ ਵਰਤਣੀ ‘ਇੱਕ ਤੀਰ ਨਾਲ ਕਈ ਨਿਸ਼ਾਨੇ’ ਵਾਲੀ ਗੱਲ ਹੈ। ਇਸ ਨਾਲ ਜ਼ਮੀਨ ਦੀ ਉਤਪਾਦਨ ਸ਼ਕਤੀ ਤੇ ਸਿਹਤ ਸੁਧਰੇੇਗੀ, ਰਸਾਇਣਕ ਖਾਦਾਂ ਦੀ ਬੱਚਤ ਹੋਵੇਗੀ ਅਤੇ ਫ਼ਸਲਾਂ ਦਾ ਝਾੜ ਵਧੇਗਾ। ਜਿਵੇਂ ਪਹਿਲਾਂ ਦੱਸਿਆ ਗਿਆ ਹੈ ਕਿ ਪਰਾਲੀ ਜ਼ਮੀਨ ਵਿਚ ਰਲਾਉਣ ਨਾਲ ਜ਼ਮੀਨ ਵਿਚ ਜੈਵਿਕ ਪਦਾਰਥ (ਮੱਲੜ) ਬਣਨ ਕਰਕੇ ਰਸਾਇਣਕ ਖਾਦਾਂ ਦੀ ਲੋੜ ਘਟਦੀ ਹੈ ਅਤੇ ਫ਼ਸਲ ਦਾ ਝਾੜ ਵਧਦਾ ਹੈ। ਨਾਲ ਹੀ ਪਰਾਲੀ ਨਾ ਸਾੜਨ ਕਰਕੇ ਹਵਾ ਦਾ ਪ੍ਰਦੂਸ਼ਣ ਘਟੇਗਾ ਅਤੇ ਪਿਸ਼ਾਬ ਰਾਹੀਂ ਪਾਣੀ ਤੇ ਧਰਤੀ ਪ੍ਰਦੂਸ਼ਿਤ ਨਹੀ ਹੋਣਗੇ।

ਸੰਭਾਵੀ ਰੁਕਾਵਟਾਂ ਤੇ ਮਾਲੀ ਮਦਦ ਦੀ ਲੋੜ: ਪਿਸ਼ਾਬ ਵਿਚ ਪੌਸ਼ਟਿਕ ਵਿਭਿੰਨਤਾ ਅਤੇ ਬਦਬੂ ਕਰਕੇ ਇਕੱਠਾ ਕਰਨ ਅਤੇ ਵਰਤਣ ਵਿਚ ਮੁਸ਼ਕਲਾਂ ਹੋ ਸਕਦੀਆਂ ਹਨ। ਖੇਤ ਵਿਚ ਪਰਾਲੀ ਇਕੱਠੀ ਕਰਨੀ ਜਾਂ ਗੰਢਾ ਬਣਾਉਣ ਲਈ 2500 ਰੁਪਏ ਪ੍ਰਤੀ ਏਕੜ ਦਾ ਖਰਚਾ ਹੁੰਦਾ ਹੈ। ਨਾਲ ਹੀ ਖੇਤ ਤੋਂ ਲਿਆ ਕੇ ਤਿਆਰ ਕਰਨ, ਪਸ਼ੂਆਂ ਦੇ ਹੇਠਾਂ ਵਿਛਾਉਣ, ਪਿਸ਼ਾਬ ਵਾਲੀ ਪਰਾਲੀ ਇਕੱਠੀ ਕਰਨ, ਰੂੜੀ ਬਣਾਉਣ ਤੇ ਖੇਤ ਵਿਚ ਪਾਉਣ ਲਈ ਹੋਰ ਖਰਚਾ ਚਾਹੀਦਾ ਹੈ। ਬਹੁਤੇ ਕਿਸਾਨ ਪਹਿਲਾਂ ਹੀ ਭਾਰੀ ਕਰਜ਼ਾਈ ਹੋਣ ਕਰਕੇ ਵਾਧੂ ਖਰਚਾ ਸਹਿਣ ਦੇ ਯੋਗ ਨਹੀਂ ਹਨ। ਇਸ ਲਈ ਸਰਕਾਰਾਂ ਵੱਲੋਂ ਵਿੱਤੀ ਮਦਦ ਤੇ ਜਾਣਕਾਰੀ ਦੇਣਾ ਜ਼ਰੂਰੀ ਹੈ। ਇਸ ਨਾਲ ਪਰਾਲੀ ਖੇੇਤਾਂ ਵਿਚ ਨਾ ਸਾੜਨ ਤੇ ਹੋਰ ਵਰਤੋਂ ਦੇ ਲਾਭਾਂ ਬਾਰੇ ਜਾਣਕਾਰ ਹੋਣ ਨਾਲ ਕਿਸਾਨ ਇਸ ਨੂੰ ਅਪਣਾ ਲੈਣਗੇ।

ਸਾਰਅੰਸ਼: ਪਰਾਲੀ ਦੀ ਪਸ਼ੂ-ਪਿਸ਼ਾਬ ਨਾਲ ਰੂੜੀ ਬਣਾ ਕੇ ਉਸ ਦੀ ਸੁਚੱਜੀ ਵਰਤੋਂ ਨਾਲ ਪ੍ਰਦੂਸ਼ਣ ਰੋਕਣ, ਜ਼ਮੀਨ ਦੀ ਸਿਹਤ ਸੁਧਾਰਨ ਤੇ ਰਸਾਇਣਕ ਖਾਦਾਂ ਦੀ ਲੋੜ ਘਟਾਉਣ ਅਤੇ ਫ਼ਸਲਾਂ ਦੇ ਝਾੜ ਵਧਾਉਣ ਵਿਚ ਮਦਦ ਮਿਲੇਗੀ। ਰੂੜੀ ਦਾ 21 ਫ਼ੀਸਦੀ ਹਿੱਸਾ ਜ਼ਮੀਨ ਵਿਚ ਜੈਵਿਕ ਪਦਾਰਥ (ਮੱਲੜ) ਬਣਨ ਕਾਰਨ ਜ਼ਮੀਨ ਦੀ ਸਿਹਤ ਸੁਧਰਨ, ਖਾਦਾਂ ਦੀ ਲੋੜ ਘਟਣ ਅਤੇ ਫ਼ਸਲਾਂ ਦਾ ਝਾੜ ਵਧਣ ਦੀ ਸੰਭਾਵਨਾ ਹੈ। ਭਾਰਤ ਦੇ ਉੱਤਰ-ਪੱਛਮੀ ਰਾਜਾਂ ਵਿਚ ਪਸ਼ੂਆਂ ਦੇ ਪਿਸ਼ਾਬ ਵਿਚ 1090 ਲੱਖ ਕੁਇੰਟਲ ਯੁੂਰੀਆਂ ਖਾਦ/ਸਾਲ ਦੇ ਅੰਦਾਜ਼ੇ ਅਨੁਸਾਰ 5858 ਕਰੋੜ ਰੁਪਏ ਮੁੱਲ ਦੇ ਬਰਾਬਰ ਬਹੁਤ ਵੱਡੀ ਰਕਮ ਹੈ। ਇਸ ਨਾਲ ਖੇਤੀ ਮੁਨਾਫ਼ੇ ਵਿਚ ਵਾਧਾ ਹੋਵੇਗਾ ਅਤੇ ਖੇਤੀ-ਸਥਿਰਤਾ ਨੂੰ ਯਕੀਨੀ ਬਣਾਉਣ ਵਿਚ ਸਹਾਇਤਾ ਮਿਲੇਗੀ। ਇਸ ਕੰਮ ਨੂੰ ਤੇਜ਼ ਕਰਨ ਲਈ ਖੋਜ, ਮਾਲੀ ਮਦਦ ਤੇ ਕਿਸਾਨਾਂ ਨੂੰ ਜਾਣਕਾਰੀ ਦੇਣ ਦੀ ਲੋੜ ਹੈ। ਲਮੇ ਸਮੇਂ ਦੇ ਆਰਥਿਕ ਅਤੇ ਵਾਤਾਵਰਣ ਸਬੰਧੀ ਲਾਭ ਕੀਤੇ ਗਏ ਖਰਚਿਆਂ ਤੋਂ ਵੱਧ ਹੋਣਗੇ। ਕੁੱਲ ਮਿਲਾ ਕੇ ਪਰਾਲੀ ਤੇ ਪਸ਼ੂ-ਪਿਸ਼ਾਬ ਦੀ ਰੂੜੀ ਬਣਾਉਣ ਦੇ ਨਤੀਜੇ ਵਜੋਂ ਪਸ਼ੂ ਪਾਲਕਾਂ, ਝੋਨੇ ਦੇ ਕਿਸਾਨਾਂ, ਵਾਤਾਵਰਣ ਅਤੇ ਆਰਥਿਕਤਾ ਲਈ ਜਿੱਤ ਦੀ ਸਥਿਤੀ ਬਣੇਗੀ।

ਪਰਾਲੀ ਸਾੜਨ ਦੇ ਰੁਝਾਨ ਨੂੰ ਘਟਾਉਣ ਲਈ ਹੋਰ ਜਾਣਕਾਰੀ ਵਾਸਤੇ ਸਾਂਝੀ ਵਿਰਾਸਤ ਬਲੌਗ (Sanjhivirasat.org) ਉਪਰ ਲੇਖ ਪੜ੍ਹੋ ਜੀ।

* ਡਾ. ਕਾਬਲ ਸਿੰਘ ਗਿੱਲ, ਸਾਬਕਾ ਖੋਜ ਵਿਗਿਆਨੀ (ਇਕਰੀਸੈਟ, ਜ਼ਾਂਬੀਆ ਯੂਨੀਵਰਸਿਟੀ, ਐਗਰੀਕਲਚਰ ਤੇ ਐਗਰੀ ਫੂਡ ਕੈਨੇਡਾ), (+1-7808371143)

* ਡਾ. ਮਿਲਖਾ ਸਿੰਘ ਔਲਖ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਡੀਨ (ਐਗਰੀਕਲਚਰ), ਬਾਂਦਾ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨੋਲੋਜੀ, ਉੱਤਰ ਪ੍ਰਦੇਸ਼ ਦੇ ਬਾਨੀ ਉਪ ਕੁਲਪਤੀ, (+91-9646858598)News Source link

- Advertisement -

More articles

- Advertisement -

Latest article