ਸ੍ਰੀਨਗਰ, 23 ਸਤੰਬਰ
ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਅਸਲੇ ਸਮੇਤ ਲਸ਼ਕਰ-ਏ-ਤਇਬਾ ਦੇ ਦੋ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਦੇ ਬੁਲਾਰੇ ਨੇ ਅੱਜ ਦੱਸਿਆ ਕਿ ਬੀਤੇ ਦਿਨੀਂ ਸੂਚਨਾ ਮਿਲੀ ਸੀ ਕਿ ਬਾਰਾਮੂਲਾ ਦੇ ਜਾਂਬਾਜ਼ਪੁਰਾ ਵਾਸੀ ਯਾਸੀਨ ਅਹਿਮਦ ਸ਼ਾਹ ਨਾਮ ਦਾ ਇੱਕ ਵਿਅਕਤੀ ਆਪਣੇ ਘਰ ਤੋਂ ਲਾਪਤਾ ਹੈ ਅਤੇ ਉਹ ਅਤਿਵਾਦੀ ਜਥੇਬੰਦੀ ਲਸ਼ਕਰ-ਏ-ਤਇਬਾ/ਦਿ ਰੈਜੀਡੈਂਟਸ ਫਰੰਟ ਵਿੱਚ ਸ਼ਾਮਲ ਹੋ ਗਿਆ ਹੈ। ਦਿ ਰੈਜ਼ੀਡੈਂਟਸ ਫਰੰਟ (ਟੀਆਰਐੱਫ) ਨੂੰ ਲਸ਼ਕਰ-ਏ-ਤਇਬਾ ਦੀ ਮੋਹਰੀ ਜਥੇਬੰਦੀ ਮੰਨਿਆ ਜਾਂਦਾ ਹੈ। ਪੁਲੀਸ ਦੀ ਇੱਕ ਸਾਂਝੀ ਟੀਮ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਕੋਲੋਂ ਇਤਰਾਜ਼ਯੋਗ ਸਮੱਗਰੀ, ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ ਕੀਤੇ ਗਏ ਹਨ। ਉਸ ਨੇ ਪੁੱਛਗਿੱਛ ਦੌਰਾਨ ਆਪਣੇ ਸਹਿਯੋਗੀ ਪਰਵੇਜ਼ ਅਹਿਮਦ ਸ਼ਾਹ ਦੇ ਨਾਮ ਦਾ ਖੁਲਾਸਾ ਕੀਤਾ, ਜੋ ਤਾਕੀਆ ਵਗੂਰਾ ਇਲਾਕੇ ਦਾ ਰਹਿਣ ਵਾਲਾ ਹੈ। ਪੁਲੀਸ ਨੇ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। -ਪੀਟੀਆਈ