ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਸਤੰਬਰ
ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਭਾਰਤ ਤੇ ਕੈਨੇਡਾ ਵਿਚਾਲੇ ਚੱਲ ਰਹੇ ਸਿਆਸੀ ਵਿਵਾਦ ’ਤੇ ਟਿਪਣੀ ਕਰਦਿਆਂ ਕਿਹਾ ਕਿ ਗੱਲਬਾਤ ਰਾਹੀਂ ਹੀ ਹਰ ਕੂਟਨੀਤਕ ਸਮੱਸਿਆ ਦਾ ਹੱਲ ਨਿਕਲ ਸਕਦਾ ਹੈ। ਸਾਹਨੀ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ’ਤੇ ਲਾਏ ਗਏ ਕਥਿਤ ਦੋਸ਼ਾਂ ਵਾਲੇ ਬਿਆਨ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਜਨਤਕ ਬਿਆਨ ਦੇਣ ਅਤੇ ਇੱਕ ਸੀਨੀਅਰ ਭਾਰਤੀ ਡਿਪਲੋਮੈਟ ਨੂੰ ਬਿਨਾ ਕਿਸੇ ਪੁਖਤਾ ਸਬੂਤ ਦੇ ਕੈਨੇਡਾ ’ਚੋਂ ਕੱਢਣ ਦੀ ਬਜਾਏ ਉਨ੍ਹਾਂ ਨੂੰ ਆਪਣੀਆਂ ਚਿੰਤਾਵਾਂ ਜਾਂ ਸ਼ੰਕਿਆਂ ਸਬੰਧੀ ਭਾਰਤ ਨਾਲ ਗੱਲਬਾਤ ਕਰਨੀ ਚਾਹੀਦੀ ਸੀ। ਸ੍ਰੀ ਸਾਹਨੀ ਨੇ ਭਾਰਤ ਸਰਕਾਰ ਨੂੰ ਵੀ ਬੇਨਤੀ ਕੀਤੀ ਕਿ ਵੀਜ਼ਿਆਂ ’ਤੇ ਪਾਬੰਦੀ ਲਾਉਣਾ ਕੋਈ ਸਮਝਦਾਰੀ ਵਾਲਾ ਕਦਮ ਨਹੀਂ ਹੈ। ਕੈਨੇਡਾ ਵਿੱਚ ਲੱਖਾਂ ਦੀ ਗਿਣਤੀ ’ਚ ਪੰਜਾਬੀ ਰਹਿੰਦੇ ਹਨ, ਇਹ ਇਕ ਗਲਤ ਕਦਮ ਹੈ ਅਤੇ ਇਸ ਦਾ ਖਮਿਆਜ਼ਾ ਪੰਜਾਬੀਆਂ ਨੂੰ ਭੁਗਤਣਾ ਪਵੇਗਾ।