38.6 C
Patiāla
Monday, June 24, 2024

ਮੁਹਾਲੀ: ਹੜ੍ਹਾਂ ਕਾਰਨ ਤਬਾਹੀ, ਕਰਜ਼ਾ ਮੁਆਫ਼ੀ ਤੇ ਪਾਣੀਆਂ ਦੇ ਮਾਮਲੇ ’ਤੇ ਕਿਸਾਨਾਂ ਦਾ ਪ੍ਰਦਰਸ਼ਨ

Must read


ਦਰਸ਼ਨ ਸਿੰਘ ਸੋਢੀ

ਮੁਹਾਲੀ, 5 ਅਗਸਤ      

ਪੰਜਾਬ ਵਿੱਚ ਆਏ ਹੜ੍ਹਾਂ ਨਾਲ ਤਬਾਹੀ, ਸੰਘੀ ਢਾਂਚਾ, ਕਰਜ਼ਾ ਮੁਆਫ਼ੀ, ਚੰਡੀਗੜ੍ਹ ’ਤੇ ਪੰਜਾਬ ਦਾ ਹੱਕ, ਪੰਜਾਬ ਦੇ ਪਾਣੀਆਂ ਸਮੇਤ ਹੋਰ ਅਹਿਮ ਮਾਮਲਿਆਂ ਲਈ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵੱਲੋਂ ਮੁਹਾਲੀ ਵਿੱਚ ਵਰ੍ਹਦੇ ਮੀਂਹ ਵਿੱਚ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਪੁੱਡਾ ਮੈਦਾਨ ਵਿੱਚ ਸੂਬਾ ਪੱਧਰੀ ਰੈਲੀ ਕੀਤੀ ਗਈ। ਮੀਂਹ ਦੇ ਬਾਵਜੂਦ ਅੱਜ ਸਵੇਰੇ 11 ਵਜੇ ਹੀ ਪੰਜਾਬ ਭਰ ਚੋਂ ਕਿਸਾਨ ਟਰੈਕਟਰ ਟਰਾਲੀਆਂ ਅਤੇ ਬੱਸਾਂ ਤੇ ਕਾਰਾਂ ਵਿੱਚ ਸਵਾਰ ਹੋ ਕੇ ਮੁਹਾਲੀ ਪਹੁੰਚਣੇ ਸ਼ੁਰੂ ਹੋ ਗਏ ਸਨ। ਜਥੇਬੰਦੀ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਪੰਜਾਬ ਵਿੱਚ ਹੜ੍ਹਾਂ ਕਾਰਨ ਮਚੀ ਤਬਾਹੀ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਜੇ ਹੜ੍ਹਾਂ ਦੇ ਸੰਭਾਵੀ ਖ਼ਤਰੇ ਨੂੰ ਦੇਖਦੇ ਹੋਏ ਸਰਕਾਰ ਨੇ ਨਦੀਆਂ, ਨਾਲਿਆਂ, ਘੱਗਰ ਅਤੇ ਚੋਆਂ ਦੀ ਪਹਿਲਾਂ ਹੀ ਸਫ਼ਾਈ ਕਰਵਾਈ ਹੁੰਦੀ ਤਾਂ ਲੋਕਾਂ ਦਾ ਨੁਕਸਾਨ ਅਤੇ ਕੀਮਤੀ ਜਾਨਾਂ ਜਾਣ ਤੋਂ ਬਚਾਅ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਮਾੜੇ ਪ੍ਰਬੰਧਾਂ ਲਈ ਮੁੱਖ ਮੰਤਰੀ ਆਪਣੀ ਨੈਤਿਕ ਜ਼ਿੰਮੇਵਾਰੀ ਭੱਜ ਨਹੀਂ ਸਕਦੇ ਹਨ। ਪੰਜਾਬ ਸਰਕਾਰ ਕੁੱਲ 6 ਲੱਖ ਏਕੜ ਫਸਲਾਂ ਦਾ ਨੁਕਸਾਨ ਦੱਸ ਕੇ 1500 ਕਰੋੜ ਮੁਆਵਜ਼ਾ ਦੇਣ ਦੀ ਗੱਲ ਕਹਿ ਰਹੀ ਹੈ ਜਦੋਂਕਿ ਕਿਸਾਨ ਜਥੇਬੰਦੀ ਦੇ ਸਰਵੇਖਣ ਮੁਤਾਬਕ ਅੰਦਾਜ਼ਨ 10 ਲੱਖ ਏਕੜ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਕਿਸਾਨਾਂ ਅਤੇ ਮਜ਼ਦੂਰਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਇਹ ਤੈਅ ਕੀਤਾ ਜਾਵੇ ਕਿ ਪੰਜਾਬ ਦੇ ਪਾਣੀਆਂ ਦਾ ਅਸਲ ਮਾਲਕ ਕੌਣ ਹੈ। ਸੰਘੀ ਢਾਂਚੇ ਅਤੇ ਹਰਿਆਣਾ ਵਿਧਾਨ ਸਭਾ ਲਈ ਚੰਡੀਗੜ੍ਹ ਵਿੱਚ ਜਗ੍ਹਾ ਦੇਣ ਦਾ ਵਿਰੋਧ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ ਸੀ। ਇਸ ਲਈ ਚੰਡੀਗੜ੍ਹ ’ਤੇ ਸਿਰਫ਼ ਪੰਜਾਬ ਦਾ ਹੱਕ ਹੈ।

ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਹੜ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਪੰਜਾਬ ਕੈਬਨਿਟ ਨੇ ਗਿਰਦਾਵਰੀ ਦੇ ਹੁਕਮ ਦੇਣ ਵਿੱਚ ਬਹੁਤ ਦੇਰ ਕਰ ਦਿੱਤੀ, ਜਿਸ ਕਾਰਨ ਇਹ ਕੰਮ ਕਾਫ਼ੀ ਪਛੜ ਕੇ ਸ਼ੁਰੂ ਹੋਣ ਨਾਲ ਪੀੜਤ ਲੋਕਾਂ ਨੂੰ ਮੁਆਵਜ਼ਾ ਮਿਲਣ ਵਿੱਚ ਦੇਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪੰਜਾਬ ਵਿੱਚ ਪੀੜਤ ਲੋਕਾਂ ਦੀ ਬਾਂਹ ਫੜਨ ਨੂੰ ਕੋਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਘੱਗਰ ਨੇ ਰਾਜਪੁਰਾ, ਘਨੌਰ, ਪਟਿਆਲਾ ਅਤੇ ਸੰਗਰੂਰ ਤੱਕ ਵੱਡੀ ਮਾਰ ਕੀਤੀ ਹੈ।

ਇਸ ਮੌਕੇ ਸੂਬਾ ਆਗੂ ਪ੍ਰੇਮ ਸਿੰਘ ਭੰਗੂ, ਪਰਮਦੀਪ ਸਿੰਘ ਬੈਦਵਾਨ, ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ, ਜਨਰਲ ਸਕੱਤਰ ਲਖਵਿੰਦਰ ਸਿੰਘ ਕਰਾਲਾ, ਮਨਜੀਤ ਸਿੰਘ ਤੰਗੌਰੀ, ਹਰਜੀਤ ਸਿੰਘ, ਗੁਰਵਿੰਦਰ ਸਿੰਘ ਸਿਆਊ, ਗੁਰਜੰਟ ਸਿੰਘ ਕਰਾਲਾ, ਗੁਲਜ਼ਾਰ ਸਿੰਘ, ਗੁਰਮੀਤ ਸਿੰਘ ਪਟਿਆਲਵੀ ਅਤੇ ਰਵੀਇੰਦਰ ਸਿੰਘ ਮੌਜੂਦ ਸਨ।News Source link

- Advertisement -

More articles

- Advertisement -

Latest article