ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 3 ਅਗਸਤ
ਇੱਥੋਂ ਨਜ਼ਦੀਕੀ ਅੰਮ੍ਰਿਤਸਰ-ਜਲੰਧਰ ਜੀਟੀ ਰੋਡ ‘ਤੇ ਸਥਿਅਤ ਕਸਬਾ ਮਾਨਾਂਵਾਲਾ ਵਿਖੇ ਪੁਲੀਸ ਅਤੇ ਥਾਰ ਸਵਾਰ ਕਥਿਤ ਨਸ਼ਾ ਤਸਕਰ ਦਰਮਿਆਨ ਮੁਕਾਬਲਾ ਹੋਇਆ। ਥਾਣਾ ਚਾਟੀਵਿੰਡ ਅਧੀਨ ਕਸਬਾ ਮਾਨਾਂਵਾਲਾ ਦੀ ਡਰੇਨ ਨੇੜੇ ਰਾਤ ਕਰੀਬ 9 ਵਜੇ ਥਾਰ ਉੱਪਰ ਗੋਲੀਆਂ ਚੱਲਣ ਦੀ ਖ਼ਬਰ ਮਿਲਣ ਤੋਂ ਬਾਅਦ ਥਾਣਾ ਚਾਟੀਵਿੰਡ ਦੇ ਐੱਸਐੱਚਓ ਅਜੈਪਾਲ ਸਿੰਘ ਮੌਕੇ ‘ਤੇ ਪਹੁੰਚੇ ਤਾਂ ਜੀਟੀ ਰੋਡ ਉਪਰ ਜੀਪ ਖੜੀ ਮਿਲੀ, ਜਿਸ ਦਾ ਅਗਲਾ ਟਾਇਰ ਗੋਲੀਆਂ ਵੱਜਣ ਕਾਰਨ ਪਾੜ ਚੁੱਕਾ ਸੀ ਅਤੇ ਕਈ ਥਾਵਾਂ ‘ਤੇ ਹੋਰ ਵੀ ਗੋਲੀਆਂ ਵੱਜੀਆਂ ਦਿਖਾਈ ਦਿੱਤੀਆਂ। ਇਸ ਸਬੰਧੀ ਗੱਲਬਾਤ ਕਰਦਿਆਂ ਐੱਸਐੱਚਓ ਨੇ ਦੱਸਿਆ ਬੀਤੀ ਰਾਤ ਥਾਰ ਤਰਨਤਾਰਨ ਵਾਲੇ ਪਾਸਿਓਂ ਆ ਰਹੀ ਸੀ, ਜਿਸ ਦਾ ਪਿੱਛਾ ਅੰਮ੍ਰਿਤਸਰ ਦਿਹਾਤੀ ਪੁਲੀਸ ਕਰ ਰਹੀ ਸੀ ਅਤੇ ਮਾਨਾਂਵਾਲਾ ਵਿਖੇ ਮੁਕਾਬਲੇ ਤੋਂ ਬਾਅਦ ਪੁਲੀਸ ਨੇ ਥਾਰ ਸਵਾਰ ਨੂੰ ਕਾਬੂ ਲਿਆ।
ਇੰਚਾਰਜ ਸਪੈਸ਼ਲ ਸੈੱਲ ਨੂੰ ਸੂਹ ਮਿਲੀ ਸੀ ਕਿ ਤਸਕਰ ਗੁਰਲਾਲ ਸਿੰਘ ਵਾਸੀ ਧਨੋਏ ਖੁਰਦ ਆਪਣੀ ਨਵੀਂ ਥਾਰ ਵਿੱਚ ਨਾਜਾਇਜ਼ ਹਥਿਆਰ ਅਤੇ ਨਸ਼ੀਲੇ ਪਦਾਰਥ ਲੈ ਕੇ ਤਰਨਤਾਰਨ ਵਾਲੇ ਪਾਸੇ ਤੋਂ ਅੰਮ੍ਰਿਤਸਰ ਵੱਲ ਆ ਰਿਹਾ ਹੈ। ਇੰਚਾਰਜ ਨੇ ਟੀ ਪੁਆਇੰਟ ਸੁੱਖੇਵਾਲ ਵਿਖੇ ਨਾਕਾ ਲਾਇਆ ਹੋਇਆ ਸੀ, ਜਦੋਂ ਮੁਲਜ਼ਮ ਨਾਕੇ ’ਤੇ ਪੁੱਜਿਆ ਤਾਂ ਪੁਲੀਸ ਨੇ ਉਸ ਦੀ ਕਰ ਰੋਕਣੀ ਚਾਹੀ ਪਰ ਉਸ ਨੇ ਪੁਲੀਸ ਪਾਰਟੀ ‘ਤੇ ਫਾਇਰਿੰਗ ਕਰ ਦਿੱਤੀ ਅਤੇ ਨਾਕਾ ਤੋੜ ਕੇ ਭੱਜ ਗਿਆ। ਟੀਮ ਨੇ ਉਸ ਦਾ ਪਿੱਛਾ ਕਰਕੇ ਮਾਨਾਂਵਾਲਾ ਨੇੜੇ ਮੁਕਾਬਲੇ ਤੋਂ ਬਾਅਦ ਕਾਬੂ ਕਰ ਲਿਆ। ਉਸ ਕੋਲੋਂ ਚੀਨੀ ਪਿਸਤੌਲ 30 ਬੋਰ ਅਤੇ 5 ਕਾਰਤੂਬ ਅਤੇ ਕਿਲੋ ਹੈਰੋਇਨ ਬਰਾਮਦ ਹੋਈ।