ਟਰਾਂਟੋ, 2 ਅਗਸਤਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਪਤਨੀ ਸੋਫੀ ਗ੍ਰੈਗੋਇਰ ਟਰੂਡੋ ਨੇ ਇਕ ਦੂਜੇ ਤੋਂ ਅਲਹਿਦਾ ਹੋਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਵਿਆਹ ਨੂੰ 18 ਸਾਲ ਹੋ ਚੁੱਕੇ ਹਨ। ਇਸ ਜੋੜੇ ਨੇ ਇੰਸਟਾਗ੍ਰਾਮ ’ਤੇ ਪੋੋਸਟ ਕੀਤੇ ਬਿਆਨਾਂ ਵਿੱਚ ਕਿਹਾ ਕਿ ਉਨ੍ਹਾਂ ‘ਕਈ ਅਰਥਪੂਰਨ ਤੇ ਮੁਸ਼ਕਲ ਸੰਵਾਦਾਂ’ ਮਗਰੋਂ ਅਲਹਿਦਾ ਹੋਣ ਦਾ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਟਰੂਡੋ ਜੋੜੇ ਨੇ ਵੱਖ ਹੋਣ ਲਈ ਕਾਨੂੰਨੀ ਦਸਤਾਵੇਜ਼ ’ਤੇ ਵੀ ਸਹੀ ਪਾਈ ਹੈ। ਇਸ ਜੋੜੇ ਦੇ 15, 14 ਤੇ 9 ਸਾਲ ਦੇ ਤਿੰਨ ਬੱਚੇ ਹਨ। ਟਰੂਡੋ ਦੂਜੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਅਹੁਦੇ ’ਤੇ ਰਹਿੰਦਿਆਂ ਪਤਨੀ ਤੋਂ ਅਲਹਿਦਾ ਹੋਣ ਦਾ ਐਲਾਨ ਕੀਤਾ ਹੈ। -ਪੀਟੀਆਈ