30.1 C
Patiāla
Saturday, September 7, 2024

ਲੁਧਿਆਣਾ ਨੇੜੇ ਅਤਿ ਸੁਰੱਖਿਅਤ ਡਿਜ਼ੀਟਲ ਜੇਲ੍ਹ ਬਣਾਈ ਜਾਵੇਗੀ: ਮਾਨ

Must read


ਗੁਰਦੀਪ ਸਿੰਘ ਲਾਲੀ/ਹਰਦੀਪ ਸਿੰਘ ਸੋਢੀ

ਸੰਗਰੂਰ/ਧੂਰੀ, 9 ਜੂਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਲੁਧਿਆਣਾ ਨੇੜੇ 50 ਏਕੜ ਰਕਬੇ ਵਿਚ ਅਤਿ ਸੁਰੱਖਿਅਤ ਡਿਜੀਟਲ ਜੇਲ੍ਹ ਬਣਾਈ ਜਾਵੇਗੀ। ਇਹ ਜੇਲ੍ਹ ਸਥਾਪਤ ਕਰਨ ਲਈ ਭਾਰਤ ਸਰਕਾਰ ਵਲੋਂ 100 ਕਰੋੜ ਰੁਪਏ ਮਨਜ਼ੂਰ ਕੀਤੇ ਹਨ, ਜਿਥੇ ਸੂਬੇ ਵਿਚ ਖਤਰਨਾਕ ਅਪਰਾਧੀਆਂ ਨਾਲ ਸਬੰਧਤ ਮਾਮਲਿਆਂ ਦੀ ਅਦਾਲਤੀ ਸੁਣਵਾਈ ਕੀਤੀ ਜਾਵੇਗੀ। ਸ੍ਰੀ ਮਾਨ ਇਥੋਂ ਨੇੜੇ ਪੁਲੀਸ ਸਿਖਲਾਈ ਕੇਂਦਰ ਲੱਡਾ ਕੋਠੀ ਵਿਖੇ ਜੇਲ੍ਹ ਵਿਭਾਗ ਵਿਚ ਨਵੇਂ ਭਰਤੀ ਕੀਤੇ ਵਾਰਡਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਤੋਂ ਬਾਅਦ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਲਈ ਖਤਰਾ ਖੌਫ਼ਨਾਕ ਅਪਰਾਧੀਆਂ ਦੀ ਵਿਸ਼ੇਸ਼ ਸੁਣਵਾਈ ਲਈ ਜੇਲ੍ਹ ਵਿੱਚ ਹੀ ਜੱਜਾਂ ਦੇ ਵੱਖਰੇ ਕੈਬਿਨ ਬਣਾਏ ਜਾਣਗੇ ਤਾਂ ਜੋ ਇਸ ਮੰਤਵ ਲਈ ਉਨ੍ਹਾਂ ਨੂੰ ਜੇਲ੍ਹ ਤੋਂ ਬਾਹਰ ਨਾ ਲਿਜਾਣਾ ਪਵੇ। ਜੇਲ੍ਹ ਵਿਭਾਗ ਵੱਲੋਂ ਛੇਤੀ ਮੁਹਾਲੀ ਵਿੱਚ ਆਪਣਾ ਅਤਿ ਆਧੁਨਿਕ ਦਫ਼ਤਰ ਬਣਾਇਆ ਜਾਵੇਗਾ, ਜਿਸ ਲਈ ਜ਼ਮੀਨ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸਰਹੱਦ ਪਾਰੋਂ ਡਰੋਨਾਂ ਰਾਹੀਂ ਹੋ ਰਹੀ ਘੁਸਪੈਠ ਨੂੰ ਰੋਕਣ ਲਈ ਪੰਜਾਬ ਪੁਲੀਸ ਵਿੱਚ ਐਂਟੀ-ਡਰੋਨ ਤਕਨੀਕ ਲਿਆਂਦੀ ਜਾ ਰਹੀ ਹੈ। ਸੜਕ ਸੁਰੱਖਿਆ ਲਈ ਵਿਸ਼ੇਸ਼ ਸੜਕ ਸੁਰੱਖਿਆ ਫੋਰਸ ਬਣਾਈ ਜਾਵੇਗੀ ਤਾਂ ਜੋ ਸੜਕ ਹਾਦਸਿਆਂ ’ਚ ਲੋਕਾਂ ਦੇ ਜਾਨੀ ਨੁਕਸਾਨ ਨੂੰ ਰੋਕਿਆ ਜਾ ਸਕੇ। ਪੰਜਾਬ ਛੇਤੀ ਹੀ ਸੂਬੇ ਦੀ ਪੁਲੀਸ ਨੂੰ ਆਧੁਨਿਕ ਲੀਹਾਂ ‘ਤੇ ਤੋਰਨ ਲਈ ਬਹੁ-ਰਾਸ਼ਟਰੀ ਕੰਪਨੀ ਗੂਗਲ ਨਾਲ ਹੱਥ ਮਿਲਾਏਗਾ। ਇਸ ਬਾਰੇ ਵਿਆਪਕ ਖਾਕਾ ਤਿਆਰ ਕੀਤਾ ਜਾ ਚੁੱਕਾ ਹੈ ਅਤੇ ਜਲਦ ਹੀ ਰਸਮੀ ਸਮਝੌਤੇ ‘ਤੇ ਦਸਤਖਤ ਕੀਤੇ ਜਾਣਗੇ। ਲੱਡਾ ਕੋਠੀ ਵਿਖੇ ਪੁਲੀਸ ਸਿਖਲਾਈ ਕੇਂਦਰ ਦੇ ਕੈਂਪਸ ਵਿੱਚ ਸਿੰਥੈਟਿਕ ਟ੍ਰੈਕ ਵਿਛਾਉਣ ਲਈ 4. 5 ਕਰੋੜ ਰੁਪਏ ਦਿੱਤੇ ਜਾਣਗੇ, ਕੈਂਪਸ ਦੇ ਅੰਦਰ 3 ਕਰੋੜ ਰੁਪਏ ਦੀ ਲਾਗਤ ਨਾਲ ਅਤਿ-ਆਧੁਨਿਕ ਹੋਸਟਲ ਬਣਾਇਆ ਜਾਵੇਗਾ ਅਤੇ 25 ਲੱਖ ਰੁਪਏ ਖਰਚ ਕੇ ਫਾਇਰਿੰਗ ਰੇਂਜ ਸਥਾਪਤ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕੈਂਪਸ ਵਿੱਚ ਸੜਕਾਂ ਦੇ ਨਿਰਮਾਣ ਲਈ ਵੀ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਜੇਲ੍ਹਾਂ ਵਿਚ ਕੈਦੀਆਂ ਨੂੰ ਵੱਖ-ਵੱਖ ਤਰ੍ਹਾਂ ਦੀ ਸਿਖਲਾਈ ਲਈ ਵਰਤਿਆ ਜਾਂਦਾ ਕੱਚਾ ਮਾਲ ਮੁਹੱਈਆ ਕਰਵਾਉਣ ‘ਤੇ 10 ਕਰੋੜ ਰੁਪਏ ਖਰਚ ਕੀਤੇ ਜਾਣਗੇ। ਸੂਬੇ ਵਿੱਚ ਵਿਸ਼ੇਸ਼ ਮਹਿਲਾ ਜੇਲ੍ਹ ਦੀ ਉਸਾਰੀ ਕਰਨ ਤੋਂ ਇਲਾਵਾ ਜੇਲ੍ਹ ਵਿਭਾਗ ਵਿੱਚ 351 ਨਵੀਆਂ ਆਸਾਮੀਆਂ ਸਿਰਜੀਆਂ ਜਾਣਗੀਆਂ। ਇਸ ਮੌਕੇ ਮੁੱਖ ਮੰਤਰੀ ਨੇ ਨਵੇਂ ਭਰਤੀ ਵਾਰਡਰਜ਼ ਨੂੰ ਸਿਖਲਾਈ ਦੌਰਾਨ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਵੀ ਕੀਤਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਪਰੇਡ ਕਮਾਂਡਰ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਸਲਾਮੀ ਲਈ।

ਇਸ ਮੌਕੇ ਡਾਇਰੈਕਟਰ ਜਨਰਲ ਆਫ਼ ਪੁਲੀਸ ਗੌਰਵ ਯਾਦਵ, ਏਡੀਜੀਪੀ (ਜੇਲ੍ਹਾਂ) ਅਰੁਣਪਾਲ ਸਿੰਘ, ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਹਿਮਾਂਸ਼ੂ ਜੈਨ ਅਤੇ ਹੋਰ ਹਾਜ਼ਰ ਸਨ।





News Source link

- Advertisement -

More articles

- Advertisement -

Latest article