25.7 C
Patiāla
Friday, March 29, 2024

ਪਿੰਡ ਥਲੀ ਵਿੱਚ ਕਰੋੜਾਂ ਦੀ ਜ਼ਮੀਨ ’ਤੇ ਨਹੀਂ ਰੁਕ ਰਹੇ ਨਾਜਾਇਜ਼ ਕਬਜ਼ੇ

Must read


ਜਗਮੋਹਨ ਸਿੰਘ

ਘਨੌਲੀ, 7 ਜੂਨ

ਘਨੌਲੀ ਨੇੜਲੇ ਪਿੰਡ ਥਲੀ ਦੀ ਕੌਮੀ ਮਾਰਗ ਕਿਨਾਰੇ ਸਥਿਤ ਕਰੋੜਾਂ ਰੁਪਏ ਦੀ ਬੇਸ਼ਕੀਮਤੀ ਜ਼ਮੀਨ ’ਤੇ ਕਬਜ਼ਾਕਾਰਾਂ ਵੱਲੋਂ ਪੰਚਾਇਤੀ ਜ਼ਮੀਨ ’ਤੇ ਬਿਨਾਂ ਖੌਫ ਤੋਂ ਧੜੱਲੇ ਨਾਲ ਕਬਜ਼ੇ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਹਰਵਿੰਦਰ ਸਿੰਘ ਘਨੌਲਾ, ਬਲਰਾਮ ਸ਼ਰਮਾ ਤੇ ਰਾਜਿੰਦਰ ਕੌਰ ਆਦਿ ਨੇ ਦੱਸਿਆ ਕਿ ਘਨੌਲੀ ਬੈਰੀਅਰ ਨੇੜੇ ਪਿੰਡ ਥਲੀ ਵਿੱਚ ਜਿੱਥੇ ਪੰਚਾਇਤ ਦੀ ਕੀਮਤੀ ਸ਼ਾਮਲਾਟ ਜ਼ਮੀਨ ਦੱਬੀ ਜਾ ਰਹੀ ਹੈ, ਉੱਥੇ ਹੀ ਸ਼ਿਕਾਇਤਕਰਤਾਵਾਂ ਦੀ ਨਿੱਜੀ ਜ਼ਮੀਨ ’ਤੇ ਵੀ ਕਬਜ਼ੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਆਪਣੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣੀ ਚਾਹੀ ਤਾਂ ਕਬਜ਼ਾਕਾਰਾਂ ਤੇ ਉਨ੍ਹਾਂ ਦੇ ਸਾਥੀਆਂ ਨੇ ਬਸਤੀ ਦੀਆਂ ਔਰਤਾਂ ਨੂੰ ਅੱਗੇ ਲਾ ਕੇ ਪੱਥਰਬਾਜ਼ੀ ਕਰਵਾਈ ਅਤੇ ਨਿਸ਼ਾਨਦੇਹੀ ਕਰਨ ਆਏ ਮਾਲ ਮਹਿਕਮੇ ਦੇ ਕਰਮਚਾਰੀਆਂ ਨੂੰ ਮੌਕੇ ਤੋਂ ਖਦੇੜ ਦਿੱਤਾ। ਇਸ ਦੌਰਾਨ ਹਰਵਿੰਦਰ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਬੀਡੀਪੀਓ ਰੂਪਨਗਰ ਨੇ ਮੌਕਾ ਵੇਖ ਕੇ ਨਾਜਾਇਜ਼ ਉਸਾਰੀ ਕਰ ਰਹੇ ਵਿਅਕਤੀਆਂ ਨੂੰ ਮਕਾਨ ਉਸਾਰੀ ਦਾ ਕੰਮ ਰੋਕ ਕੇ ਲੈਂਟਰ ਪਾਉਣ ਤੋਂ ਪਹਿਲਾਂ ਜਗ੍ਹਾ ਦੀ ਨਿਸ਼ਾਨਦੇਹੀ ਕਰਵਾਉਣ ਲਈ ਕਿਹਾ ਤੇ ਪੰਚਾਇਤ ਨੂੰ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਦੀ ਹਦਾਇਤ ਕੀਤੀ। ਹਾਲਾਂਕਿ, ਬੀਡੀਪੀਓ ਦੇ ਰਵਾਨਾ ਹੁੰਦਿਆਂ ਹੀ ਨਾਜਾਇਜ਼ ਕਾਬਜ਼ਕਾਰਾਂ ਨੇ ਉਸਾਰੀ ਦਾ ਕੰਮ ਮੁੜ ਸ਼ੁਰੂ ਕਰ ਦਿੱਤਾ। ਇਸ ਸਬੰਧੀ ਉਨ੍ਹਾਂ ਦੀ ਜ਼ੁਬਾਨੀ ਸ਼ਿਕਾਇਤ ’ਤੇ ਐੱਸਡੀਐੱਮ ਰੂਪਨਗਰ ਨੇ ਪੁਲੀਸ ਭੇਜ ਕੇ ਉਸਾਰੀ ਦਾ ਕੰਮ ਰੋਕਣ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਕੋਈ ਕਾਰਵਾਈ ਨਾ ਹੋਣ ਕਾਰਨ ਨਾਜਾਇਜ਼ ਕਾਬਜ਼ਕਾਰ ਲੈਂਟਰ ਪਾਉਣ ‌ਵਿੱਚ ਸਫਲ ਹੋ ਗਏ ਹਨ।

ਜਦੋਂ ਇਸ ਸਬੰਧੀ ਪੰਚਾਇਤ ਸਕੱਤਰ ਨਾਲ ਕਰਮਵੀਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੰਚਾਇਤ ਵੱਲੋਂ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਸਬੰਧੀ ਮਤਾ ਪਾ ਕੇ ਬੀਡੀਪੀਓ ਦਫ਼ਤਰ ਦਿੱਤਾ ਜਾ ਚੁੱਕਾ ਹੈ। ਬੀਡੀਪੀਓ ਰੂਪਨਗਰ ਦਰਸ਼ਨ ਸਿੰਘ ਨੇ ਗੋਲ ਮੋਲ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਕੋਲ ਪੰਚਾਇਤ ਦਾ ਮਤਾ ਨਹੀਂ ਆਇਆ ਤੇ ਜੇਕਰ ਆਇਆ ਹੋਵੇਗਾ ਤਾਂ ਉਹ ਅੱਗੇ ਮਾਲ ਮਹਿਕਮੇ ਨੂੰ ਭੇਜ ਦਿੱਤਾ ਗਿਆ ਹੋਵੇਗਾ ਕਿਉਂਕਿ ਉਹ ਆਪਣੇ ਕੋਲ ਕੋਈ ਵੀ ਡਾਕ ਪੈਂਡਿੰਗ ਨਹੀਂ ਰੱਖਦੇ।

ਮੁੱਖ ਮੰਤਰੀ ਦਫਤਰ ਫੀਲਡ ਅਫਸਰ ਅਨਮਜੋਤ ਕੌਰ ਨਾਲ ਸੰਪਰਕ ਕੀਤੇ ਜਾਣ ਤੇ ਉਨ੍ਹਾਂ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ ਜਾਂਚ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਉਣਗੇ।

ਕੌਂਸਲ ਮੀਟਿੰਗ ’ਚ ਜ਼ਮੀਨ ਸਬੰਧੀ ਪਰਚੇ ਰੱਦ ਕਰਨ ਦੇ ਵਿਰੋਧ ਵਿੱਚ ਮਤਾ ਪਾਸ

ਬਨੂੜ (ਕਰਮਜੀਤ ਸਿੰਘ ਚਿੱਲਾ): ਨਗਰ ਕੌਂਸਲ ਬਨੂੜ ਦੀ ਹੰਗਾਮੀ ਮੀਟਿੰਗ ਅੱਜ ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ ਦੀ ਅਗਵਾਈ ਹੇਠ ਹੋਈ। ਇਸ ਵਿੱਚ 13 ਵਿੱਚੋਂ 11 ਕੌਂਸਲਰਾਂ ਨੇ ਹਿੱਸਾ ਲਿਆ। ਕੌਂਸਲ ਦੇ ਕਾਰਜਸਾਧਕ ਅਫ਼ਸਰ ਜਗਜੀਤ ਸਿੰਘ ਜੱਜ ਵੀ ਮੌਜੂਦ ਸਨ। ਜਗਤਾਰ ਕੰਬੋਜ ਨੇ ਦੱਸਿਆ ਕਿ ਮੀਟਿੰਗ ਵਿੱਚ 9-3-2019 ਨੂੰ ਕੌਂਸਲ ਵੱਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਕੌਂਸਲ ਦੀ ਮਲਕੀਅਤੀ 88 ਵਿੱਘੇ ਥਾਂ ਦੀਆਂ ਰਜਿਸਟਰੀਆਂ ਕਰਨ ਸਬੰਧੀ ਤਿੰਨ ਦਰਜਨ ਦੇ ਕਰੀਬ ਵਿਅਕਤੀਆਂ ਉੱਤੇ ਦਰਜ ਕਰਾਇਆ ਪਰਚਾ ਰੱਦ ਕਰਨ ਦੇ ਮਾਮਲੇ ਦੀ ਸਿਫਾਰਿਸ਼ ਸਬੰਧੀ ਵਿਚਾਰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਸਰਬਸੰਮਤੀ ਨਾਲ ਪੰਜਾਬ ਸਰਕਾਰ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਕਿ ਪਰਚਾ ਰੱਦ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ। ਇਸੇ ਦੌਰਾਨ ਮੁਹਾਲੀ ਦੀ ਡਿਪਟੀ ਕਮਿਸ਼ਨਰ ਵੱਲੋਂ ਇਸ ਮਾਮਲੇ ਦੇ ਸਮੁੱਚੇ ਰਿਕਾਰਡ ਦੀ ਜਾਂਚ ਸਬੰਧੀ ਦਿੱਤੇ ਨਿਰਦੇਸ਼ਾਂ ਅਧੀਨ ਮਾਲ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੌਂਸਲ ਦਾ ਸਬੰਧਿਤ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।





News Source link

- Advertisement -

More articles

- Advertisement -

Latest article