36 C
Patiāla
Friday, March 29, 2024

ਭਾਰਤ ਦੀ ਵਿਕਾਸ ਦਰ 6.3 ਫੀਸਦ ਰਹਿਣ ਦੀ ਸੰਭਾਵਨਾ: ਵਿਸ਼ਵ ਬੈਂਕ

Must read


ਵਾਸ਼ਿੰਗਟਨ, 6 ਜੂਨ

ਵਿਸ਼ਵ ਬੈਂਕ ਨੇ ਇਸ ਸਾਲ ਆਲਮੀ ਅਰਥਚਾਰੇ ਦੀ ਵਾਧਾ ਦਰ ਵਿਚ ਵੱਡੀ ਗਿਰਾਵਟ ਆਉਣ ਦਾ ਖ਼ਦਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਉੱਚੀਆਂ ਵਿਆਜ ਦਰਾਂ, ਰੂਸ-ਯੂਕਰੇਨ ਜੰਗ ਦੇ ਮਾੜੇ ਅਸਰਾਂ ਤੇ ਕੋਵਿਡ ਮਹਾਮਾਰੀ ਦੇ ਬਕਾਇਆ ਪ੍ਰਭਾਵਾਂ ਦਾ ਅਸਰ ਅਜੇ ਬਣਿਆ ਹੋਇਆ ਹੈ। ਵਿਸ਼ਵ ਬੈਂਕ ਦੀ ਅੱਜ ਜਾਰੀ ਰਿਪੋਰਟ ਮੁਤਾਬਕ ਸਾਲ 2023 ਲਈ ਵਾਧਾ ਦਰ ਦਾ ਨਵਾਂ ਅਨੁਮਾਨ ਜਨਵਰੀ ਦੇ ਪਿਛਲੇ ਅੰਦਾਜ਼ੇ ਨਾਲੋਂ ਬਿਹਤਰ ਹੈ। ਵਿਸ਼ਵ ਬੈਂਕ ਨੇ ਭਾਰਤੀ ਅਰਥਚਾਰੇ ਦੇ ਇਸ ਸਾਲ 6.3 ਪ੍ਰਤੀਸ਼ਤ ਦੀ ਦਰ ਨਾਲ ਅੱਗੇ ਵਧਣ ਦੀ ਸੰਭਾਵਨਾ ਜਤਾਈ ਹੈ ਜੋ ਪ੍ਰਮੁੱਖ ਦੇਸ਼ਾਂ ਵਿਚ ਸਭ ਤੋਂ ਵੱਧ ਹੈ। ਸਾਲ 2022 ਵਿਚ ਭਾਰਤ ਦੀ ਵਿਕਾਸ ਦਰ 7.2 ਪ੍ਰਤੀਸ਼ਤ ਰਹੀ ਸੀ। ਜ਼ਿਕਰਯੋਗ ਹੈ ਕਿ ਦੁਨੀਆ ਦੇ ਵੱਡੇ ਅਰਥਚਾਰਿਆਂ ਵਿਚ ਕੇਂਦਰੀ ਬੈਂਕਾਂ ਪਿਛਲੇ ਸਾਲ ਤੋਂ ਹੀ ਨੀਤੀਗਤ ਵਿਆਜ ਦਰਾਂ ਵਿਚ ਵਾਧੇ ਦਾ ਰੁਖ਼ ਅਪਣਾ ਰਹੀਆਂ ਹਨ। ਵਧਦੀ ਮਹਿੰਗਾਈ ਉਤੇ ਕਾਬੂ ਪਾਉਣ ਲਈ ਫੈਡਰਲ ਰਿਜ਼ਰਵ ਤੇ ਹੋਰ ਕੇਂਦਰੀ ਬੈਂਕਾਂ ਨੇ ਵਿਆਜ ਦਰਾਂ ਕਾਫ਼ੀ ਵਧਾ ਦਿੱਤੀਆਂ ਹਨ। ਹਾਲਾਂਕਿ ਇਸ ਨੇ ਮਹਾਮਾਰੀ ਦੀ ਸੱਟ ਤੋਂ ਉੱਭਰਨ ਵਿਚ ਲੱਗੀ ਆਲਮੀ ਅਰਥਵਿਵਸਥਾ ਸਾਹਮਣੇ ਚੁਣੌਤੀ ਵਧਾ ਦਿੱਤੀ ਹੈ। ਇਸ ਤੋਂ ਇਲਾਵਾ ਯੂਕਰੇਨ ਉਤੇ ਰੂਸ ਦੇ ਹਮਲੇ ਕਾਰਨ ਊਰਜਾ ਤੇ ਖਾਧ ਪਦਾਰਥਾਂ ਦੀ ਕਮੀ ਦਾ ਸੰਕਟ ਬਣਿਆ ਹੋਇਆ ਹੈ। ਇਸ ਦੇ ਬਾਵਜੂਦ ਵਿਸ਼ਵ ਬੈਂਕ ਨੂੰ ਲੱਗਦਾ ਹੈ ਕਿ ਸਾਲ 2024 ਵਿਚ ਆਲਮੀ ਅਰਥਚਾਰਾ 2.4 ਪ੍ਰਤੀਸ਼ਤ ਦੀ ਦਰ ਹਾਸਲ ਕਰਨ ਵਿਚ ਸਫਲ ਰਹੇਗਾ। ਵਿਸ਼ਵ ਬੈਂਕ ਨੇ ਦੁਨੀਆ ਦੇ ਸਭ ਤੋਂ ਵੱਡੇ ਅਰਥਚਾਰੇ ਅਮਰੀਕਾ ਵਿਚ ਸਾਲ 2023 ’ਚ ਵਿਕਾਸ ਦਰ 1.1 ਪ੍ਰਤੀਸ਼ਤ ਰਹਿਣ ਦੀ ਸੰਭਾਵਨਾ ਜਤਾਈ ਹੈ। ਯੂਰੋਪੀ ਸੰਘ ਦੀ ਦਰ 0.4 ਪ੍ਰਤੀਸ਼ਤ ਰਹਿਣ ਦੀ ਸੰਭਾਵਨਾ ਹੈ। ਰੂਸ-ਯੂਕਰੇਨ ਜੰਗ ਕਾਰਨ ਊਰਜਾ ਸੰਕਟ ਝੱਲ ਰਹੇ ਯੂਰੋਪੀ ਸੰਘ ਲਈ ਜਨਵਰੀ ਵਿਚ ਸਿਫ਼ਰ ਵਾਧਾ ਦਰ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਸੀ। ਚੀਨ ਲਈ ਵਿਕਾਸ ਦਰ ਅਨੁਮਾਨ ਨੂੰ ਵਧਾ ਕੇ 5.6 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ। -ਪੀਟੀਆਈ 



News Source link

- Advertisement -

More articles

- Advertisement -

Latest article