32.9 C
Patiāla
Tuesday, April 16, 2024

ਗਰਲ ਫਰੈਂਡ

Must read


ਗੁਰਮਲਕੀਅਤ ਸਿੰਘ ਕਾਹਲੋਂ

ਰਾਣੀ ਨੂੰ ਵਿਸ਼ਾਲ ਦੀ ਪਤਨੀ ਬਣਕੇ ਆਇਆਂ ਕਈ ਮਹੀਨੇ ਹੋ ਗਏ ਸਨ, ਪਰ ਉਸ ਨੂੰ ਲੱਗਦਾ ਨਹੀਂ ਸੀ ਕਿ ਉਹ ਮਾਪਿਆਂ ਦਾ ਘਰ ਛੱਡ ਕੇ ਹੋਰ ਥਾਂ ਅਤੇ ਹੋਰ ਪਰਿਵਾਰ ’ਚ ਰਹਿ ਰਹੀ ਹੈ। ਉਸ ਦੇ ਮਨ ’ਚ ਉਸ ਘਰ ਪ੍ਰਤੀ ਉਵੇਂ ਦੀ ਅਪਣੱਤ ਜਾਗ ਆਈ ਸੀ, ਜਿਵੇਂ ਉਸ ਨੂੰ ਮਾਪਿਆਂ ਦੇ ਘਰ ਮਹਿਸੂਸ ਹੋਇਆ ਕਰਦਾ ਸੀ। ਸਮੁੱਚੇ ਪਰਿਵਾਰ ਦੀ ਮੁਹੱਬਤ ਤੇ ਅਪਣੱਤ ਵਿੱਚ ਗੜੁੱਚ ਰਾਣੀ ਨੂੰ ਇਕੱਲੇ ਬੈਠਿਆਂ ਇਹ ਸਾਰਾ ਕੁਝ ਉਨ੍ਹਾਂ ਸੁਪਨਿਆਂ ਤੋਂ ਕਿਤੇ ਚੰਗਾ ਲੱਗਦਾ, ਜਿਹੜੇ ਕਦੇ ਆਪਣੇ ਤੋਂ 5-7 ਸਾਲ ਵੱਡੀਆਂ ਸਹੇਲੀਆਂ ਦੇ ਵਿਆਹਾਂ ਮੌਕੇ ਉਸ ਦੀਆਂ ਅੱਖਾਂ ’ਚ ਤੈਰਿਆ ਕਰਦੇ ਸਨ। ਬੈਠਿਆਂ ਬੈਠਿਆਂ ਉਸ ਦੇ ਹੱਥ ਰੱਬ ਦੇ ਸ਼ੁਕਰਾਨੇ ਵਿੱਚ ਜੁੜ ਜਾਂਦੇ। ਉਸ ਦੇ ਸੁਰਖ ਬੁੱਲ੍ਹ ਆਪਣੇ-ਆਪ ਸੰਸਾਰ ਭਰ ਦੀਆਂ ਕੁੜੀਆਂ ਲਈ ਇੰਜ ਦੇ ਸੁੱਖਾਂ ਵਾਸਤੇ ਅਰਜ਼ੋਈ ’ਚ ਫਰਕਣ ਲੱਗਦੇ। ਪਰ ਕਦੇ ਕਦਾਈਂ ਇਕੱਲੇ ਬੈਠਿਆਂ ਉਸ ਦੇ ਮਨ ਵਿੱਚ ਕਿਸੇ ਡਰ ਦੀ ਲਹਿਰ ਉੱਠਦੀ ਜੋ ਉਸ ਨੂੰ ਕੰਬਣੀ ਛੇੜ ਦਿੰਦੀ। ਉਸ ਦੇ ਪਤੀ ਸਮੇਤ ਪਰਿਵਾਰ ਦੇ ਜੀਆਂ ਤੋਂ ਹੁਣ ਤੱਕ ਗੁੱਝਾ ਉਹ ਭੇਤ ਕਾਲਾ ਦੈਂਤ ਬਣ ਕੇ ਉਸ ਦੇ ਸਾਹਮਣੇ ਆਣ ਖੜ੍ਹਦਾ। ਉਸ ਨੂੰ ਆਪਣੀ ਹੱਸਦੀ ਖੇਡਦੀ ਦੁਨੀਆ ਉੱਜੜਦੀ ਜਾਪਣ ਲੱਗਦੀ। ਡਰ ਨਾਲ ਉਸ ਦਾ ਸਰੀਰ ਠੰਢਾ ਪੈਣ ਲੱਗਦਾ। ਇਹ ਰੀਲ੍ਹ ਉਸ ਦੇ ਮਨ ਵਿੱਚ ਉਦੋਂ ਤੱਕ ਚੱਲਦੀ ਰਹਿੰਦੀ, ਜਦੋਂ ਤੱਕ ਪਰਿਵਾਰ ਦਾ ਕੋਈ ਜੀਅ ਆ ਕੇ ਉਸ ਦੀ ਸੁਰਤ ਭੰਗ ਨਾ ਕਰਦਾ। ਕੰਨਾਂ ਵਿੱਚ ਆਵਾਜ਼ ਪੈਂਦਿਆਂ ਉਹ ਤ੍ਰਭਕ ਪੈਂਦੀ, ਪਰ ਜਲਦੀ ਨਾਲ ਆਪਾ ਸੰਭਾਲਦੀ ਹੋਈ ਚਿਹਰੇ ਉੱਤੇ ਅਜਿਹਾ ਪ੍ਰਭਾਵ ਲਿਆਉਣ ਦੇ ਯਤਨ ਕਰਦੀ ਜਿਵੇਂ ਕੁਝ ਨਾ ਹੋਇਆ ਹੋਵੇ।

ਵਿਸ਼ਾਲ ਦੇ ਕੰਮ ਤੋਂ ਮੁੜਨ ਦਾ ਸਮਾਂ ਹੋਣ ਲੱਗਦਾ ਤਾਂ ਉਸ ਨੂੰ ਉਡੀਕ ਭਾਰੀ ਹੋਣ ਲੱਗਦੀ। ਡੋਰ ਬੈੱਲ ਵੱਜਦੀ ਤਾਂ ਉਹ ਦਰਵਾਜ਼ੇ ਵੱਲ ਭੱਜਣ ਦੀ ਥਾਂ ਨਿਆਣਿਆਂ ਵਾਂਗ ਆਪਣੇ ਕਮਰੇ ਦੇ ਦਰਵਾਜ਼ੇ ਓਹਲੇ ਲੁਕ ਜਾਂਦੀ। ਵਿਸ਼ਾਲ ਅੰਦਰ ਆਉਂਦਾ, ਚਾਰ ਚੁਫ਼ੇਰੇ ਵੇਖਣਾ ਸ਼ੁਰੂ ਕਰਦਾ ਤਾਂ ਉਹ ਪਿੱਛੋਂ ਦੀ ਹੋ ਕੇ ਉਸ ਦੀਆਂ ਅੱਖਾਂ ਉੱਤੇ ਹੱਥ ਰੱਖ ਦਿੰਦੀ। ਵਿਸ਼ਾਲ ਅਗਾਂਹ ਨੂੰ ਟੇਢਾ ਹੋ ਜਾਂਦਾ। ਰਾਣੀ ਦੇ ਪੈਰ ਧਰਤੀ ਤੋਂ ਚੁੱਕੇ ਜਾਂਦੇ ਤੇ ਭਾਰ ਵਿਸ਼ਾਲ ਦੇ ਲੱਕ ਉਤੇ ਪੈ ਜਾਂਦਾ। ਫਿਰ ਉਹ ਕਿੰਨੀ ਦੇਰ ਇੱਕ ਦੂਜੇ ਨੂੰ ਲਿਪਟ ਕੇ ਹੱਸਦੇ ਰਹਿੰਦੇ। ਵਿਸ਼ਾਲ ਦੀ ਮਾਂ ਮਨਜੀਤ ਕੌਰ ਨੂੰ ਬੱਚਿਆਂ ਦੇ ਲਾਡ ਪਿਆਰ ਚੰਗੇ ਲੱਗਦੇ। ਉਸ ਦੇ ਬੁੱਲ੍ਹ ਵਾਹਿਗੁਰੂ ਦੇ ਸ਼ੁਕਰਾਨੇ ’ਚ ਫਰਕਣ ਲੱਗਦੇ। ਕਿਸੇ ਚੰਦਰੇ ਦੀ ਨਜ਼ਰ ਉਤਾਰਨ ਲਈ ਉਹ ਰਾਤ ਨੂੰ ਦੋਹਾਂ ਤੋਂ ਮਿਰਚਾਂ ਵਾਰ ਕੇ ਅੱਗ ਵਿੱਚ ਸੁੱਟਦੀ। ਵਿਸ਼ਾਲ ਦੇ ਵਿਆਹ ਤੋਂ ਬਾਅਦ ਜਗਜੀਤ ਸਿਉਂ ਸੰਗਰਾਂਦ ਵਾਲੇ ਦਿਨ ਗੁਰਦੁਆਰੇ ਜਾਣਾ ਕਦੇ ਨਾ ਖੁੰਝਾਉਂਦਾ ਤੇ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਕੜਾਹ ਪ੍ਰਸਾਦ ਦੀ ਦੇਗ ਕਰਵਾ ਕੇ ਗ੍ਰੰਥੀ ਤੋਂ ਪੁੱਤ ਨੂੰਹ ਦੀਆਂ ਖੁਸ਼ੀਆਂ ਲਈ ਅਰਦਾਸ ਕਰਾਉਂਦਾ।

ਉਸ ਦਿਨ ਐਤਵਾਰ ਸੀ। ਹਰੇਕ ਐਤਵਾਰ ਉਨ੍ਹਾਂ ਦੇ ਘਰ ਇੱਕ ਦੀ ਥਾਂ ਤਿੰਨ ਅਖ਼ਬਾਰਾਂ ਆਉਂਦੀਆਂ ਸਨ। ਰਾਣੀ ਦੀ ਨਜ਼ਰ ਉਸ ਖ਼ਬਰ ਉੱਤੇ ਪਈ, ਜੋ ਸੁਰਖੀ ਬਣ ਕੇ ਛਪੀ ਹੋਈ ਸੀ। ਸਿਰਲੇਖ ਸੀ: ‘ਨੂੰਹ ਦੀ ਅਸਲੀਅਤ ਪਤਾ ਲੱਗੀ ਤਾਂ ਸਹੁਰਿਆਂ ਘਰੋਂ ਕੱਢਿਆ।’ ਜਿੰਨੀ ਤੇਜ਼ੀ ਨਾਲ ਰਾਣੀ ਦੀਆਂ ਨਜ਼ਰਾਂ ਖ਼ਬਰ ਦੇ ਅੱਖਰਾਂ ਉੱਤੇ ਦੌੜ ਰਹੀਆਂ ਸਨ, ਉਸ ਤੋਂ ਵੀ ਤੇਜ਼ ਰਫ਼ਤਾਰ ਨਾਲ ਉਸ ਦੇ ਮਨ ’ਚੋਂ ਕਾਲੇ ਦੈਂਤ ਦਾ ਪਰਛਾਵਾਂ ਪ੍ਰਗਟ ਹੋਈ ਜਾ ਰਿਹਾ ਸੀ। ਖ਼ਬਰ ਮੁਕਾ ਕੇ ਉਹ ਆਪਣੇ ਮਨ ਨੂੰ ਤਿਆਰ ਕਰ ਕੇ ਵਿਸ਼ਾਲ ਨਾਲ ਉਹ ਭੇਤ ਸਾਂਝਾ ਕਰਨ ਦੇ ਮੌਕੇ ਬਾਰੇ ਸੋਚਣ ਲੱਗੀ। ਉਸ ਦੀ ਸੱਸ ਤੇ ਸਹੁਰਾ ਇੱਕ ਇੱਕ ਅਖ਼ਬਾਰ ਉਸ ਦੇ ਮੂਹਰਿਓਂ ਚੁੱਕ ਕੇ ਲੈ ਗਏ, ਪਰ ਰਾਣੀ ਆਪਣੇ ਧਿਆਨ ਵਿੱਚ ਮਸਤ ਸੀ। ਉਸ ਨੂੰ ਅਖ਼ਬਾਰਾਂ ਚੁੱਕੇ ਜਾਣ ਦਾ ਅਹਿਸਾਸ ਬੜੀ ਦੇਰ ਬਾਅਦ ਹੋਇਆ। ਉਸ ਨੇ ਸਿਰ ਉਤੇ ਚੁੰਨੀ ਨੂੰ ਠੀਕ ਕੀਤਾ। ਵਿਸ਼ਾਲ ਕਿਸੇ ਕੰਮ ਬਾਹਰ ਗਿਆ ਹੋਇਆ ਸੀ। ਵਾਪਸ ਆਇਆ ਤਾਂ ਰਾਣੀ ਦੇ ਚਿਹਰੇ ਤੋਂ ਰੌਣਕ ਗਾਇਬ ਸੀ। ਵਿਸ਼ਾਲ ਨੇ ਇਹ ਸੋਚ ਕੇ ਇਸ ਨੂੰ ਗੰਭੀਰਤਾ ਨਾਲ ਨਾ ਲਿਆ ਕਿ ਸ਼ਾਇਦ ਕਿਸੇ ਕਹਾਣੀ ਜਾਂ ਖ਼ਬਰ ਦਾ ਰਾਣੀ ਦੇ ਨਾਜ਼ੁਕ ਮਨ ਉਤੇ ਅਸਰ ਹੋਇਆ ਹੋਏ। ਉਸ ਦਿਨ ਗੱਲ ਆਈ ਗਈ ਹੋ ਗਈ। ਉਂਜ ਵੀ ਵਿਸ਼ਾਲ ਦੀ ਹਾਜ਼ਰੀ ਵਿੱਚ ਮੁਸਕਰਾਉਂਦੇ ਰਹਿਣਾ ਰਾਣੀ ਦਾ ਸੁਭਾਅ ਬਣ ਗਿਆ ਸੀ।

ਕਈ ਦਿਨ ਲੰਘ ਗਏ, ਪਰ ਰਾਣੀ ਦੇ ਮਨ ’ਚੋਂ ਖ਼ਬਰ ਵਾਲੀ ਗੱਲ ਦਾ ਅਸਰ ਫਿੱਕਾ ਨਹੀਂ ਸੀ ਪੈ ਰਿਹਾ। ਇੱਕ ਦਿਨ ਪਿੰਡ ਵਿੱਚ ਕਿਸੇ ਦੇ ਘਰ ਵਿਆਹ ਸੀ। ਮਨਜੀਤ ਕੌਰ ਨੇ ਬਥੇਰਾ ਕਿਹਾ ਕਿ ਉਹ ਵੀ ਨਾਲ ਚੱਲੇ, ਪਰ ਮਨ ਨਾ ਮੰਨਦਾ ਹੋਣ ਕਰਕੇ ਰਾਣੀ ਨੇ ਟਾਲ ਦਿੱਤਾ। ਕੰਮ ਵਾਲੀ ਆਪਣੇ ਸਾਰੇ ਕੰਮ ਮੁਕਾ ਕੇ ਚਲੇ ਗਈ। ਰਾਣੀ ਨੂੰ ਐਡਾ ਵੱਡਾ ਘਰ ਖਾਣ ਨੂੰ ਆਉਂਦਾ ਮਹਿਸੂਸ ਹੋਣ ਲੱਗਾ। ਉਸ ਨੇ ਟੈਲੀਵਿਜ਼ਨ ਔਨ ਕੀਤਾ ਤੇ ਆਪਣੇ ਵਿਆਹ ਵਾਲੀ ਮੂਵੀ ਵੇਖਣ ਲੱਗੀ। ਮੂਵੀ ਦੇ ਸੀਨ ਉਸ ਦੇ ਅੰਦਰੋਂ ਉਹ ਡਰ ਘਟਾਉਣ ਲੱਗੇ, ਜਿਸ ਤੋਂ ਰਾਣੀ ਕਈ ਦਿਨਾਂ ਤੋਂ ਪਰੇਸ਼ਾਨ ਸੀ। ਉਸ ਦਾ ਆਪਣਾ ਵਿਸ਼ਾਲ ਉਤੇ ਬਣਿਆ ਭਰੋਸਾ ਹੋਰ ਪੱਕਾ ਹੋਣ ਲੱਗਾ। ਦੁਪਹਿਰ ਅਜੇ ਢਲੀ ਨਹੀਂ ਸੀ ਤੇ ਮੂਵੀ ਥੋੜ੍ਹੀ ਬਾਕੀ ਸੀ, ਵਿਸ਼ਾਲ ਆ ਗਿਆ। ਉਸ ਨੇ ਦੱਸਿਆ ਕਿ ਦਫ਼ਤਰੋਂ ਜਿਸ ਸਰਕਾਰੀ ਕੰਮ ਲਈ ਉਹ ਨਿਕਲਿਆ ਸੀ, ਉਹ ਕੰਮ ਘੰਟਿਆਂ ਦੀ ਥਾਂ ਮਿੰਟਾਂ ਵਿੱਚ ਮੁੱਕ ਗਿਆ, ਇਸ ਕਰਕੇ ਉਹ ਦੋ ਘੰਟੇ ਲਈ ਦੁਬਾਰਾ ਦਫ਼ਤਰ ਜਾਣ ਦੀ ਬਜਾਏ ਸਿੱਧਾ ਘਰ ਆ ਗਿਆ। ਥੋੜ੍ਹਾ ਫਰੈਸ਼ ਹੋ ਕੇ ਵਿਸ਼ਾਲ ਨੇ ਰਾਣੀ ਨੂੰ ਬਾਹੋਂ ਫੜਕੇ ਬਹਾ ਲਿਆ ਤੇ ਉਸ ਤੋਂ ਉਦਾਸੀ ਦਾ ਕਾਰਨ ਪੁੱਛਿਆ। ਕਾਫ਼ੀ ਦੇਰ ਰਾਣੀ ਬਹਾਨੇ ਬਣਾਈ ਗਈ, ਪਰ ਵਿਸ਼ਾਲ ਇਹ ਕਿਵੇਂ ਮੰਨ ਲੈਂਦਾ? ਉਸ ਨੇ ਤਾਂ ਰਾਣੀ ਦੀ ਉਦਾਸੀ ਵਾਲੇ ਦਿਨ ਤੋਂ ਹੀ ਕਾਰਨ ਸਮਝ ਲਿਆ ਸੀ। ਅਖ਼ਬਾਰ ਵਾਲੀ ਖ਼ਬਰ ਵਿਸ਼ਾਲ ਦੀਆਂ ਨਜ਼ਰਾਂ ’ਚੋਂ ਵੀ ਨਿਕਲੀ ਸੀ।

ਵਿਸ਼ਾਲ ਦੇ ਵਾਰ ਵਾਰ ਪੁੱਛਣ ’ਤੇ ਰਾਣੀ ਬਹਾਨੇ ਬਣਾਈ ਗਈ, ਪਰ ਵਿਸ਼ਾਲ ਹਾਰ ਮੰਨਣ ਵਾਲਾ ਨਹੀਂ ਸੀ। ਉਹ ਘੁੰਮਣ ਦੇ ਬਹਾਨੇ ਰਾਣੀ ਨੂੰ ਨਹਿਰ ਵਾਲੇ ਪਾਸੇ ਲੈ ਗਿਆ। ਪੁਲ ਦੇ ਹੇਠਾਂ ਠੋਕਰ ਬਣੀ ਹੋਈ ਸੀ, ਜਿਸ ਤੋਂ ਤੇਜ਼ੀ ਨਾਲ ਡਿੱਗਦਾ ਪਾਣੀ ਤਰੰਗਾਂ ਦੇ ਰੂਪ ਵਿੱਚ ਸੰਗੀਤਕ ਧੁਨਾਂ ਸ਼ਾਂਤ ਮਾਹੌਲ ’ਚ ਬਿਖੇਰ ਰਿਹਾ ਸੀ। ਪੁਲ ਤੋਂ ਥੋੜ੍ਹਾ ਅੱਗੇ ਜਾ ਕੇ ਬੈਠਣ ਲਈ ਬੈਂਚ ਲੱਗਾ ਹੋਇਆ ਸੀ। ਦੋਵੇਂ ਉੱਥੇ ਜਾ ਬੈਠੇ। ਕਾਫ਼ੀ ਦੇਰ ਤੱਕ ਵਿਸ਼ਾਲ ਰੁਮਾਂਟਿਕ ਗੱਲਾਂ ਕਰਦਾ ਰਿਹਾ ਤੇ ਨਾਲ ਨਾਲ ਭਵਿੱਖ ਦੀਆਂ ਯੋਜਨਾਵਾਂ ਵਿੱਚ ਰਾਣੀ ਦੀ ਸਹਿਮਤੀ ਲੈਂਦਾ ਰਿਹਾ। ਅਸਲ ਵਿੱਚ ਉਹ ਰਾਣੀ ਨੂੰ ਉਦਾਸੀ ਵਾਲਾ ਸਵਾਲ ਕਰਨ ਤੋਂ ਪਹਿਲਾਂ ਉਸ ਕੋਲ ਟਾਲਣ ਦਾ ਮੌਕਾ ਨਹੀਂ ਸੀ ਰਹਿਣ ਦੇਣਾ ਚਾਹੁੰਦਾ। ਜਿਵੇਂ ਜਿਵੇਂ ਹਨੇਰਾ ਪਸਰੀ ਜਾ ਰਿਹਾ ਸੀ, ਉਸ ਦੇ ਨਾਲ ਮਾਹੌਲ ਸ਼ਾਂਤ ਹੋਈ ਜਾ ਰਿਹਾ ਸੀ। ਡਿੱਗਦੇ ਪਾਣੀ ਦਾ ਸੰਗੀਤ ਮਿਠਾਸ ਬਣ ਕੇ ਦੋਹਾਂ ਦੇ ਕੋਮਲ ਮਨਾਂ ਨੂੰ ਆਪਣੇ ਨਾਲ ਜੋੜ ਰਿਹਾ ਸੀ। ਪੁੰਨਿਆਂ ਦੇ ਚੰਨ ਦੀ ਚਾਨਣੀ ਅਲੌਕਿਕ ਜਿਹੇ ਦ੍ਰਿਸ਼ ਸਿਰਜਣ ਲੱਗ ਪਈ ਸੀ। ਦੋਹਾਂ ਨੂੰ ਆਲਾ ਦੁਆਲਾ ਕਿਸੇ ਸਵਰਗ ਵਾਂਗ ਲੱਗਣ ਲੱਗ ਪਿਆ। ਵਿਸ਼ਾਲ ਨੇ ਰਾਣੀ ਦੇ ਦੋਹੇਂ ਹੱਥਾਂ ਨੂੰ ਚੁੰਮ ਕੇ ਆਪਣੇ ਗਲ਼ ਵਿੱਚ ਪਾ ਲਿਆ ਤੇ ਬੜੇ ਰੁਮਾਂਟਿਕ ਅੰਦਾਜ਼ ਵਿੱਚ ਉਦਾਸੀ ਦੇ ਕਾਰਨ ਦੀ ਗੱਲ ਤੋਰੀ।

ਰਾਣੀ ਨੇ ਦੱਸਣ ਦਾ ਮਨ ਤਾਂ ਬਣਾ ਲਿਆ ਸੀ, ਪਰ ਹੌਸਲਾ ਨਹੀਂ ਸੀ ਪੈ ਰਿਹਾ। ਉਸ ਨੂੰ ਖੁਦ ਪਤਾ ਨਾ ਲੱਗਾ ਕਿ ਕਦੋਂ ਦਰਦ ’ਚ ਗੜੁੱਚ ਕੋਸਾ ਪਾਣੀ ਝਰਨੇ ਵਾਂਗ ਉਸ ਦੀਆਂ ਅੱਖਾਂ ’ਚੋਂ ਵਹਿਣ ਲੱਗਿਆ। ਰਾਣੀ ਦੀਆਂ ਨਜ਼ਰਾਂ ਝੁਕੀਆਂ ਹੋਈਆਂ ਸਨ। ਉਸ ਨੂੰ ਪਤਾ ਈ ਨਾ ਲੱਗਾ ਕਿ ਵਿਸ਼ਾਲ ਨੇ ਕਦੋਂ ਤੋਂ ਆਪਣੀਆਂ ਅੱਖਾਂ ਉਸ ਦੇ ਚਿਹਰੇ ਉਤੇ ਗੱਡੀਆਂ ਹੋਈਆਂ ਸਨ। ਵਿਸ਼ਾਲ ਦੋਹੇਂ ਹੱਥਾਂ ਨਾਲ ਰਾਣੀ ਦਾ ਚਿਹਰਾ ਉੱਪਰ ਕਰਨ ਲੱਗਾ ਤਾਂ ਹੰਝੂ ਉਸ ਦੇ ਹੱਥਾਂ ਦੇ ਉਤੋਂ ਦੀ ਹੋ ਤੁਰੇ। ਉਸ ਮੌਕੇ ਰਾਣੀ ਦੇ ਮਨ ’ਚੋਂ ਦਰਦ ਦੀ ਜੋ ਚੀਸ ਉੱਠੀ, ਵਿਸ਼ਾਲ ਨੇ ਉਸ ਨੂੰ ਮਹਿਸੂਸ ਕਰ ਲਿਆ ਸੀ। ਰਾਣੀ ਨੇ ਗੱਲ ਟਾਲਣ ਦੇ ਯਤਨ ਕੀਤੇ, ਪਰ ਵਿਸ਼ਾਲ ਦਾ ਮਨ ਕਹਿ ਰਿਹਾ ਸੀ ਕਿ ਅੱਜ ਇਹ ਭੇਤ ਖੁੱਲ੍ਹ ਜਾਣਾ ਚਾਹੀਦਾ। ਥੋੜ੍ਹੀ ਦੇਰ ਦੋਵੇਂ ਚੁੱਪ ਬੈਠੇ ਰਹੇ ਤੇ ਵਿਸ਼ਾਲ ਰਾਣੀ ਦੇ ਵਾਲਾਂ ’ਚ ਹੱਥ ਫੇਰਦਾ ਰਿਹਾ।

ਮਸੀਂ ਪੰਜ ਸੱਤ ਮਿੰਟ ਲੰਘੇ ਹੋਣਗੇ, ਵਿਸ਼ਾਲ ’ਚੋਂ ਸਮੁੰਦਰਾਂ ਨੂੰ ਵੀ ਮਾਤ ਪਾਉਂਦੀ ਵਿਸ਼ਾਲਤਾ, ਦੈਵੀ ਰੂਪ ਵਿੱਚ ਉਸ ਦੇ ਸਾਹਮਣੇ ਆ ਖੜ੍ਹੀ ਹੋਈ। ਚੰਨ ਦੀ ਚਾਨਣੀ ਵਿੱਚ ਰਾਣੀ ਸਾਫ਼ ਵੇਖ ਰਹੀ ਸੀ ਕਿ ਵਿਸ਼ਾਲ ਦੇ ਉਸ ਦੈਵੀ ਰੂਪ ਨੇ ਅੱਖਾਂ ਰਾਣੀ ਦੇ ਚਿਹਰੇ ’ਤੇ ਗੱਡੀਆਂ ਹੋਈਆਂ ਸਨ। ਵਿਸ਼ਾਲ ਨੇ ਸਵਾਲ ਕੀਤਾ,

‘‘ਰਾਣੀ ਕੀ ਤੂੰ ਦੱਸ ਸਕੇਂਗੀ ਕਿ ਮੈਂ ਤੇਰੀਆਂ ਅੱਖਾਂ ’ਚ ਕੀ ਵੇਖ ਰਿਹਾਂ ?” ਵਿਸ਼ਾਲ ਨੇ ਰਾਣੀ ਦੇ ਧਿਆਨ ਦਾ ਸਟੇਰਿੰਗ ਘੁੰਮਾਉਣ ਦਾ ਯਤਨ ਕੀਤਾ।

‘‘ਇੱਥੇ ਸਭ ਤੋਂ ਮੂਹਰੇ ਤੁਹਾਡੇ ਤੋਂ ਬਿਨਾਂ ਹੋਰ ਕੌਣ ਹੋ ਸਕਦਾ। ਹਾਂ, ਗਹੁ ਨਾਲ ਵੇਖੋਗੇ ਤਾਂ ਤੁਹਾਡੇ ਪਿੱਛੇ ਮਾਂ-ਬਾਪ, ਭੈਣਾਂ-ਭਰਾ ਤੇ ਹੋਰ ਰਿਸ਼ਤੇਦਾਰਾਂ ਦੀ ਕਤਾਰ ਵੀ ਨਜ਼ਰ ਆਏਗੀ। ਹੋਰ ਗਹੁ ਨਾਲ ਵੇਖੋਗੇ ਤਾਂ ਤੁਹਾਨੂੰ ਪੈਦਾ ਹੋਣ ਵਾਲੇ ਆਪਣੇ ਬੱਚਿਆਂ ਦੇ ਨਕਸ਼ ਵੀ ਲੱਭਣਗੇ।’’ ਸਹਿਜ-ਸੁਭਾਅ ਕਿੰਨਾ ਕੁਝ ਰਾਣੀ ਦੀ ਜ਼ੁਬਾਨ ’ਤੇ ਆ ਗਿਆ ਸੀ।

ਵਿਸ਼ਾਲ ਨੂੰ ਲੱਗਿਆ, ਰਾਣੀ ਸ਼ਾਇਦ ਅੰਦਰਲੇ ਦਰਦ ਦੀਆਂ ਪੀਢੀਆਂ ਗੰਢਾਂ ਇੰਜ ਨਾ ਖੋਲ੍ਹੇ। ਉਹ ਪਾਸਾ ਬਦਲਦੇ ਹੋਏ ਹੋਰ ਗੱਲਾਂ ਕਰਨ ਲੱਗਾ। ਦੋ ਚਾਰ ਮਿੰਟ ਬਾਅਦ ਉਸ ਨੇ ਸਕੀਮ ਘੜ ਲਈ ਤੇ ਰਾਣੀ ਦੇ ਹੱਥਾਂ ਨੂੰ ਪਲੋਸਦੇ ਹੋਏ, ਬੋਲਿਆ,

‘‘ਰਾਣੀ ਮੈਂ ਅੱਜ ਤੈਨੂੰ ਉਹ ਗੱਲ ਸੁਣਾਉਂਦਾ ਜਿਸ ਬਾਰੇ ਕਦੇ ਤੂੰ ਵੀ ਮੈਨੂੰ ਸਵਾਲ ਈ ਨਹੀਂ ਕੀਤਾ। ਉਸ ਤੋਂ ਪਹਿਲਾਂ ਸੌਰੀ ਕਹਿ ਲੈਨਾਂ ਕਿ ਇਹ ਗੱਲ ਮੈਂ ਹੁਣ ਤੱਕ ਤੇਰੇ ਤੋਂ ਲੁਕੋ ਕੇ ਰੱਖੀ ਸੀ ਕਿ ਵਿਆਹ ਤੋਂ ਪਹਿਲਾਂ ਮੇਰੀ ਇੱਕ ਗਰਲ ਫਰੈਂਡ ਹੁੰਦੀ ਸੀ।’’

ਵਿਸ਼ਾਲ ਦੇ ਮੂੰਹੋਂ ਗਰਲ ਫਰੈਂਡ ਸੁਣਦੇ ਹੀ ਰਾਣੀ ਨੂੰ ਹੈਰਾਨੀ ਨੇ ਆਣ ਘੇਰਿਆ। ਉਸ ਦੀ ਗਰਦਨ ਸਿੱਧੀ ਹੋ ਗਈ ਤੇ ਅੱਖਾਂ ਵਿਸ਼ਾਲ ਦੇ ਚਿਹਰੇ ਉੱਤੇ ਟਿਕ ਗਈਆਂ। ਉਹ ਚਾਹੁੰਦੀ ਸੀ ਕਿ ਵਿਸ਼ਾਲ ਇਹ ਗੱਲ ਦੱਸਣ ਵਿੱਚ ਜ਼ਰਾ ਵੀ ਦੇਰੀ ਨਾ ਕਰੇ, ਪਰ ਵਿਸ਼ਾਲ ਜਾਣ-ਬੁੱਝ ਕੇ ਇੱਧਰ ਉੱਧਰ ਵੇਖਣ ਲੱਗਾ। ਅਸਲ ਵਿੱਚ ਉਹ ਰਾਣੀ ਦੀ ਬੇਸਬਰੀ ਵਧਾਉਣਾ ਚਾਹੁੰਦਾ ਸੀ। ਆਖਰ ਰਾਣੀ ਤੋਂ ਰਹਿ ਨਾ ਹੋਇਆ।

‘‘ਦੱਸੋ ਨਾ, ਕੌਣ ਸੀ ਉਹ ਕਿੱਥੋਂ ਦੀ ਸੀ, ਕਿੰਨੇ ਸਾਲ ਰਹੀ ਤੁਹਾਡੀ ਸਾਂਝ ਤੇ ਫਿਰ ਟੁੱਟੀ ਕਿਉਂ ?’’

‘‘ਨਹੀਂ ਰਾਣੀ, ਇਹ ਟੁੱਟੀ ਸ਼ਬਦ ਫਿਰ ਨਾ ਬੋਲੀਂ।’’ ਵਿਸ਼ਾਲ ਦੀਆਂ ਅੱਖਾਂ ’ਚੋਂ ਕਿਸੇ ਸਫਲਤਾ ਦਾ ਝੌਲਾ ਪੈਣ ਲੱਗਾ, ਜੋ ਅਸਲ ਵਿੱਚ ਵਿਸ਼ਾਲ ਨੂੰ ਆਪਣੀ ਸਕੀਮ ਸਿਰੇ ਲੱਗਣ ਦਾ ਸੰਕੇਤ ਸੀ।

‘‘ਗੱਲ ਛੇੜ ਕੇ ਹੁਣ ਦੱਸਦੇ ਕਿਉਂ ਨਹੀਂ, ਮੈਂ ਲੱਗੀ ਆਂ ਨਹਿਰ ’ਚ ਛਾਲ ਮਾਰਨ ?’’ ਰਾਣੀ ਬੇਤਾਬ ਹੋਈ ਜਾ ਰਹੀ ਸੀ।

“ਤੈਨੂੰ ਕੀ ਲੱਗਦਾ ਮੈਂ ਡੁੱਬਣ ਦੇਊਂਗਾ, ਮੈਨੂੰ ਤੈਰਨਾ ਆਉਂਦਾ।’’ ਰਾਣੀ ਨੂੰ ਲੱਗਿਆ ਜਿਵੇਂ ਵਿਸ਼ਾਲ ਦੀਆਂ ਅੱਖਾਂ ’ਚ ਬਲਬ ਵਰਗੀ ਚਮਕ ਆ ਗਈ ਹੋਵੇ। ਉਸ ਨੇ ਵਿਸ਼ਾਲ ਦੇ ਹੱਥ ਘੁੱਟ ਕੇ ਫੜੇ ਤੇ ਗੱਲ ਛੇਤੀ ਦੱਸਣ ਦਾ ਤਰਲਾ ਮਾਰਿਆ।

‘‘ਲੈ ਸੁਣ, ਗੱਲ ਜ਼ਰਾ ਲੰਮੀ ਹੋਜੂ, ਪਿੱਛੇ ਢੋਅ ਲਾ ਕੇ ਬੈਠ ਜਾ ਤੇ ਗੱਲ ਮੁੱਕਣ ਤੱਕ ਕੋਈ ਸਵਾਲ ਨਾ ਕਰੀਂ। ਬਾਅਦ ਵਿੱਚ ਜੋ ਜੀ ਕਰੇ ਪੁੱਛ ਲਵੀਂ।

ਦੋਵਾਂ ਨੇ ਬੂਟ ਲਾਹ ਕੇ ਪੈਰ ਬੈਂਚ ਦੇ ਉੱਪਰ ਰੱਖ ਲਏ। ਵਿਸ਼ਾਲ ਨੇ ਬੋਲਣਾ ਸ਼ੁਰੂ ਕੀਤਾ, ਰਾਣੀ ਦੀਆਂ ਅੱਖਾਂ ਪਹਿਲਾਂ ਹੀ ਉਸ ਦੇ ਬੁੱਲ੍ਹਾਂ ਉਤੇ ਟਿਕੀਆਂ ਹੋਈਆਂ ਸਨ ਕਿ ਕਦ ਉਹ ਗੱਲ ਸ਼ੁਰੂ ਕਰਨ ਲਈ ਫਰਕਣਾ ਸ਼ੁਰੂ ਕਰਨਗੇ।

‘‘ਰਾਣੀ ਮੈਂ ਉਦੋਂ ਲੁਧਿਆਣੇ ਪੀਏਯੂ ’ਚ ਪੜ੍ਹਦਾ ਹੁੰਦਾ ਸੀ। ਪੋਸਟ ਗ੍ਰੈਜੂਏਸ਼ਨ ਦਾ ਆਖਰੀ ਸਾਲ ਸੀ। ਇੱਥੋਂ ਰੋਜ਼ ਆਉਣਾ ਜਾਣਾ ਸੰਭਵ ਨਾ ਹੋਣ ਕਰਕੇ ਹੋਸਟਲ ਰਹਿਣਾ ਮਜਬੂਰੀ ਸੀ। ਵੀਕਐਂਡ ਘਰ ਆ ਜਾਂਦਾ ਤੇ ਸੋਮਵਾਰ ਇੱਥੋਂ ਤੜਕੇ ਜਾ ਕੇ ਕਲਾਸ ਟਾਈਮ ਤੱਕ ਯੂਨੀਵਰਸਿਟੀ ਪਹੁੰਚ ਜਾਂਦਾ। ਉਸ ਸੋਮਵਾਰ ਨੂੰ ਮੈਨੂੰ ਫ਼ਰੀਦਕੋਟ ਤੋਂ ਲੁਧਿਆਣੇ ਵਾਲੀ ਸਿੱਧੀ ਬੱਸ ਮਿਲ ਗਈ। ਮੋਗੇ ਤੋਂ ਕੁਝ ਸਵਾਰੀਆਂ ਉਤਰੀਆਂ ਤੇ ਕੁਝ ਚੜ੍ਹੀਆਂ। ਮੇਰੇ ਤੋਂ ਮੂਹਰਲੀ ਸੀਟ ’ਤੇ ਮਾਂ-ਬੇਟੀ ਆਣ ਬੈਠੀਆਂ। ਉਨ੍ਹਾਂ ਦੇ ਬੈਠਦੇ ਸਾਰ ਮੇਰੇ ਮਨ ਦੀਆਂ ਖਿੜਕੀਆਂ ਰਾਹੀਂ ਅਲੌਕਿਕ ਰਿਸ਼ਮਾਂ ਨੇ ਪ੍ਰਵੇਸ਼ ਕੀਤਾ। ਬਿਲਕੁਲ ਉਵੇਂ, ਜਿਵੇਂ ਲਿਖਿਆ ਮਿਲਦਾ ਕਿ ਫਲਾਣੇ ਸੰਤ ਨੂੰ ਜੰਗਲਾਂ ’ਚ ਕਈ ਸਾਲ ਤਪੱਸਿਆ ਕਰਨ ਤੋਂ ਬਾਅਦ ਗਿਆਨ ਪ੍ਰਾਪਤ ਹੋਇਆ। ਅਦੁੱਤੀ ਜਿਹੇ ਅਹਿਸਾਸ ਦਾ ਨਿੱਘ ਮੈਨੂੰ ਆਪਣੇ ਅੰਦਰ ਮਹਿਸੂਸ ਹੋਣ ਲੱਗਿਆ। ਦੋਹਾਂ ਦੀ ਗੱਲਬਾਤ ਤੋਂ ਮੈਂ ਸਮਝ ਲਿਆ ਸੀ ਕਿ ਉਹ ਮਾਂ-ਬੇਟੀ ਨੇ। ਬੱਸ ਅਜੇ ਭਰੀ ਨਹੀਂ ਸੀ। ਬੋਰਡ ’ਤੇ ਲਿਖੀ ਸਮਾਂ ਸੂਚੀ ਅਨੁਸਾਰ ਅਜੇ ਸੱਤ ਮਿੰਟ ਰਹਿੰਦੇ ਸਨ। ਮਾਤਾ ਦੇ ਮੋਬਾਈਲ ਫੋਨ ਦੀ ਘੰਟੀ ਵੱਜੀ। ਪਿਕਅਪ ਤੋਂ ਪਹਿਲਾਂ ਉਹ ਨੰਬਰ ਨਿਹਾਰ ਰਹੇ ਸਨ। ਮੈਨੂੰ ਖੁਦ ਨਹੀਂ ਪਤਾ ਕਿ ਉਸ ਦੇ ਕਾਲਰ ਦਾ ਨੰਬਰ ਉਸ ਦੀ ਸਕਰੀਨ ਤੋਂ ਮੇਰੀਆਂ ਅੱਖਾਂ ਰਾਹੀਂ ਹੋ ਕੇ ਅਭੁੱਲ ਚੇਤਿਆਂ ਵਿੱਚ ਕਿਵੇਂ ਚੜ੍ਹ ਗਿਆ।

ਬੱਸ ਚੱਲ ਪਈ। ਕੰਡਕਟਰ ਦੇ ਸਾਡੀਆਂ ਸੀਟਾਂ ਤੱਕ ਪੁੱਜਣ ਤੱਕ ਬੱਸ ਸ਼ਹਿਰੋਂ ਬਾਹਰ ਨਿਕਲ ਚੁੱਕੀ ਸੀ। ਕੁੜੀ ਦੀ ਮਾਂ ਨੇ ਪੰਜ ਸੌ ਦਾ ਨੋਟ ਦਿੰਦਿਆਂ ਲੁਧਿਆਣੇ ਦੀਆਂ ਦੋ ਟਿਕਟਾਂ ਮੰਗੀਆਂ। ਕੰਡਕਟਰ ਨੇ ਨੋਟ ਦਾ ਕੋਨਾ ਫਟਿਆ ਕਹਿੰਦਿਆਂ ਵਟਾ ਕੇ ਦੇਣ ਲਈ ਕਿਹਾ। ਕੰਡਕਟਰ ਦੇ ਅੜੀਅਲ ਤੇ ਰੁੱਖੇ ਵਤੀਰੇ ਨੂੰ ਮੈਂ ਆਪਣੇ ਸ਼ਹਿਰ ਤੋਂ ਵੇਖਦਾ ਆ ਰਿਹਾ ਸੀ। ਮਾਤਾ ਨੇ ਪਰਸ ਵਿੱਚ ਹੱਥ ਮਾਰਿਆ ਤੇ ਹਜ਼ਾਰ ਦਾ ਕੜਕਦਾ ਨੋਟ ਦਿੱਤਾ, ਪਰ ਆਦਤ ਤੋਂ ਮਜਬੂਰ ਕੰਡਕਟਰ ਨੇ ਤਲਖੀ ਵਿਖਾਉਂਦਿਆਂ ਟੁੱਟੇ ਹੈਨੀ ਕਹਿ ਕੇ ਛੋਟਾ ਨੋਟ ਮੰਗਿਆ। ਇਸ ਤੋਂ ਪਹਿਲਾਂ ਕਿ ਮਾਤਾ ਜੀ ਕੁਝ ਕਹਿੰਦੇ, ਮੇਰੇ ਤੋਂ ਰਿਹਾ ਨਾ ਗਿਆ।

“ਭਾਈ ਸਾਹਿਬ, ਅਸੀਂ ਯਾਤਰੀ ਤੁਹਾਡੇ ਰਹਿਮੋ ਕਰਮ ’ਤੇ ਨਹੀਂ ਜਾਂ ਕੋਈ ਪੇਸ਼ੀ ਨਹੀਂ ਭੁਗਤਣ ਆਏ, ਬੱਸਾਂ ਬਿਜ਼ਨਸ ਅਦਾਰੇ ਨੇ ਤੇ ਤੁਸੀਂ ਹੋ ਸੇਲਜ਼ਮੈਨ। ਅਸੀਂ ਸਵਾਰੀਆਂ ਤੁਹਾਡੇ ਗਾਹਕ ਹਾਂ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਗਾਹਕ ਨਾਲ ਕਿਵੇਂ ਡੀਲ ਕਰਨਾ।’’ ਕੰਡਕਟਰ ਕੈਰੀ ਅੱਖ ਮੇਰੀ ਵੱਲ ਵੇਖਦੇ ਹੋਏ ਟਿਕਟ ਕਾਪੀਆਂ ਫਰੋਲਣ ਲੱਗ ਪਿਆ।

ਮੈਂ ਵੇਖਿਆ, ਮਾਤਾ ਦੇ ਮੱਥੇ ਉਤੇ ਤਸੱਲੀ ਦੀਆਂ ਲਕੀਰਾਂ ਉੱਭਰ ਆਈਆਂ ਸਨ। ਕੰਡਕਟਰ ਨੇ ਬਿਨਾਂ ਕੁਝ ਬੋਲੇ ਉਹੀ ਨੋਟ ਫੜਿਆ, ਟਿਕਟਾਂ ਕੱਟੀਆਂ ਤੇ ਬਕਾਏ ਸਮੇਤ ਉਨ੍ਹਾਂ ਨੂੰ ਫੜਾਉਂਦਿਆਂ ਮੇਰੇ ਵੱਲ ਟੀਰਾ ਜਿਹਾ ਝਾਕਦੇ ਹੋਏ ਅਗਾਂਹ ਵਧ ਗਿਆ। ਜਿਸ ਤੇਜ਼ੀ ਨਾਲ ਬੱਸ ਮੰਜ਼ਿਲ ਵੱਲ ਵਧ ਰਹੀ ਸੀ, ਉਸੇ ਤਰ੍ਹਾਂ ਦੀ ਤੇਜ਼ੀ ਨਾਲ ਮੇਰਾ ਮਨ ਸਵਾਲਾਂ ਜਵਾਬਾਂ ਦੇ ਜਾਲ ਵਿੱਚ ਨੂੜਦਾ ਜਾ ਰਿਹਾ ਸੀ। ਮੈਨੂੰ ਨਹੀਂ ਪਤਾ ਲੱਗਾ ਕਿ ਬੱਸ ਜਗਰਾਵਾਂ ਵਾਲੇ ਬੱਸ ਅੱਡੇ ਦੇ ਅੰਦਰ ਗਈ ਕਿ ਨਹੀਂ ਤੇ ਕਿੰਨੇ ਦੇਰ ’ਚ ਮੁਲਾਂਪੁਰ ਦਾਖਾ ਪਾਰ ਕਰਦੀ ਹੋਈ ਥਰੀਕੇ ਮੋੜ ਲੰਘ ਕੇ ਸਿਧਵਾਂ ਨਹਿਰ ਪਾਰ ਕਰ ਗਈ। ਕੰਡਕਟਰ ਨੇ ਸੀਟੀ ਮਾਰ ਕੇ ‘ਚਲੋ ਬਈ ਯੂਨੀਵਰਸਿਟੀ ਵਾਲੇ’ ਦੀ ਆਵਾਜ਼ ਦਿੱਤੀ। ਮੈਂ ਛੇਤੀ ਨਾਲ ਆਪਣਾ ਬੈਗ ਫੜ ਕੇ ਅਗਲੀ ਬਾਰੀ ਵੱਲ ਵਧਿਆ। ਹੇਠਲੇ ਪੌੜੇ ’ਤੇ ਪੈਰ ਧਰਦਿਆਂ ਮੇਰੀ ਨਜ਼ਰ ਖੱਬੇ ਪਾਸੇ ਨੂੰ ਹੋਈ। ਮੈਂ ਵੇਖਿਆ, ਮਾਂ-ਬੇਟੀ ਦੀਆਂ ਨਜ਼ਰਾਂ ’ਚੋਂ ਧੰਨਵਾਦ ਛਲਕ ਰਿਹਾ ਸੀ।

ਪਹਿਲੇ ਪੀਰੀਅਡ ਵਿੱਚ ਅਜੇ ਕਾਫ਼ੀ ਸਮਾਂ ਸੀ। ਮੇਰੇ ਮਨ ਵਿੱਚ ਘੜਮੱਸ ਮੱਚੀ ਪਈ ਸੀ। ਕੌਣ ਤੇ ਕਿੱਥੋਂ ਹੋਣਗੀਆਂ ਇਹ। ਸਵਾਲ ਮੈਨੂੰ ਪਰੇਸ਼ਾਨ ਕਰੀ ਜਾ ਰਿਹਾ ਸੀ। ਅਜਿਹੀ ਸਥਿਤੀ ’ਚ ਸਵਾਲਾਂ ’ਚੋਂ ਪਨਪਦੀਆਂ ਸਕੀਮਾਂ ਤੇਜ਼ੀ ਫੜ ਲੈਂਦੀਆਂ। ਖਿਆਲ ਆਇਆ, ਉਸ ਨੰਬਰ ’ਤੇ ਫੋਨ ਕਰਾਂ। ਅੰਦਰਲਾ ਬੋਲ ਪਿਆ, ਕੀ ਕਹੇਂਗਾ, ਕੌਣ ਆਂ, ਐਵੇਂ ਨਾ ਕਿਤੇ ਫਸ ਜਾਈਂ। ਫੁਰਨਾ ਫੁੱਟਿਆ ਤੇ ਉਹ ਰਟਿਆ ਹੋਇਆ ਨੰਬਰ ਤੇ ਠੂੰਗੇ ਵਜਦੇ ਗਏ, ਇੱਕ ਦੋ ਘੰਟੀਆਂ ਤੋਂ ਬਾਅਦ ਮਿਠਾਸ ਭਰੀ ਮਰਦਾਨਾ ਆਵਾਜ਼ ਆਈ, ਕੌਣ ? ਸਤਿਕਾਰ ਪ੍ਰਗਟਾਵੇ ਤੋਂ ਬਾਅਦ ਮੈਂ ਦੱਸਿਆ ਕਿ ਮੋਗੇ ਤੋਂ ਲੁਧਿਆਣੇ ਆਉਂਦਿਆਂ ਇੱਕੋ ਜਿਹੇ ਹੋਣ ਕਰਕੇ ਕਿਸੇ ਦਾ ਬੈਗ ਮੇਰੇ ਨਾਲ ਵੱਟਿਆ ਗਿਆ। ਮੇਰੇ ਨਾਲ ਕੋਈ ਮਾਂ-ਬੇਟੀ ਬੈਠੀਆਂ ਸਨ, ਕਿਤੇ ਉਨ੍ਹਾਂ ਦਾ ਨਾ ਹੋਵੇ, ਇਸ ਲਈ ਤੁਹਾਨੂੰ ਫੋਨ ਕੀਤਾ ਸੀ। ਤੁਸੀਂ ਸਵਾ ਕੁ ਸੱਤ ਉਨ੍ਹਾਂ ਨਾਲ ਗੱਲ ਕੀਤੀ ਸੀ ਅੱਜ।

ਹਾਂ ਜੀ ਹਾਂ, ਮੇਰੀ ਗੱਲ ਹੋਈ ਸੀ, ਰਮਿੰਦਰ ਤੇ ਉਸ ਦੀ ਮੰਮੀ ਨਾਲ। ਮੇਰੀ ਭੈਣ ਤੇ ਭਾਣਜੀ ਨੇ ਉਹ।

“ਜੀ ਉਹ ਕਿੱਥੋਂ ਹਨ ਤੇ ਕੀ ਨਾਂ ਨੇ ?” ਮੱਛੀ ਦੀ ਅੱਖ ’ਤੇ ਲੱਗੇ ਨਿਸ਼ਾਨੇ ਦੇ ਫਖਰ ਨਾਲ ਮੈਂ ਚੌੜਾ ਹੋ ਗਿਆ ਸਾਂ।

‘ਕਾਕਾ ਜੀ ਮੇਰੇ ਜੀਜਾ ਜੀ ਹਾਈਕੋਰਟ ਦੇ ਸੀਨੀਅਰ ਵਕੀਲ ਨੇ ਤੇ ਮੁਹਾਲੀ ਰਹਿੰਦੇ ਨੇ। ਭੈਣ ਜੀ ਦਾ ਨੰਬਰ ਲਓ ਤੇ ਦੱਸ ਦਿਓ, ਉਨ੍ਹਾਂ ਲੁਧਿਆਣੇ ਕਿਸੇ ਕੋਲ ਥੋੜ੍ਹਾ ਰੁਕਣਾ ਵੀ ਆ। ਉੱਥੇ ਜਾ ਕੇ ਬੈਗ ਵਟਾ ਲਿਆਇਓ।’’ ਮੈਨੂੰ ਮੋਰਚਾ ਆਸਾਨੀ ਨਾਲ ਫਤਿਹ ਹੋਣ ਵਰਗਾ ਅਹਿਸਾਸ ਹੋਣ ਲੱਗਾ।

ਮੈਂ ਆਪਣੇ ਆਪ ਨੂੰ ਸੰਭਾਲਣ ਲੱਗਿਆ। ਥੋੜ੍ਹੀ ਦੇਰ ਬਾਅਦ ਮੈਂ ਗਿੱਲ ਸਾਹਿਬ ਨੂੰ ਦੁਬਾਰਾ ਫੋਨ ਲਾਇਆ ਤਾਂ ਕਿ ਉਹ ਭੈਣ ਨੂੰ ਫੋਨ ਕਰਕੇ ਬੈਗ ਬਾਰੇ ਨਾ ਪੁੱਛ ਲੈਣ। ਕੁਦਰਤੀ ਹੈ ਕਿ ਮਨ ’ਚ ਉਪਜੀ ਤਾਂਘ ਜਾਂ ਤੜਪ ਨੂੰ ਠੰਢਾ ਕਰਨ ਲਈ ਮੈਨੂੰ ਝੂਠ ਦਾ ਸਹਾਰਾ ਲੈਣਾ ਪੈਣਾ ਸੀ। ਮੈਂ ਕਿਹਾ ਕਿ ਉਹ ਬੈਗ ਇੱਥੇ ਮੇਰੇ ਨਾਲ ਉਤਰੇ ਕਿਸੇ ਵਿਦਿਆਰਥੀ ਦਾ ਸੀ ਤੇ ਉਹ ਮੇਰਾ ਵਾਪਸ ਕਰਕੇ ਆਪਣਾ ਲੈ ਗਿਆ ਹੈ। ਉਨ੍ਹਾਂ ਤੋਂ ਪਰੇਸ਼ਾਨੀ ਲਈ ਖਿਮਾ ਵੀ ਮੰਗੀ। ਰਮਿੰਦਰ ਨੂੰ ਵੇਖ ਕੇ ਮਨ ਵਿੱਚ ਉੱਠੀ ਹਨੇਰੀ ਮੈਨੂੰ ਕਈ ਦਿਨ ਤੜਪਾਉਂਦੀ ਰਹੀ, ਪਰ ਹਫ਼ਤੇ ਕੁ ਬਾਅਦ ਸ਼ਾਂਤ ਹੋਣ ਲੱਗੀ। ਪੜ੍ਹਾਈ ਤੋਂ ਬੇਧਿਆਨਾ ਹੋਇਆ ਮਨ ਫਿਰ ਕੇਂਦਰਤ ਹੋਣ ਲੱਗ ਪਿਆ, ਪਰ ਮਨ ਉੱਤੇ ਉੱਕਰ ਗਏ ਉਸ ਅਹਿਸਾਸ ਅਤੇ ਇੱਛਾ ਨੂੰ ਲਾਂਭੇ ਨਾ ਕਰ ਸਕਿਆ। ਇਕਾਗਰਤਾ ਵੇਲੇ ਅਕਸਰ ਮੋਗੇ ਤੋਂ ਯੂਨੀਵਰਸਿਟੀ ਗੇਟ ਤੱਕ ਵਾਲੀ ਰੀਲ੍ਹ ਅੱਖਾਂ ਮੂਹਰੇ ਚੱਲਣ ਲੱਗਦੀ।

ਇੰਜ ਕੁਝ ਸਾਲ ਲੰਘ ਗਏ। ਵਰ੍ਹੇ ਛਿਮਾਹੀ ਆਨੇ ਬਹਾਨੇ ਮੈਂ ਦਿਮਾਗ਼ ’ਤੇ ਉਕਰਿਆ ਉਹ ਨੰਬਰ ਡਾਇਲ ਕਰ ਲੈਂਦਾ, ਜਿਸ ਨੂੰ ਅਕਸਰ ਰਮਿੰਦਰ ਦੇ ਮੰਮੀ ਚੁੱਕਿਆ ਕਰਦੇ। ਸੁੱਖ-ਸਾਂਦ ਅਤੇ ਸਿਹਤਯਾਬੀ ਤੋਂ ਅਗਾਂਹ ਗੱਲ ਕਰਨ ਦਾ ਮੇਰਾ ਹੌਸਲਾ ਨਾ ਪੈਂਦਾ। ਇੱਕ ਦੀਵਾਲੀ ਮੌਕੇ ਉਨ੍ਹਾਂ ਦਾ ਵਧਾਈ ਸੰਦੇਸ਼ ਆਇਆ। ਉਸ ਦੇ ਲਿਖਤੀ ਜਵਾਬ ਦੇਣ ਤੋਂ ਕੁਝ ਮਿੰਟਾਂ ਬਾਅਦ ਮੇਰੇ ਤੋਂ ਫੋਨ ਡਾਇਲ ਹੋ ਗਿਆ ਤੇ ਖੈਰ ਸੁੱਖ ਪੁੱਛੀ। ਮਨ ਵਿਚਲੀ ਤਾਂਘ ਨੇ ਰਮਿੰਦਰ ਬਾਰੇ ਪੁੱਛਣ ਲਈ ਹੰਭਲਾ ਤਾਂ ਮਾਰਿਆ, ਪਰ ਸਮਾਜਿਕ ਮਰਿਆਦਾ ਵਾਲੀ ਹੱਦ ਟੱਪਣ ਦੀ ਜੁਰਅੱਤ ਨਾ ਕਰ ਸਕਿਆ। ਸਾਲ ਲੰਘੇ, ਪੋਸਟ ਗ੍ਰੈਜੂਏਸ਼ਨ ਹੋਈ ਤਾਂ ਮੈਂ ਮਾਪਿਆਂ ਉਤੇ ਪੜ੍ਹਾਈ ਦੇ ਹੋਰ ਖਰਚੇ ਨਾ ਪਾਉਣ ਬਾਰੇ ਸੋਚ ਕੇ ਦੜ੍ਹ ਵੱਟ ਲੈਂਦਾ, ਪਰ ਕਈ ਵਾਰ ਇੱਛਾ ਪ੍ਰਬਲ ਹੋ ਜਾਂਦੀ ਹੈ। ਮੇਰੇ ਨਾਲ ਵੀ ਇੰਜ ਹੋਇਆ। ਜਿਗਰੀ ਦੋਸਤਾਂ ਦੇ ਵਾਰ ਵਾਰ ਕਹਿਣ ’ਤੇ ਮੈਂ ਡਾਕਟਰੇਟ ਲਈ ਫਾਰਮ ਭਰ ਦਿੱਤੇ। ਖੋਜ ਕਾਰਜਾਂ ਵਿੱਚ ਮੇਰੀ ਰੁਚੀ ਬਚਪਨ ਤੋਂ ਰਹੀ ਹੈ। ਮਹੀਨੇ ਕੁ ਬਾਅਦ ਮੈਨੂੰ ਪ੍ਰਵਾਨਗੀ ਪੱਤਰ ਮਿਲ ਗਿਆ ਤੇ ਮੈਂ ਚੁਣੇ ਵਿਸ਼ੇ ਦੇ ਖੋਜ ਕਾਰਜਾਂ ਵਿੱਚ ਰੁੱਝ ਗਿਆ। ਮਹੀਨੇ ਚੜ੍ਹਨ ਤੇ ਲੰਘਣ ਲੱਗੇ।

ਦੂਜੇ ਪਾਸੇ ਬੱਸ ਵਾਲੀ ਘਟਨਾ ਤੋਂ ਬਾਅਦ ਗਿੱਲ ਸਾਹਿਬ ਦਾ ਨੰਬਰ ਤਾਂ ਮੇਰੇ ਕੋਲ ਸੀ, ਪਰ ਕਈ ਸਾਲ ਮੈਂ ਗੱਲ ਕਰਨ ਤੋਂ ਝਕਦਾ ਰਿਹਾ। ਇੱਕ ਦਿਨ ਅਚਾਨਕ ਮੇਰੀਆਂ ਉਂਗਲਾਂ ਵਿੱਚ ਹਰਕਤ ਆਈ ਤੇ ਚੇਤੇ ’ਚ ਉੱਕਰਿਆ ਉਹ ਨੰਬਰ ਡਾਇਲ ਹੋ ਗਿਆ। ਮੇਰਾ ਮਨ ਅਜੇ ਆਪਣੀ ਪਹਿਚਾਣ ਦੱਸਣ ਲਈ ਤਿਆਰ ਹੋ ਰਿਹਾ ਸੀ ਕਿ ਉਨ੍ਹਾਂ ਨੇ ਹੈਲੋ ਤੋਂ ਬਾਅਦ ਮੇਰਾ ਨਾਂ ਲੈ ਲਿਆ। ਕਾਫ਼ੀ ਦੇਰ ਅਸੀਂ ਇੱਧਰ ਉੱਧਰ ਦੀਆਂ ਗੱਲਾਂ ਮਾਰਦੇ ਰਹੇ। ਕਿਸਾਨਾਂ ਦੀ ਕੋਈ ਗੱਲ ਛਿੜੀ ਤਾਂ ਮੈਂ ਜਾਟ ਅੰਦੋਲਨ ’ਤੇ ਪੁੱਜ ਗਿਆ। ਉਨ੍ਹਾਂ ਹਉਕਾ ਜਿਹਾ ਭਰਿਆ ਤੇ ਮਸੀਂ ਬੋਲ ਸਕੇ, “ਕਾਕਾ ਇਹ ਕਿੱਸਾ ਨਾ ਛੇੜੀਂ,” ਤੇ ਭਰੇ ਗਲੇ ਨਾਲ “ਚੰਗਾ, ਬਾਕੀ ਫੇਰ ਕਦੇ” ਕਹਿ ਕੇ ਫੋਨ ਕੱਟ ਦਿੱਤਾ। ਮੇਰੀ ਹੈਰਾਨਗੀ ਕੁਦਰਤੀ ਸੀ। ਬੇਸ਼ੱਕ ਕਾਹਲ ਪਈ, ਪਰ ਦੁਬਾਰਾ ਡਾਇਲ ਕਰਨ ਦੀ ਗਲਤੀ ਕਰਕੇ ਆਪਣੀ ਬੇਸਮਝੀ ਦਾ ਵਿਖਾਵਾ ਕਰਨ ਤੋਂ ਮਨ ਉਤੇ ਕਾਬੂ ਪਾ ਲਿਆ। ਕਈ ਤਰ੍ਹਾਂ ਦੇ ਸਵਾਲ ਪੈਦਾ ਹੋਣ ਲੱਗੇ। ਉਸ ਰਾਤ ਨੀਂਦ ਦੀ ਥਾਂ ਕਿਆਫਿਆਂ ’ਚ ਲੰਘੀ। ਪਰ ਕਿਸੇ ਨਤੀਜੇ ’ਤੇ ਨਾ ਪਹੁੰਚਿਆ। ਇਹ ਜ਼ਰੂਰ ਸਮਝ ਆ ਗਿਆ ਕਿ ਅੰਦੋਲਨ ਨੇ ਉਨ੍ਹਾਂ ਨੂੰ ਕੋਈ ਵੱਡੀ ਸੱਟ ਪਹੁੰਚਾਈ ਹੈ।

ਕੁਝ ਹਫ਼ਤੇ ਲੰਘੇ ਹੋਣਗੇ, ਮੈਨੂੰ ਜਲੰਧਰ ਜਾਣਾ ਪਿਆ। ਰਸਤੇ ਵਿੱਚ ਫੁਰਨਾ ਫੁਰਿਆ ਕਿ ਗਿੱਲ ਸਾਹਿਬ ਜਲੰਧਰ ਤੋਂ ਹੀ ਨੇ। ਕਿਉਂ ਨਾ ਮਿਲ ਲਿਆ ਜਾਏ। ਫੋਨ ਕੀਤਾ, ਆਪਣੀ ਜਲੰਧਰ ਫੇਰੀ ਬਾਰੇ ਦੱਸਿਆ, ਉਨ੍ਹਾਂ ਬੜੇ ਨਿੱਘੇ ਸ਼ਬਦਾਂ ਵਿੱਚ ਮਿਲ ਕੇ ਜਾਣ ਦਾ ਸੱਦਾ ਦਿੰਦਿਆਂ ਘਰ ਦਾ ਅਡਰੈੱਸ ਸਮਝਾ ਦਿੱਤਾ। ਮੈਨੂੰ ਆਪਣੀ ਸਵਰਗੀ ਦਾਦੀ ਦਾ ਕਿਹਾ ਯਾਦ ਆਇਆ “ਨੀਅਤ ਸਾਫ਼ ਅਤੇ ਇਰਾਦੇ ਨੇਕ ਹੋਣ ਤਾਂ ਰੱਬ ਸਬੱਬ ਆਪੇ ਬਣਾ ਦੇਂਦਾ।’’

ਗਿੱਲ ਸਾਹਿਬ ਦੇ ਘਰ ਪਹੁੰਚਿਆ ਤਾਂ ਅਪਣੱਤ ਭਰੇ ਸਵਾਗਤ ਨੇ ਮੈਨੂੰ ਦੁਚਿੱਤੀ ਚ ਪਾ ਦਿੱਤਾ ਕਿ ਅੰਦੋਲਨ ਵਾਲੀ ਗੱਲ ਛੇੜਾਂ ਜਾਂ ਨਾ, ਪਰ ਕੁਝ ਮਿੰਟਾਂ ਬਾਅਦ ਉਨ੍ਹਾਂ ਆਪ ਈ ਉਸ ਦਿਨ ਆਪਣੇ ਵੱਲੋਂ ਫੋਨ ਕੱਟਣ ਨੂੰ ਗਲਤੀ ਕਹਿੰਦਿਆਂ ਰਾਹ ਪੱਧਰਾ ਕਰ ਦਿੱਤਾ। ਡਾਕਟਰ ਸਾਹਿਬ, ਤੁਸੀਂ ਉਸ ਦਿਨ ਅੰਦੋਲਨ ਦੀ ਗੱਲ ਛੇੜੀ ਤਾਂ ਮੇਰਾ ਦਰਦ ਮੂੰਹ ਤੱਕ ਉੱਛਲ ਆਇਆ ਸੀ। ਜਿਵੇਂ ਤੂੰ ਜਾਣਦਾ ਈ ਏਂ, ਹਰਿਆਣੇ ਦੇ ਜਾਟ ਭਾਈਚਾਰੇ ਵਾਲੇ ਅੰਦੋਲਨ ਨੂੰ ਫੇਲ੍ਹ ਕਰਨ ਲਈ ਸਰਕਾਰ ਨੇ ਗੁੰਡਿਆਂ ਦੀ ਘੁਸਪੈਠ ਕਰਵਾ ਦਿੱਤੀ ਸੀ। ਉਨ੍ਹਾਂ ਸੜਕਾਂ ਉੱਤੇ ਨਾਕੇ ਲਾ ਕੇ ਰਾਹਗੀਰਾਂ ਦੀ ਲੁੱਟ ਖੋਹ ਸ਼ੁਰੂ ਕਰ ਦਿੱਤੀ। ਉਨ੍ਹਾਂ ਦਿਨਾਂ ’ਚ ਸਾਡੇ ਉਹੀ ਭੈਣ ਜੀ ਆਪਣੀ ਬੇਟੀ ਤੇ ਨਣਦ ਸਮੇਤ ਦਿੱਲੀ ਕਿਸੇ ਰਿਸ਼ਤੇਦਾਰ ਦੇ ਗਏ ਹੋਏ ਸਨ। ਉਸ ਦਿਨ ਵਾਪਸ ਆ ਰਹੇ ਸਨ। ਟੈਕਸੀ ’ਚ ਡਰਾਈਵਰ ਤੇ ਇਹ ਤਿੰਨੇ ਔਰਤਾਂ ਸਨ। ਰਮਿੰਦਰ ਦੀ ਭੂਆ ਮੂਹਰਲੀ ਸੀਟ ’ਤੇ ਸੀ ਤੇ ਉਹ ਮਾਂ-ਧੀ ਪਿਛਲੀ ਸੀਟ ਉੱਤੇ ਸਨ। ਮੂਰਥਲ ਕੋਲ ਅੰਦੋਲਨ ਦੇ ਝੰਡਿਆਂ ਵਾਲੇ ਗੁੰਡਿਆਂ ਨੇ ਉਨ੍ਹਾਂ ਦੀ ਕਾਰ ਰੋਕੀ। ਪਹਿਲਾਂ ਕੀਮਤੀ ਸਾਮਾਨ ਖੋਹਿਆ ਤੇ ਕਾਰ ਨੂੰ ਅੱਗ ਲਾਉਣ ਦਾ ਡਰਾਮਾ ਕਰਕੇ ਔਰਤਾਂ ਨੂੰ ਬਾਹਰ ਕੱਢ ਕੇ ਢਾਬਿਆਂ ਦੇ ਪਿਛਲੇ ਓਹਲਿਆਂ ਵਿੱਚ ਲੈ ਗਏ। ਉੱਥੇ ਚੀਕਾਂ ਸੁਣਨ ਵਾਲਾ ਕੋਈ ਨਹੀਂ ਸੀ। ਸ਼ਾਇਦ ਡਾਢੇ ਰੱਬ ਨੇ ਵੀ ਕੰਨ ਬੰਦ ਕਰ ਲਏ ਸੀ ਤਾਂ ਕਿ ਉਸ ਦੇ ਕੰਨੀਂ ਬਾਬੇ ਨਾਨਕ ਦੀ “ਤੈਂ ਕੀ ਦਰਦ ਨਾ ਆਇਆ” ਵਾਲੀ ਕੂਕ ਨਾ ਪੈ ਜਾਵੇ। ਤੈਨੂੰ ਪਤਾ ਈ ਹੋਣਾਂ ਅੱਤ ਦਾ ਉਹ ਝੱਖੜ ਦੋ ਤਿੰਨ ਦਿਨ ਝੁੱਲਿਆ ਸੀ। ਸਰਕਾਰ ਨੂੰ ਅੰਦੋਲਨ ਫੇਲ੍ਹ ਨੀਤੀ ਰਾਸ ਆ ਰਹੀ ਸੀ। ਸੰਘ-ਪਾੜੂ ਤੇ ਵਿਕਾਊ ਮੀਡੀਆ ਨੂੰ ਸੱਪ ਸੁੰਘ ਗਿਆ ਸੀ। ਉਸ ਹਾਲਤ ਵਿੱਚ ਚੰਡੀਗੜ੍ਹ ਦਾ ਨਾਮੀਂ ਮੀਡੀਆ ਅਦਾਰਾ ਮੂਹਰੇ ਲੱਗਾ ਤੇ ਉਸ ਨੇ ਫਰਜ਼ ਸਮਝਦਿਆਂ ਸਬੂਤਾਂ ਸਮੇਤ ਗੁੰਡਾਗਰਦੀ ਦੇ ਸਾਰੇ ਪਰਦੇਫਾਸ਼ ਕੀਤੇ। ਸਿਤਮ ਦੇ ਠੱਪੇ ਵਾਲੇ ਗੁੰਡਾਗਰਦੀ ਦੇ ਨੰਗੇ ਨਾਚ ਨੂੰ ਲੋਕਾਂ ਮੂਹਰੇ ਲਿਆਉਣ ਵਾਲੀ ਨਿਡਰਤਾ ਤੇ ਅਡੋਲਤਾ ਦਾ ਸਬੂਤ ਦਿੱਤਾ। ਸਰਕਾਰ ਹਰਕਤ ਵਿੱਚ ਤਾਂ ਆਈ, ਪਰ ਕਾਰਵਾਈ ਕਰਨ ਦੀ ਥਾਂ ਸੱਚ ਨੂੰ ਝੁਠਲਾਉਣ ਉਤੇ ਜ਼ੋਰ ਲਾਉਂਦੀ ਰਹੀ।

‘‘ਗਿੱਲ ਸਾਹਿਬ ਵੱਲੋਂ ਤੁਸੀਂ ਦੀ ਥਾਂ ਤੂੰ ਕਹਿਣ ’ਚੋਂ ਮੈਨੂੰ ਅਪਣੱਤ ਚੋਂਦੀ ਮਹਿਸੂਸ ਹੋ ਰਹੀ ਸੀ।’’

ਮੈਂ ਵੇਖਿਆ, ਰਾਣੀ ਜੋ ਹੁਣ ਤੱਕ ਮੇਰੇ ਚਿਹਰੇ ’ਤੇ ਅੱਖਾਂ ਗੱਡ ਕੇ ਸਾਰਾ ਕੁਝ ਸੁਣ ਤੇ ਹੁੰਗਾਰੇ ਭਰ ਰਹੀ ਸੀ, ਨੇ ਅੰਦੋਲਨ ਵਾਲੀ ਗੱਲ ਛਿੜਦਿਆਂ ਨੀਵੀਂ ਪਾ ਲਈ ਸੀ। ਉਸ ਦੇ ਮੱਥੇ ਉੱਤੇ ਚਿੰਤਾਂ ਦੀਆਂ ਲਕੀਰਾਂ ਡੂੰਘੀਆਂ ਹੋਣ ਲੱਗੀਆਂ ਸਨ। ਮੈਂ ਉਸ ਦੇ ਵਾਲਾਂ ’ਚ ਹੱਥ ਫੇਰਦੇ ਹੋਏ ਪਹਿਲੀ ਹਾਲਤ ਵਿੱਚ ਲਿਆਉਣ ਦੇ ਯਤਨ ਕਰਨ ਲੱਗਾ। ਥੋੜ੍ਹੀ ਦੇਰ ਬਾਅਦ ਮੈਂ ਵੇਖਿਆ, ਰਾਣੀ ਦੇ ਚਿਹਰੇ ਤੋਂ ਉਤਸੁਕਤਾ ਦੀ ਝਲਕ ਪੈਣ ਲੱਗੀ। ਮੈਂ ਸਮਝ ਗਿਆ, ਉਸ ਦੇ ਮਨ ’ਚ ਅੱਗੇ ਸੁਣਨ ਦੀ ਕਾਹਲ ਪੈਦਾ ਹੋ ਗਈ ਸੀ। ਮੈਂ ਜਾਣ ਬੁੱਝ ਕੇ ਇੱਧਰ ਉੱਧਰ ਝਾਕਣ ਦਾ ਡਰਾਮਾ ਕਰ ਰਿਹਾ ਸੀ ਕਿ ਰਾਣੀ ਦੇ ਮੂੰਹੋਂ ਆਪ- ਮੁਹਾਰੇ ਨਿਕਲ ਗਿਆ,‘‘ਉਸ ਤੋਂ ਬਾਅਦ ਕੀ ਹੋਇਆ?’’

ਤੇ ਮੈਂ ਲੜੀ ਨੂੰ ਅੱਗੇ ਤੋਰਿਆ, ‘‘ਗਿੱਲ ਸਾਹਿਬ ਦੀ ਅਗਲੀ ਗੱਲ ਨੇ ਮੇਰੇ ਅੰਦਰ ਗੁੱਸੇ ਦੇ ਭਾਂਬੜ ਮਚਾ ਦਿੱਤੇ। ਰਾਣੀ ਤੈਨੂੰ ਪਤਾ ਸਿਆਸੀ ਲੋਕਾਂ ਤੋਂ ਮੈਨੂੰ ਕਿੰਨੀ ਨਫ਼ਰਤ ਆ ਤੇ ਇਸ ਦਾ ਮੁੱਢ ਉਸੇ ਅੰਦੋਲਨ ਦੇ ਨਤੀਜਿਆਂ ’ਚੋਂ ਬੱਝਿਆ ਸੀ। ਗਿੱਲ ਹੋਰਾਂ ਦੱਸਿਆ ਕਿ ਗੁੰਡਿਆਂ ਨੇ ਉਨ੍ਹਾਂ ਤਿੰਨਾਂ ਸਮੇਤ ਕਈ ਔਰਤਾਂ ਨੂੰ ਇੱਕ ਹੋਟਲ ਦੇ ਪਿੱਛੇ ਖੇਤਾਂ ’ਚ ਲਿਜਾ ਕੇ ਦੈਂਤਾਂ ਵਾਲਾ ਵਿਹਾਰ ਕੀਤਾ, ਕੱਪੜੇ ਪਾੜ ਕੇ ਸਿਰਫ਼ ਜਾਨ ਹੀ ਨਾ ਲਈ, ਪਰ ਉਨ੍ਹਾਂ ਦੇ ਪੱਲੇ ਕੁਝ ਨਾ…। ਤੇ ਅੱਗੋਂ ਉਨ੍ਹਾਂ ਦਾ ਗਲਾ ਆਵਾਜ਼ ਕੱਢਣ ਤੋਂ ਇਨਕਾਰੀ ਹੋ ਗਿਆ। ਥੋੜ੍ਹੀ ਦੇਰ ਠਹਿਰ ਕੇ ਉਹ ਬੋਲੇ ਕਿ ਉਨ੍ਹਾਂ ਦੀ ਭਾਣਜੀ ਅੱਜ ਤੱਕ ਉਸ ਸਦਮੇਂ ’ਚੋਂ ਬਾਹਰ ਨਹੀਂ ਨਿਕਲੀ। ਉਨ੍ਹਾਂ ਦੱਸਿਆ ਕਿ ਉਦੋਂ ਤੋਂ ਹੀ ਲੁਧਿਆਣੇ ਦੇ ਮਸ਼ਹੂਰ ਸਾਈਕੈਟਰਿਕ ਤੋਂ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਹਰ ਦੋ ਹਫ਼ਤੇ ਬਾਅਦ ਉਸ ਨੂੰ ਡਾਕਟਰ ਕੋਲ ਲਿਜਾਣਾ ਪੈਂਦਾ। ਗਿੱਲ ਸਾਹਿਬ ਦੀ ਗੱਲ ਮੁੱਕੀ ਤਾਂ ਮੈਂ ਆਗਿਆ ਲੈਣ ਲਈ ਉੱਠ ਤਾਂ ਖੜੋਇਆ, ਪਰ ਮੇਰੀਆਂ ਲੱਤਾਂ ਭਾਰ ਸਹਿਣ ਤੋਂ ਜਵਾਬ ਦੇਣ ਲੱਗੀਆਂ। ਚਾਰ ਘੰਟੇ ਬੱਸ ਦਾ ਸਫ਼ਰ ਮੇਰੇ ਲਈ ਔਖਾ ਹੋ ਗਿਆ। ਘਰ ਪਹੁੰਚ ਕੇ ਵੀ ਮਨ ਸਹਿਜ ਨਾ ਹੋਇਆ। ਦਿਲ ਦੀ ਧੜਕਣ ਟਿਕਾਣੇ ਜਾਣ ਦਾ ਨਾਂ ਨਹੀਂ ਸੀ ਲੈ ਰਹੀ। ਰਸਤੇ ’ਚੋਂ ਖਾਣ ਦੇ ਬਹਾਨੇ ਮੈਂ ਮੰਮੀ ਨੂੰ ਡਿਨਰ ਲਈ ਮਨ੍ਹਾ ਕਰ ਦਿੱਤਾ। ਸਾਰੀ ਰਾਤ ਉਧੇੜ ਬੁਣ ’ਚ ਨਿਕਲੀ। ਸਵੇਰ ਹੋਈ ਤਾਂ ਮੈਂ ਗਿੱਲ ਸਾਹਿਬ ਦਾ ਨੰਬਰ ਡਾਇਲ ਕੀਤਾ ਤੇ ਆਪਣੇ ਮਨ ’ਚ ਰਾਤ ਭਰ ਜਾਗਦਿਆਂ ਬੁਣੀ ਪੇਸ਼ਕਸ਼ ਖੋਲ੍ਹ ਦਿੱਤੀ। ਇੱਛਾ ਸੁਣ ਕੇ ਉਨ੍ਹਾਂ ਨੂੰ ਹੋਈ ਹੈਰਾਨਗੀ ਦੀ ਟੋਹ ਮੈਂ ਅਗਲੀ ਗੱਲਬਾਤ ਵਿੱਚ ਲਾ ਲਈ। ਸਮਾਜਿਕ ਸਰੋਕਾਰਾਂ ’ਚ ਹੰਢੇ ਵਰਤੇ ਵਿਅਕਤੀ ਨੌਜੁਆਨਾਂ ਦੀਆਂ ਇਹੋ ਜਿਹੀਆਂ ਪੇਸ਼ਕਸ਼ਾਂ ਨੂੰ ਆਮ ਕਰਕੇ ਸੰਜੀਦਗੀ ਨਾਲ ਨਹੀਂ ਲੈਂਦੇ, ਪਰ ਗਿੱਲ ਸਾਹਿਬ ਕਈ ਤਰ੍ਹਾਂ ਦੇ ਸਵਾਲ ਕਰਕੇ ਮੇਰੇ ਮਨ ਦੀਆਂ ਪਰਤਾਂ ਫਰੋਲਣ ਲੱਗੇ, ਜੋ ਮੈਨੂੰ ਚੰਗਾ ਲੱਗਿਆ। ਉਸੇ ਸ਼ਾਮ ਉਨ੍ਹਾਂ ਮੈਨੂੰ ਫੋਨ ਕੀਤਾ ਤੇ ਦੱਸਿਆ ਕਿ ਉਹ ਅਗਲੇ ਐਤਵਾਰ ਫ਼ਰੀਦਕੋਟ ਆ ਕੇ ਮੈਨੂੰ ਮਿਲਣਗੇ।

ਮੈਂ ਬੇਸਬਰੀ ਨਾਲ ਐਤਵਾਰ ਦੀ ਉਡੀਕ ਕਰਨ ਲੱਗਾ, ਪਰ ਉਨ੍ਹਾਂ ਘਰ ਪਹੁੰਚਣ ਤੋਂ ਪਹਿਲਾਂ ਮੈਨੂੰ ਇਕੱਲਿਆਂ ਹੋਟਲ ’ਚ ਬੁਲਾਇਆ। ਮੈਡਮ ਗਿੱਲ ਵੀ ਨਾਲ ਸਨ। ਦੋਹਾਂ ਨੇ ਸਾਡੀ ਜ਼ਿੰਦਗੀ ਦੇ ਅਗਲੇਰੇ ਪੜਾਵਾਂ ਵਿੱਚ ਪੈਦਾ ਹੋਣ ਵਾਲੀਆਂ ਔਕੜਾਂ ਅਤੇ ਸਮਾਜਿਕ ਸਰੋਕਾਰਾਂ ਬਾਰੇ ਮੇਰੇ ਵਿਚਾਰ ਜਾਣੇ। ਮੇਰੀ ਸਹਿਜਤਾ ਤੇ ਅਡੋਲਤਾ ਨੂੰ ਪਰਖਣ ਲਈ ਭਵਿੱਖ ਦੀਆਂ ਉਮੀਦਾਂ ਅਤੇ ਅਕੀਦਿਆਂ ਬਾਰੇ ਪੁੱਛਿਆ। ਜਦ ਤਸੱਲੀ ਹੋ ਗਈ ਤਾਂ ਉਨ੍ਹਾਂ ਮੇਰੀ ਪੇਸ਼ਕਸ਼ ਉਤੇ ਸਹਿਮਤੀ ਪ੍ਰਗਟਾਈ ਅਤੇ ਉਸ ਦੇ ਅਗਲੇ ਪੜਾਵਾਂ ਬਾਰੇ ਦੱਸ-ਪੁੱਛ ਕਰਦਿਆਂ ਅਸੀਂ ਘਰ ਪਹੁੰਚ ਗਏ। ਮੇਰੇ ਮੰਮੀ-ਪਾਪਾ ਬੜੇ ਮਿਲਣਸਾਰ ਨੇ। ਥੋੜ੍ਹੀ ਗੱਲਬਾਤ ਤੋਂ ਬਾਅਦ ਉਨ੍ਹਾਂ ਆਪਣੀ ਭਾਣਜੀ ਦੀ ਗੱਲ ਤੋਰੀ ਤੇ ਝੋਲੀ ਅੱਡ ਕੇ ਮੈਨੂੰ ਰਮਿੰਦਰ ਦੇ ਜੀਵਨ ਸਾਥੀ ਵਜੋਂ ਮੰਗ ਲਿਆ। ਉਦੋਂ ਤੱਕ ਮੰਮੀ-ਪਾਪਾ ਨੇ ਮੇਰੇ ਵਿਆਹ ਬਾਰੇ ਕਦੇ ਗੱਲ ਨਹੀਂ ਸੀ ਕੀਤੀ, ਇਸ ਕਰਕੇ ਉਹ ਦੋਵੇਂ ਹੈਰਾਨ ਹੋਏ ਮੇਰੇ ਮੂੰਹ ਵੱਲ ਤੱਕੀ ਜਾਣ। ਇਸ਼ਾਰੇ ਨਾਲ ਹਾਂ ਕਹਿਣ ਦਾ ਮੇਰਾ ਸੰਕੇਤ ਸਮਝ ਕੇ ਮੰਮੀ ਦੇ ਮੂੰਹੋਂ ਨਿਕਲਿਆ, ਭਾਈ ਸਾਹਿਬ ਜਿਹੋ ਜਿਹਾ ਸਾਡਾ ਬੇਟਾ ਐ, ਉਹੋ ਜਿਹਾ ਈ ਤੁਸੀਂ ਸਮਝ ਲਓ। ਮੰਮੀ ਦੀ ਗੱਲ ਸੁਣ ਕੇ ਗਿੱਲ ਜੋੜੀ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ। ਵਧਾਈਆਂ ਦਾ ਵਟਾਂਦਰਾ ਹੋਣ ਲੱਗਾ ਤੇ ਸਾਡੇ ਆਨੰਦਮਈ ਗ੍ਰਹਿਸਥ ਦੇ ਸਫ਼ਰ ਦਾ ਮੁੱਢ ਬੱਝ ਗਿਆ। ਨਾ ਤਾਂ ਮੈਂ ਲੜਕੀ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਤੇ ਨਾ ਹੀ ਗਿੱਲ ਸਾਹਿਬ ਨੇ ਪੇਸ਼ਕਸ਼ ਕੀਤੀ। ਉਂਜ ਉਨ੍ਹਾਂ ਬੱਸ ਵਾਲੀ ਗੱਲ ਯਾਦ ਕਰਾਉਂਦਿਆਂ ਇੱਕ ਦੂਜੇ ਨੂੰ ਪਹਿਚਾਣਦੇ ਹੋਣ ਦੀ ਗੱਲ ਕਰਦੇ ਹੋਏ, ਜਾਣਦੇ ਹੋਣ ਦਾ ਭਰੋਸਾ ਆਪੇ ਜੋੜ ਲਿਆ ਸੀ। ਗਿੱਲ ਹੋਰਾਂ ਲੜਕੀ ਦੀ ਤੰਦਰੁਸਤੀ ਦਾ ਹਵਾਲਾ ਦੇ ਕੇ ਵਿਆਹ ਬਾਰੇ ਅਗਲੇ ਸਾਲ ਤੱਕ ਉਡੀਕ ਕਰਨ ਦੀ ਸਹਿਮਤੀ ਲੈ ਲਈ।

ਮੈਂ ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕੀਤੀ ਹੀ ਸੀ ਕਿ ਸਰਕਾਰ ਨੇ ਕੁਝ ਅਸਾਮੀਆਂ ਕੱਢੀਆਂ ਜਿਨ੍ਹਾਂ ਦੀ ਯੋਗਤਾ ਤੇ ਸ਼ਰਤਾਂ ਉੱਤੇ ਮੈਂ ਖਰਾ ਉਤਰਦਾ ਸੀ। ਸਿਸਟਮ ਵਿੱਚ ਆਏ ਨਿਘਾਰ ਦੀਆਂ ਖ਼ਬਰਾਂ ਪੜ੍ਹ ਪੜ੍ਹ ਕੇ ਅਪਲਾਈ ਤਾਂ ਜੱਕੋ-ਤੱਕੇ ਵਿੱਚ ਕੀਤਾ, ਪਰ ਮੇਰੀ ਚੋਣ ਹੋ ਗਈ। ਮੈਂ ਆਪਣੇ ਆਪ ਨੂੰ ਆਪਣੀਆਂ ਲੱਤਾਂ ’ਤੇ ਖੜੋਣ ਵਾਲਿਆਂ ਵਿੱਚ ਗਿਣਨ ਲੱਗ ਪਿਆ। ਬੇਸ਼ੱਕ ਮਾਪਿਆਂ ਨੇ ਸਿੱਖਿਆਵਾਂ ਤੋਂ ਬਿਨਾਂ ਮੇਰੀ ਨਿੱਜੀ ਜ਼ਿੰਦਗੀ ਵਿੱਚ ਬਹੁਤਾ ਦਖਲ ਕਦੇ ਨਹੀਂ ਸੀ ਦਿੱਤਾ, ਪਰ ਮੈਨੂੰ ਵੱਖਰੀ ਤਰ੍ਹਾਂ ਦੀ ਆਜ਼ਾਦੀ ਮਹਿਸੂਸ ਹੋਣ ਲੱਗ ਪਈ। ਪਹਿਲੀ ਤਨਖਾਹ ਮਾਂ ਦੀ ਤਲੀ ’ਤੇ ਰੱਖਦਿਆਂ ਹੋਣ ਵਾਲੇ ਅਹਿਸਾਸ ਦਾ ਨਿੱਘ ਮੈਂ ਕਦੇ ਨਹੀਂ ਭੁੱਲ ਸਕਦਾ।

ਇੱਕ ਦਿਨ ਗਿੱਲ ਸਾਹਿਬ ਨੇ ਮੈਨੂੰ ਲੁਧਿਆਣੇ ਉਸ ਹਸਪਤਾਲ ਪਹੁੰਚਣ ਲਈ ਕਿਹਾ, ਜਿੱਥੋਂ ਰਮਿੰਦਰ ਦਾ ਇਲਾਜ ਚੱਲਦਾ ਸੀ। ਮੈਂ ਦਿੱਤੇ ਸਮੇਂ ਤੋਂ ਥੋੜ੍ਹਾ ਪਹਿਲਾਂ ਪਹੁੰਚ ਗਿਆ ਸੀ। ਕਾਰ ਆ ਕੇ ਰੁਕੀ ਤਾਂ ਖਿੜਕੀ ਖੁੱਲ੍ਹਦਿਆਂ ਈ ਮੇਰੇ ਹੱਥ ਜੁੜ ਗਏ। ਮੰਮੀ ਨੇ ਘੁੱਟ ਕੇ ਜੱਫੀ ’ਚ ਲੈ ਲਿਆ। ਮੈਂ ਜਾਣ ਬੁੱਝ ਕੇ ਪੁੱਛਿਆ, ਤੁਸੀਂ ਕਿਵੇਂ ਪਹਿਚਾਣ ਲਿਆ, ਜਵਾਬ ਸੀ, ਤੇਰੀ ਪਹਿਚਾਣ ਨੇ ਤਾਂ ਸਾਡੇ ਮਨਾਂ ’ਚ ਉਦੋਂ ਈ ਘਰ ਬਣਾ ਲਿਆ ਸੀ, ਜਦ ਤੂੰ ਕੰਡਕਟਰ ਨੂੰ ਨਸੀਹਤ ਦਿੰਦਿਆਂ ਖ਼ਬਰਦਾਰ ਕੀਤਾ ਸੀ। ਰਮਿੰਦਰ ਨਾਲ ਹੈਲੋ ਹਾਏ ਹੋਈ, ਹਸਪਤਾਲ ਦੇ ਵੱਖਰੇ ਕਮਰੇ ਵਿੱਚ ਸਾਡੀਆਂ ਗੱਲਾਂ ਹੋਈਆਂ, ਮੰਮੀ ਹੋਰਾਂ ਬਿਨਾਂ ਕਹੇ ਸਾਨੂੰ ਫੋਨ ਸਾਂਝ ਲਈ ਕਹਿ ਦਿੱਤਾ ਤੇ ਸਾਡੀ ਜ਼ਿੰਦਗੀ ਦੀ ਰਵਾਨਗੀ ਬਣ ਗਈ। ਅਗਲੀ ਫੇਰੀ ਮੌਕੇ ਡਾਕਟਰ ਨੇ ਉਸ ਦੀ ਮਾਨਸਿਕਤਾ ’ਚ ਹੈਰਾਨੀਜਨਕ ਸੁਧਾਰ ਵੇਖਦਿਆਂ ਦੋ ਮਹੀਨੇ ਬਾਅਦ ਆਉਣ ਲਈ ਕਹਿ ਦਿੱਤਾ। ਮਾਮਾ ਜੀ ਵੱਲੋਂ ਨਿਭਾਏ ਪਿਤਾ ਵਾਲੇ ਫਰਜ਼ ਨੇ ਮੇਰੇ ਮੰਮੀ-ਪਾਪਾ ਦੇ ਮਨ ’ਚ ਕੁਝ ਸ਼ੰਕੇ ਪੈਦਾ ਕੀਤੇ ਸੀ। ਮਾਮਾ ਜੀ ਵੀ ਉਹ ਗੱਲ ਸਮਝਦੇ ਸਨ। 6 ਕੁ ਮਹੀਨੇ ਬਾਅਦ ਉਨ੍ਹਾਂ ਮੰਗਣੀ ਦਾ ਪ੍ਰੋਗਰਾਮ ਉਲੀਕ ਲਿਆ। ਰਮਿੰਦਰ ਦੇ ਮੰਮੀ-ਡੈਡੀ ਨੇ ਉਸ ਮੌਕੇ ਵੀ ਮਾਮਾ ਜੀ ਨੂੰ ਮੂਹਰੇ ਲਾ ਕੇ ਸਭ ਦੇ ਉਹ ਸ਼ੰਕੇ ਦੂਰ ਕਰ ਦਿੱਤੇ। ਉਸ ਮੌਕੇ ਵਿਆਹ ਦਾ ਦਿਨ ਮਿੱਥ ਲਿਆ ਗਿਆ।

ਮੰਗਣੀ ਤੋਂ ਬਾਅਦ ਸਾਨੂੰ ਕਈ ਖੁੱਲ੍ਹਾਂ ਹੋ ਗਈਆਂ। ਰਮਿੰਦਰ ਨੂੰ ਡਾਕਟਰ ਨੇ ਸਿਹਤਯਾਬ ਐਲਾਨ ਦਿੱਤਾ ਸੀ। ਉਸ ਦੇ ਮਨ ’ਚੋਂ ਮੰਦਭਾਗੀ ਘਟਨਾ ਦਾ ਖੌਫ਼ ਲੱਥ ਚੁੱਕਾ ਸੀ। ਜਿਵੇਂ ਜਿਵੇਂ ਦਿਨ ਨੇੜੇ ਆ ਰਹੇ ਸੀ, ਸਾਡੇ ਦੋਹਾਂ ਦੇ ਫੋਨ ਜ਼ਿਆਦਾ ਬਿਜੀ ਰਹਿਣ ਲੱਗ ਪਏ ਤੇ ਅਸੀਂ ਮੁਹਾਲੀ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿੱਚ ਗੁਰੂ ਸਾਹਿਬ ਦੇ ਮੂਹਰੇ ਜੀਵਨ ਸਾਥ ਦੇ ਅਹਿਦ ਕਰਕੇ ਗ੍ਰਹਿਸਥ ਬੰਧਨ ਵਿੱਚ ਬੱਝ ਗਏ।

ਗੱਲ ਮੁਕਦਿਆਂ ਈ ਮੈਂ ਵੇਖਿਆ, ਰਾਣੀ ਦੇ ਚਿਹਰੇ ਤੋਂ ਜਲੌਅ ਦੀਆਂ ਡਲਕਾਂ ਵੱਜ ਰਹੀਆਂ ਸਨ। ਇੱਕ ਸਵਾਲ ਮੈਂ ਉਸ ਦੀਆਂ ਅੱਖਾਂ ਤੋਂ ਈ ਪੜ੍ਹ ਲਿਆ ਸੀ, ਪਰ ਉਸ ਤੋਂ ਬਹੁਤੀ ਦੇਰ ਰਹਿ ਨਾ ਹੋਇਆ, ਬੋਲੀ,

ਕੱਲ੍ਹ ਨੂੰ ਅਸੀਂ ਅਖ਼ਬਾਰ ਵਿੱਚ ਇਸ਼ਤਿਹਾਰ ਦੇਵਾਂਗੇ, ਰਣਜੀਤ ਕੌਰ ਪਤਨੀ ਵਿਸ਼ਾਲਜੀਤ ਸਿੰਘ ਨੇ ਆਪਣਾ ਨਾਂ ਬਦਲ ਕੇ ਰਮਿੰਦਰ ਕੌਰ ਰੱਖ ਲਿਆ ਹੈ।’’ ਰਾਣੀ ਠਹਾਕਾ ਮਾਰ ਕੇ ਉੱਠੀ ਤੇ ਉਸ ਕਾਲੇ ਦੈਂਤ ਦੀਆਂ ਅਸਥੀਆਂ ਨਹਿਰ ਵਿੱਚ ਪ੍ਰਵਾਹ ਕਰਕੇ ਕਾਹਲੇ ਕਦਮੀਂ ਮੇਰੇ ਮੂਹਰੇ ਹੋ ਕੇ ਘਰ ਵੱਲ ਵਧ ਰਹੀ ਸੀ।
ਸੰਪਰਕ: +16044427676  



News Source link
#ਗਰਲ #ਫਰਡ

- Advertisement -

More articles

- Advertisement -

Latest article