ਨਵੀਂ ਦਿੱਲੀ, 6 ਜੂਨ
ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਦੇਸ਼ ਭਰ ਵਿੱਚ ‘ਡਾਰਕਨੈੱਟ’ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਐੱਲਐੱਸਡੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਜ਼ਬਤ ਕਰਨ ਦਾ ਦਾਅਵਾ ਕੀਤਾ ਹੈ। ਮਾਮਲੇ ਸਬੰਧੀ ਔਰਤ ਸਣੇ 6 ਨੂੰ ਗ੍ਰਿਫ਼ਤਾਰੀ ਕੀਤਾ ਗਿਆ ਹੈ। ਮੁਲਜ਼ਮਾਂ ਪਾਸੋਂ 15000 ਬੋਤਲਾਂ ਐੱਲਐੱਸਡੀ ਜਾਂ ਲਾਈਸਰਜਿਕ ਐਸਿਡ ਡਾਇਥਾਈਲਾਮਾਈਡ ਬਰਾਮਦ ਕੀਤੀਆਂ ਹਨ। ਅਸਲ ਵਿੱਚ ਇਹ ਸਿੰਥੈਟਿਕ ਰਸਾਇਣ ਅਧਾਰਤ ਨਸ਼ੀਲਾ ਪਦਾਰਥ ਹੈ। ‘ਡਾਰਕ ਵੈੱਬ’ ਇੰਟਰਨੈੱਟ ਦਾ ਮਤਲਬ ਡੂੰਘਾਈ ’ਚ ਲੁਕੇ ਉਨ੍ਹਾਂ ਮੰਚਾਂ ਤੋਂ ਹੈ ਜੋ ਨਸ਼ੇ ਵੇਚਣ, ਅਸ਼ਲੀਲ ਸਮੱਗਰੀ ਦਾ ਆਦਾਨ-ਪ੍ਰਦਾਨ ਕਰਨ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਕਰਨ ਲਈ ਵਰਤੇ ਜਾਂਦੇ ਹਨ। ਇੰਟਰਨੈੱਟ ‘ਤੇ ਇਸ ਨੂੰ ਬੜੇ ਖੁਫ਼ੀਆ ਢੰਗ ਨਾਲ ਚਲਾਇਆ ਜਾਂਦਾ ਹੈ। ਇਨ੍ਹਾਂ ਨੂੰ ਕਾਬੂ ਕਰਨ ਲਈ ਕਾਫ਼ੀ ਨਿਗਰਾਨੀ ਕਰਨੀ ਪੈਂਦੀ ਹੈ।