35.2 C
Patiāla
Tuesday, April 23, 2024

ਕਰਨਾਟਕ ’ਚ ਸਿਧਾਰਮੱਈਆ ਕੈਬਨਿਟ ਦਾ ਵਿਸਤਾਰ, 24 ਹੋਰ ਮੰਤਰੀ ਬਣਾਏ

Must read


ਬੰਗਲੂਰੂ, 27 ਮਈ

ਕਰਨਾਟਕ ’ਚ ਕਾਂਗਰਸ ਸਰਕਾਰ ਨੇ ਆਪਣੀ ਕੈਬਨਿਟ ’ਚ ਵਿਸਤਾਰ ਕਰਦਿਆਂ ਅੱਜ 24 ਹੋਰ ਮੰਤਰੀਆਂ ਨੂੰ ਸ਼ਾਮਲ ਕਰ ਲਿਆ ਹੈ। ਸੂਬੇ ’ਚ ਸੱਤਾ ਹਾਸਲ ਕਰਨ ਦੇ ਇਕ ਹਫ਼ਤੇ ਦੇ ਅੰਦਰ 34 ਮੰਤਰੀ ਬਣਾ ਕੇ ਸਾਰਾ ਕੋਟਾ ਪੂਰਾ ਕਰ ਲਿਆ ਗਿਆ ਹੈ। ਕਰਨਾਟਕ ਸਰਕਾਰ ’ਚ 34 ਮੰਤਰੀ ਬਣ ਸਕਦੇ ਹਨ ਅਤੇ ਇਨ੍ਹਾਂ ’ਚੋਂ ਮੁੱਖ ਮੰਤਰੀ ਸਿਧਾਰਮੱਈਆ ਤੇ ਉਨ੍ਹਾਂ ਦੇ ਡਿਪਟੀ ਡੀ ਕੇ ਸ਼ਿਵਕੁਮਾਰ ਸਮੇਤ 10 ਨੇ 20 ਮਈ ਨੂੰ ਹਲਫ਼ ਲਿਆ ਸੀ। ਰਾਜਪਾਲ ਥਾਵਰਚੰਦ ਗਹਿਲੋਤ ਨੇ ਮੰਤਰੀਆਂ ਨੂੰ ਹਲਫ਼ ਦਿਵਾਇਆ। ਇਨ੍ਹਾਂ ਮੰਤਰੀਆਂ ’ਚ 23 ਵਿਧਾਇਕ ਸ਼ਾਮਲ ਹਨ ਅਤੇ ਕਾਂਗਰਸ ਹਾਈਕਮਾਂਡ ਨੇ ਸਾਰਿਆਂ ਨੂੰ ਹੈਰਾਨ ਕਰਦਿਆਂ ਐੱਨ ਐੱਸ ਬੋਸਰਾਜੂ ਨੂੰ ਵੀ ਮੰਤਰੀ ਬਣਾ ਦਿੱਤਾ ਹੈ ਜੋ ਨਾ ਵਿਧਾਇਕ ਹੈ ਅਤੇ ਨਾ ਹੀ ਵਿਧਾਨ ਪਰਿਸ਼ਦ ’ਚ ਸ਼ਾਮਲ ਹੈ। ਉਂਜ ਉਹ ਆਲ ਇੰਡੀਆ ਕਾਂਗਰਸ ਕਮੇਟੀ ਦਾ ਸਕੱਤਰ ਹੈ। ਰਾਜ ਭਵਨ ’ਚ ਭਾਰੀ ਸੁਰੱਖਿਆ ਹੇਠ ਐੱਚ ਕੇ ਪਾਟਿਲ, ਕ੍ਰਿਸ਼ਨਾ ਬਾਇਰੇਗੌੜਾ, ਐੱਨ ਚੇਲੂਵਰਾਇਆ ਸਵਾਮੀ, ਕੇ ਵੈਂਕਟੇਸ਼, ਐੱਚ ਸੀ ਮਹਾਦੇਵੱਪਾ, ਈਸ਼ਵਰ ਖਾਂਡਰੇ, ਦਿਨੇਸ਼ ਗੁੰਡੂ ਰਾਓ, ਸ਼ਿਵਾਨੰਦ ਪਾਟਿਲ, ਐੱਸ ਐੱਸ ਮਲਿਕਾਰਜੁਨ, ਲਕਸ਼ਮੀ ਹੇਬਾਲਕਰ, ਰਹੀਮ ਖ਼ਾਨ, ਡੀ ਸੁਧਾਕਰ, ਸੰਤੋਸ਼ ਲਾਡ, ਸੁਰੇਸ਼ ਬੀ ਐੱਸ, ਮਧੂ ਬੰਗਾਰੱਪਾ, ਐੱਮ ਸੀ ਸੁਧਾਕਰ ਅਤੇ ਬੀ ਨਾਗੇਂਦਰ ਆਦਿ ਨੇ ਹਲਫ਼ ਲਿਆ। ਚਾਰ ਵਾਰ ਦੇ ਵਿਧਾਇਕ ਐੱਮ ਕ੍ਰਿਸ਼ਨੱਪਾ ਅਤੇ ਉਨ੍ਹਾਂ ਦੇ ਪੁੱਤਰ ਪ੍ਰਿਯਾਕ੍ਰਿਸ਼ਨਾ ਸਮੇਤ ਹੋਰ ਵਿਧਾਇਕਾਂ ਦੇ ਹਮਾਇਤੀਆਂ ਨੇ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਨੂੰ ਮੰਤਰੀ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਰਾਜਭਵਨ ਦੇ ਬਾਹਰ ਧਰਨਾ ਵੀ ਦਿੱਤਾ। ਲਕਸ਼ਮੀ ਹੇਬਾਲਕਰ, ਮਧੂ ਬੰਗਾਰੱਪਾ, ਡੀ ਸੁਧਾਕਰ, ਚੇਲੂਵਰਾਇਆ ਸਵਾਮੀ, ਐੱਮ ਵੈਦਿਆ ਅਤੇ ਐੱਮ ਸੀ ਸੁਧਾਕਰ ਨੂੰ ਸ਼ਿਵਕੁਮਾਰ ਦੇ ਨੇੜੇ ਸਮਝਿਆ ਜਾਂਦਾ ਹੈ। ਮੁੱਖ ਮੰਤਰੀ ਸਿਧਾਰਮੱਈਆ ਨੇ ਸਾਰੀਆਂ ਜਾਤਾਂ ਅਤੇ ਖ਼ਿੱਤਿਆਂ ਨੂੰ ਨੁਮਾਇੰਦਗੀ ਦਿੱਤੀ ਹੈ। ਕੈਬਨਿਟ ’ਚ ਅੱਠ ਲਿੰਗਾਇਤ, ਪੰਜ ਵੋਕਾਲੀਗਾ ਅਤੇ 9 ਅਨੁਸੂਚਿਤ ਜਾਤਾਂ ਦੇ ਮੰਤਰੀ ਸ਼ਾਮਲ ਹਨ। -ਪੀਟੀਆਈ 

ਸੰਘ ’ਤੇ ਪਾਬੰਦੀ ਦੇ ਮੁੱਦੇ ’ਤੇ ਕਾਂਗਰਸ ਦਾ ਯੂ-ਟਰਨ

ਬੰਗਲੂਰੂ: ਕਰਨਾਟਕ ’ਚ ਕਾਂਗਰਸ ਦੀ ਨਵੀਂ ਬਣੀ ਸਰਕਾਰ ਨੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ’ਤੇ ਪਾਬੰਦੀ ਲਗਾਉਣ ਦੇ ਮੁੱਦੇ ’ਤੇ ਯੂ-ਟਰਨ ਲੈ ਲਿਆ ਹੈ। ਮੁੱਖ ਮੰਤਰੀ ਸਿਧਾਰਮੱਈਆ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਸੰਘ ’ਤੇ ਪਾਬੰਦੀ ਲਗਾਉਣ ਜਿਹਾ ਕੋਈ ਦਾਅਵਾ ਨਹੀਂ ਕੀਤਾ ਸੀ। ਉਂਜ ਉਨ੍ਹਾਂ ਇਹ ਸਪੱਸ਼ਟ ਕੀਤਾ ਕਿ ਜੇਕਰ ਕੋਈ ਵੀ ਜਥੇਬੰਦੀ ਸ਼ਾਂਤੀ ਅਤੇ ਸਦਭਾਵਨਾ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰੇਗੀ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਪ੍ਰਿਯਾਂਕ ਖੜਗੇ ਨੇ ਕਿਹਾ ਸੀ ਕਿ ਪਾਰਟੀ ਬਜਰੰਗ ਦਲ ’ਤੇ ਪਾਬੰਦੀ ਲਾਉਣ ਲਈ ਤਿਆਰ ਹੈ ਅਤੇ ਕਾਨੂੰਨ ਆਪਣੇ ਹੱਥਾਂ ’ਚ ਲੈਣ ਵਾਲੀ ਕੋਈ ਵੀ ਜਥੇਬੰਦੀ, ਉਹ ਭਾਵੇਂ ਆਰਐੱਸਐੱਸ, ਬਜਰੰਗ ਦਲ ਜਾਂ ਹੋਰ ਕੋਈ ਫਿਰਕੂ ਜਥੇਬੰਦੀ ਹੋਵੇ, ਉਸ ’ਤੇ ਪਾਬੰਦੀ ਲਗਾਉਣ ’ਚ ਸਰਕਾਰ ਕੋਈ ਝਿਜਕ ਨਹੀਂ ਦਿਖਾਵੇਗੀ। -ਆਈਏਐੱਨਐੱਸ

ਮੰਤਰੀ ਨਾ ਬਣਨ ਵਾਲੇ ਆਗੂ ਮੇਰੇ ਵਾਂਗ ਸਬਰ ਰੱਖਣ: ਸ਼ਿਵਕੁਮਾਰ

ਬੰਗਲੂਰੂ: ਕਰਨਾਟਕ ਦੇ ਉਪ ਮੁੱਖ ਮੰਤਰੀ ਡੀ ਕੇ ਸ਼ਿਵਕੁਮਾਰ ਨੇ ਮੰਤਰੀ ਬਣਨ ਤੋਂ ਰਹਿ ਗਏ ਆਗੂਆਂ ਨੂੰ ਕਿਹਾ ਹੈ ਕਿ ਉਹ ਉਨ੍ਹਾਂ ਵਾਂਗ ਸਬਰ ਰੱਖਣ। ਸ਼ਿਵਕੁਮਾਰ ਨੇ ਕਿਹਾ ਕਿ ਸਾਰਿਆਂ ਨੂੰ ਮੌਕਾ ਜ਼ਰੂਰ ਮਿਲੇਗਾ ਕਿਉਂਕਿ ਉਨ੍ਹਾਂ ਨੂੰ ਵੀ ਧਰਮ ਸਿੰਘ ਅਤੇ ਸਿਧਾਰਮੱਈਆ ਦੀਆਂ ਅਗਵਾਈ ਹੇਠਲੀਆਂ ਸਰਕਾਰਾਂ ’ਚ ਮੰਤਰੀ ਬਣਨ ਦਾ ਕੋਈ ਮੌਕਾ ਨਹੀਂ ਮਿਲਿਆ ਸੀ। ‘ਪਰ ਮੈਂ ਸਬਰ ਰੱਖਿਆ। ਇਸੇ ਤਰ੍ਹਾਂ ਕੈਬਨਿਟ ਮੰਤਰੀ ਨਾ ਬਣਨ ਵਾਲੇ ਆਗੂਆਂ ਨੂੰ ਵੀ ਸਬਰ ਰੱਖਣਾ ਚਾਹੀਦਾ ਹੈ।’ ਭਾਜਪਾ ਛੱਡ ਕੇ ਆਏ ਜਗਦੀਸ਼ ਸ਼ੈੱਟਾਰ, ਲਕਸ਼ਮਣ ਸਾਵਦੀ, ਐੱਮ ਕ੍ਰਿਸ਼ਨੱਪਾ, ਪੁੱਤਰੰਗਾਸ਼ੈੱਟੀ ਅਤੇ ਆਰ ਵੀ ਦੇਸ਼ਪਾਂਡੇ ਦੇ ਸਮਰਥਕ ਉਨ੍ਹਾਂ ਨੂੰ ਮੰਤਰੀ ਨਾ ਬਣਾਏ ਜਾਣ ਤੋਂ ਨਾਰਾਜ਼ ਹਨ। -ਆਈਏਐੱਨਐੱਸ 



News Source link

- Advertisement -

More articles

- Advertisement -

Latest article