24 C
Patiāla
Friday, March 29, 2024

ਸੱਖਣੀ ਕੁੱਖ

Must read


ਗੁਰਮਲਕੀਅਤ ਸਿੰਘ ਕਾਹਲੋਂ

ਅੱਜ ਕੰਮ ਤੋਂ ਥੋੜ੍ਹੀ ਫੁਰਸਤ ਸੀ। ਅਰਾਮ ਦੇ ਮੂਡ ਵਿੱਚ ਬੈਠੇ ਬੈਠੇ ਪਤਾ ਹੀ ਨਾ ਲੱਗਾ ਕਦੋਂ ਉਹ ਦ੍ਰਿਸ਼ ਚੱਲਣ ਲੱਗਾ ਜਦੋਂ ਹੱਥੀਂ ਪਾਲੇ ਪਰੋਸੇ ਦਿਉਰ ਨੇ ਮੇਰੀ ਬਾਂਹ ਫੜ ਲਈ ਸੀ ਤੇ ਮੇਰੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਸੀ। ਕਈ ਘੰਟੇ ਮੈਂ ਆਪਣੇ ਆਪ ਵਿੱਚ ਨਹੀਂ ਸਾਂ ਆ ਸਕੀ।

ਅੱਜ ਫਿਰ ਪਤਾ ਨਹੀਂ ਕਿਉਂ ਉਸ ਮੌਕੇ ਦਾ ਪ੍ਰਭਾਵ ਮੇਰੇ ਮਨ ਉਤੇ ਹਾਵੀ ਹੋ ਗਿਆ ਸੀ। ਜਦੋਂ ਮੈਂ ਆਪਣੇ ਆਪ ਵਿੱਚ ਆਈ ਤਾਂ ਉੱਥੇ ਪਹੁੰਚ ਗਈ, ਜਦੋਂ ਅੱਠ ਕੁ ਸਾਲ ਪਹਿਲਾਂ ਮੇਰੀ ਸੱਸ ਮੈਨੂੰ ਆਪਣੇ ਘਰ ਦਾ ਬਾਰ ਟਪਾਉਣ ਤੋਂ ਪਹਿਲਾਂ ਸਾਡੇ ਦੋਹਾਂ ਦੇ ਸਿਰ ਤੋਂ ਪਾਣੀ ਵਾਰ ਕੇ ਪੀ ਰਹੀ ਸੀ। ਕਿੰਨੇ ਚਾਅ ਕੀਤੇ ਸੀ ਮੇਰੀ ਸੱਸ ਨੇ। ਸਹੁਰੇ ਨੇ ਵੀ ਪਲੇਠੇ ਪੁੱਤ ਦੇ ਵਿਆਹ ’ਤੇ ਚਾਅ ਕਰਨ ਵਾਲੀ ਕਸਰ ਨਹੀਂ ਸੀ ਛੱਡੀ। ਪੈਸਾ ਪਾਣੀ ਵਾਂਗ ਵਹਾਇਆ ਸੀ। ਰੱਜ ਕੇ ਕੀਤਾ ਸੀ ਰਿਸ਼ਤੇਦਾਰਾਂ ਨਾਲ ਲੈਣ-ਦੇਣ। ਉਦੋਂ ਤਾਂ ਪਤਾ ਨਾ ਲੱਗਾ ਕਿ ਉਨ੍ਹਾਂ ਨੂੰ ਮੇਰੀ ਦੱਸ ਕਿੱਥੋਂ ਪਈ ਸੀ। ਸਾਡੇ ਘਰ ਆ ਕੇ ਰਿਸ਼ਤਾ ਮੰਗਣ ਮੌਕੇ ਉਨ੍ਹਾਂ ਦੇ ਡੈਡੀ ਨੇ ਮੇਰੇ ਮਾਪਿਆਂ ਮੂਹਰੇ ਝੋਲੀ ਅੱਡੀ ਸੀ। ਮੇਰੇ ਮਾਪੇ ਤਾਂ ਖ਼ੁਦ ਹੈਰਾਨ ਸੀ ਕਿ ਐਨੀ ਵੱਡੀ ਜ਼ਮੀਨ ਜਾਇਦਾਦ ਦੇ ਮਾਲਕ ਅਤੇ ਚੰਗਾ ਕਾਰੋਬਾਰ ਕਰਦੇ ਪਰਿਵਾਰ ਦੇ ਦਰਾਂ ਮੂਹਰੇ ਤਾਂ ਰਿਸ਼ਤਿਆਂ ਦੀ ਲਾਈਨ ਲੱਗਦੀ ਹੋਊ, ਫਿਰ ਉਹ ਐਨੇ ਨਿਮਰ ਹੋ ਕੇ ਰਿਸ਼ਤਾ ਕਿਉਂ ਮੰਗ ਰਹੇ ਨੇ। ਬਾਅਦ ਵਿੱਚ ਸਾਨੂੰ ਪਤਾ ਲੱਗਾ ਕਿ ਮੇਰੀ ਇੱਕ ਜਮਾਤਣ ਕੁੜੀ ਇਨ੍ਹਾਂ ਦੇ ਦੋਸਤ ਦੇ ਘਰ ਵਿਆਹੀ ਗਈ ਸੀ। ਉਹ ਅਚਾਨਕ ਕਿਤੇ ਇਨ੍ਹਾਂ ਦੇ ਘਰ ਆਏ ਹੋਏ ਸੀ ਤਾਂ ਬਾਵਾ ਜੀ (ਮੇਰੇ ਪਤੀ) ਦੇ ਰਿਸ਼ਤੇ ਦੀ ਗੱਲ ਚੱਲ ਪਈ। ਮੇਰੇ ਸਹੁਰਾ ਸਾਹਿਬ ਮੇਰੀ ਉਸ ਜਮਾਤਣ ਦੇ ਸਲੀਕੇ, ਚੱਜ ਅਚਾਰ ਤੇ ਵਿਵਹਾਰ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਗੱਲਾਂ ਗੱਲਾਂ ਵਿੱਚ ਉਸ ਦੇ ਸਹੁਰਾ ਸਾਹਿਬ ਨੂੰ ਕਿਹਾ ਕਿ ਜਦੋਂ ਕਦੇ ਰਾਣੋ (ਮੇਰੀ ਕਾਲਜ ਜਮਾਤਣ) ਵਰਗੀ ਕੁੜੀ ਲੱਭੀ ਤਾਂ ਦੱਸੀਂ। ਬਸ ਰਾਣੋ ਨੇ ਮੇਰੀ ਦੱਸ ਪਾ ਦਿੱਤੀ ਤੇ ਇੰਜ ਸਾਡੇ ਸੰਜੋਗ ਲਿਖੇ ਗਏ ਤੇ ਮਹੀਨੇ ਕੁ ਬਾਅਦ ਮੈਂ ਇਸ ਘਰ ਦੀ ਬਹੂ ਬਣ ਕੇ ਆ ਗਈ।

ਬਾਵਾ ਜੀ ਹੋਰੀਂ ਦੋ ਭਰਾ ਸਨ। ਸੰਤੋਖ ਇਨ੍ਹਾਂ ਤੋਂ 11 ਸਾਲ ਛੋਟਾ ਸੀ। ਮੈਂ ਵਿਆਹ ਕੇ ਆਈ ਤਾਂ ਉਹ ਸੱਤਵੀਂ ਵਿੱਚ ਪੜ੍ਹਦਾ ਸੀ। ਸਾਡੇ ਵਿਆਹ ਤੋਂ ਡੇਢ ਕੁ ਸਾਲ ਬਾਅਦ ਸਾਡੇ ਮਾਪੇ ਥੋੜ੍ਹੇ ਦਿਨਾਂ ਦੇ ਫਰਕ ਨਾਲ ਸਦੀਵੀ ਵਿਛੋੜਾ ਦੇ ਗਏ। ਸਾਰੀਆਂ ਪਰਿਵਾਰਕ ਜ਼ਿੰਮੇਵਾਰੀਆਂ ਮੇਰੇ ਤੇ ਬਾਵਾ ਜੀ ਦੇ ਮੋਢਿਆਂ ਉਤੇ ਆਣ ਪਈਆਂ। ਪਹਿਲਾਂ ਪਹਿਲ ਤਾਂ ਬਥੇਰੀਆਂ ਔਕੜਾਂ ਆਈਆਂ, ਪਰ ਬਾਵਾ ਜੀ ਨੇ ਛੇਤੀ ਹੀ ਸਭ ਉਤੇ ਕਾਬੂ ਪਾ ਲਿਆ ਤੇ ਸਾਡਾ ਕਾਰੋਬਾਰ ਪਹਿਲਾਂ ਵਾਂਗ ਚੰਗਾ ਚੱਲਣ ਲੱਗਿਆ। ਪਿੰਡ ਵਾਲੀ ਸਾਰੀ ਜ਼ਮੀਨ ਤਾਂ ਪਿਤਾ ਜੀ ਦੇ ਹੁੰਦਿਆਂ ਈ ਠੇਕੇ ਉੱਤੇ ਸੀ, ਜਿਸ ’ਤੇ ਸਾਡੇ ਸ਼ਰੀਕੇ ਵਾਲੇ ਖੇਤੀ ਕਰਦੇ ਸਨ। ਪਿਤਾ ਜੀ ਕਹਿੰਦੇ ਹੁੰਦੇ ਸਨ ਕਿ ਬੇਸ਼ੱਕ ਸ਼ਰੀਕੇ ਵਾਲਿਆਂ ਦੀ ਅੱਖ ਕਾਣੀ ਹੀ ਹੋਵੇ, ਪਰ ਉਹ ਹੁੰਦੇ ਤਾਂ ਆਪਣੇ ਹੀ ਨੇ। ਪਿਤਾ ਜੀ ਉਨ੍ਹਾਂ ਤੋਂ ਠੇਕਾ ਵੀ ਹੋਰਾਂ ਤੋਂ ਥੋੜ੍ਹਾ ਘੱਟ ਲਿਆ ਕਰਦੇ ਸਨ। ਮਾਂ-ਪਿਉ ਦਾ ਵਿਛੋੜਾ ਸੰਤੋਖ ਲਈ ਸਹਿਣਾ ਔਖਾ ਹੋ ਗਿਆ ਸੀ। ਮੈਂ ਉਸ ਨੂੰ ਆਪਣੀ ਗੋਦੀ ਵਿੱਚ ਬੈਠਾ ਕੇ ਲਾਡ ਲਡਾਉਂਦੀ ਤੇ ਮਾਂ ਦੀ ਘਾਟ ਦੂਰ ਕਰਨ ਦੇ ਯਤਨ ਕਰਦੀ। ਦੋ ਕੁ ਮਹੀਨਿਆਂ ਵਿੱਚ ਉਹ ਮੇਰੇ ਨਾਲ ਰਚ ਮਿਚ ਗਿਆ। ਵਿਆਹ ਨੂੰ ਦੋ ਸਾਲ ਹੋਣ ਬਾਅਦ ਵੀ ਮੇਰੀ ਕੁੱਖ ਸੱਖਣੀ ਸੀ। ਕਈ ਵਾਰ ਮਮਤਾ ਮੇਰੇ ਮਨ ਉਤੇ ਹਾਵੀ ਹੁੰਦੀ ਤਾਂ ਮੈਂ ਮਨ ਨੂੰ ਸਮਝਾਉਂਦੀ, ‘‘ਸੰਤੋਖ ਵੀ ਤਾਂ ਸਾਡੇ ਪੁੱਤਾਂ ਵਰਗਾ ਈ ਆ। ਉਸ ਨੂੰ ਮਾਪਿਆਂ ਦੀ ਲੋੜ ਐ ਤੇ ਸਾਨੂੰ ਔਲਾਦ ਦੀ। ਗੱਲ ਤਾਂ ਮੰਨਣ ਦੀ ਆ, ਫਿਰ ਇਸ ਨੂੰ ਪੁੱਤਰ ਸਮਝਣ ਵਿੱਚ ਕੀ ਹਰਜ਼ ਐ।’’

ਉਦੋਂ ਦੇ ਕਈ ਪਲਾਂ ਦੇ ਅਹਿਸਾਸ ਮੇਰੇ ਮਨ ’ਚ ਕੱਲ੍ਹ ਦੀ ਤਰ੍ਹਾਂ ਵੱਸੇ ਹੋਏ ਆ। ਯਕੀਨ ਕਰਿਓ, ਮੈਂ ਸੱਚੋ ਸੱਚ ਦੱਸਦੀ ਆਂ, ਉਦੋਂ ਇਹ ਖਿਆਲ ਆਉਂਦੇ ਈ ਮੇਰੇ ਸਰੀਰ ’ਚ ਮਮਤਾ ਦੀਆਂ ਤਰੰਗਾਂ ਚੱਲਣ ਲੱਗਦੀਆਂ ਸੀ। ਮੇਰੇ ਚਿਹਰੇ ’ਚੋਂ ਮਮਤਾ ਡਲ੍ਹਕਾਂ ਮਾਰਨ ਲੱਗ ਪੈਂਦੀ ਤੇ ਹੱਥ ਆਪਣੇ ਆਪ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਜੁੜ ਜਾਂਦੇ। ਆਪਣੀ ਸੱਖਣੀ ਕੁੱਖ ਦਾ ਦਰਦ ਮੇਰੇ ਮਨ ’ਚੋਂ ਛੂੰ ਮੰਤਰ ਹੋ ਜਾਂਦਾ ਤੇ ਮੈਂ ਆਪਣੇ ਆਪ ਨੂੰ ਭਾਗਾਂ ਵਾਲੀ ਸਮਝਣ ਲੱਗਦੀ, ਜਿਸ ਨੂੰ ਰੱਬ ਨੇ ਇਹੋ ਜਿਹਾ ਪੁੱਤ ਦਿੱਤਾ, ਜਿਸ ਲਈ ਪ੍ਰਸੂਤਾ ਪੀੜਾਂ ਵੀ ਨਹੀਂ ਸੀ ਸਹਿਣੀਆਂ ਪਈਆਂ। ਦੇਵੀਆਂ ਵਰਗੀ ਮੇਰੀ ਸੱਸ ਮੇਰੀਆਂ ਅੱਖਾਂ ਮੂਹਰੇ ਆਣ ਖੜ੍ਹਦੀ ਤੇ ਮੇਰੇ ਸਿਰ ’ਤੇ ਹੱਥ ਰੱਖ ਕੇ ਸ਼ਾਬਾਸ਼ ਦਿੰਦੀ ਹੋਈ ਮਹਿਸੂਸ ਹੁੰਦੀ। ਬਾਵਾ ਜੀ ਕਈ ਵਾਰ ਕਹਿ ਚੁੱਕੇ ਸਨ ਕਿ ਇਸ ਤੋਂ ਚੰਗਾ ਪੁੱਤ ਰੱਬ ਕਿਸੇ ਕਿਸੇ ਨੂੰ ਦਿੰਦਾ। ਸੰਤੋਖ ਵੀ ਸਾਡੇ ਦੋਹਾਂ ਦੇ ਪਿਆਰ ਸਤਿਕਾਰ ਵਿੱਚ ਕੋਈ ਕਸਰ ਨਹੀਂ ਸੀ ਛੱਡਦਾ। ਬੇਸ਼ੱਕ ਉਹ ਬਾਵਾ ਜੀ ਨਾਲ ਗੱਲ ਕਰਨ ਤੋਂ ਥੋੜ੍ਹਾ ਝਕ ਜਾਂਦਾ ਸੀ, ਪਰ ਮੇਰੇ ਨਾਲ ਉਹ ਮਨ ਦੀ ਹਰ ਗੱਲ ਕਰ ਲੈਂਦਾ ਸੀ ਤੇ ਕੁਝ ਛੁਪਾਉਂਦਾ ਵੀ ਨਹੀਂ ਸੀ। ਮੈਨੂੰ ਉਸ ’ਤੇ ਪੂਰਾ ਭਰੋਸਾ ਹੁੰਦਾ। ਸ਼ਾਮ ਨੂੰ ਘਰ ਆਉਂਦਿਆਂ ਉਸ ਨੂੰ ਚੈਨ ਨਾ ਆਉਂਦਾ, ਜਦ ਤਕ ਉਹ ਸਕੂਲ ਵਿੱਚ ਜਾਂ ਦੋਸਤਾਂ ਮਿੱਤਰਾਂ ਨਾਲ ਹੋਈ ਬੀਤੀ ਹਰ ਗੱਲ ਮੇਰੇ ਨਾਲ ਸਾਂਝੀ ਨਾ ਕਰ ਲੈਂਦਾ।

ਕਿਹਾ ਜਾਂਦਾ ਹੈ ਨਾ ਕਿ ਕਈ ਵਾਰ ਬਹੁਤੀਆਂ ਖੁਸ਼ੀਆਂ ਜਾਂ ਤਾਂ ਸਾਡੇ ਤੋਂ ਸਾਂਭੀਆਂ ਨਹੀਂ ਜਾਂਦੀਆਂ, ਜਾਂ ਫਿਰ ਉਨ੍ਹਾਂ ਨੂੰ ਨਜ਼ਰ ਲੱਗ ਜਾਂਦੀ ਹੈ। ਮੇਰੇ ਨਾਲ ਵੀ ਉਹੀ ਕੁਝ ਹੋਇਆ। ਬਾਵਾ ਜੀ ਕਾਰੋਬਾਰੀ ਸਿਲਸਿਲੇ ’ਚ ਦੂਜੇ ਸ਼ਹਿਰ ਗਏ ਹੋਏ ਸਨ। ਕਾਰ ’ਤੇ ਵਾਪਸ ਆਉਂਦਿਆਂ ਰੇਲ ਫਾਟਕ ਪਾਰ ਕਰਦਿਆਂ ਤੇਜ਼ ਰਫ਼ਤਾਰ ਰੇਲ ਗੱਡੀ ਕਾਰ ਨੂੰ ਅੱਧਾ ਕਿਲੋਮੀਟਰ ਧੂਹ ਕੇ ਲੈ ਗਈ। ਗੇਟ ਕੀਪਰ ਤੋਂ ਗਲਤੀ ਨਾਲ ਫਾਟਕ ਖੁੱਲ੍ਹਾ ਰਹਿ ਗਿਆ ਸੀ। ਬਸ ਫਿਰ ਜੋ ਹੋਇਆ…। ਉਸ ਮੌਕੇ ਦਾ ਚੇਤਾ ਮੈਨੂੰ ਆਪਣਾ ਆਪ ਭੁਲਾ ਦਿੰਦਾ ਹੈ।

ਬਾਵਾ ਜੀ ਦੇ ਵਿਛੋੜੇ ਨੇ ਸਾਨੂੰ ਦਿਉਰ ਭਾਬੀ ਨੂੰ ਤੋੜ ਕੇ ਰੱਖ ਦਿੱਤਾ, ਪਰ ਹੌਸਲਾ ਛੱਡਣਾ ਮੇਰੇ ਖੂਨ ਵਿੱਚ ਨਹੀਂ ਹੈ। ਜਿਵੇਂ ਜਿਵੇਂ ਦਿਨ ਲੰਘੇ, ਅਸੀਂ ਸੰਭਲਣ ਲੱਗੇ। ਸਾਡੇ ਸ਼ਰੀਕ ਸੰਤੋਖ ਨੂੰ ਕਾਲਜ ’ਚੋਂ ਹਟਾ ਲੈਣ ਦੀਆਂ ਸਲਾਹਾਂ ਦੇਣ ਲੱਗੇ, ਪਰ ਮੈਂ ਚਾਹੁੰਦੀ ਸੀ ਕਿ ਉਹ ਪੜ੍ਹਾਈ ਪੂਰੀ ਕਰੇ। ਕਦੇ ਅਗਾਂਹ ਜਾ ਕੇ ਵੀ ਉਸ ਦੇ ਮਨ ਵਿੱਚ ਇਹ ਗੱਲ ਨਾ ਆਵੇ ਕਿ ਭਾਬੀ ਮਾਂ ਨੇ ਪੜ੍ਹਾਈ ਛੁਡਵਾ ਲਈ ਸੀ। ਹਾਂ, ਦੱਸਣਾ ਭੁੱਲ ਗਈ ਮੈਂ, ਬਾਵਾ ਜੀ ਦੇ ਹੁੰਦਿਆਂ ਤਾਂ ਉਹ ਮੈਨੂੰ ਭਾਬੀ ਆਖ ਕੇ ਬੁਲਾਉਂਦਾ ਹੁੰਦਾ ਸੀ, ਪਰ ਬਾਅਦ ਵਿੱਚ ਆਪੇ ਈ ਭਾਬੀ ਮਾਂ ਕਹਿਣ ਲੱਗ ਪਿਆ ਤੇ ਇਹ ਸੁਣਨਾ ਮੈਨੂੰ ਚੰਗਾ ਲੱਗਦਾ। ਕਾਰੋਬਾਰ ਦੀ ਜ਼ਿੰਮੇਵਾਰੀ ਮੈਂ ਸੰਭਾਲ ਲਈ। ਮੈਂ ਬਾਵਾ ਜੀ ਵੱਲੋਂ ਘਰ ਆ ਕੇ ਕੀਤੀਆਂ ਗੱਲਾਂ ਯਾਦ ਕਰ ਕਰਕੇ ਉਨ੍ਹਾਂ ’ਚੋਂ ਕਾਮਿਆਂ ਤੋਂ ਚੰਗਾ ਕੰਮ ਲੈਣ ਦੇ ਢੰਗ ਤਰੀਕੇ ਲੱਭ ਲਏ। ਕੁਝ ਮਹੀਨਿਆਂ ਵਿੱਚ ਸਾਡਾ ਕੰਮ ਪਹਿਲਾਂ ਵਾਂਗ ਚੱਲਣ ਲੱਗ ਪਿਆ। ਸਾਰੇ ਕਾਮੇ ਮੇਰਾ ਕਿਹਾ ਨਾ ਮੋੜਦੇ ਤੇ ਔਖੇ ਹੋ ਕੇ ਵੀ ਦੱਸੇ ਗਏ ਕੰਮ ਨੂੰ ਮਨ ਲਾ ਕੇ ਕਰਦੇ। ਮੈਂ ਉਨ੍ਹਾਂ ਦੇ ਤਨਖਾਹ ਵਾਧੇ ਨੂੰ ਉਨ੍ਹਾਂ ਦੇ ਕੰਮਾਂ ਨਾਲ ਜੋੜ ਦਿੱਤਾ ਸੀ। ਇੰਜ ਉਹ ਪਹਿਲਾਂ ਤੋਂ ਵੱਧ ਇਮਾਨਦਾਰ ਤੇ ਮਿਹਨਤੀ ਬਣ ਗਏ।

ਉੱਧਰ ਸਾਡੇ ਸ਼ਰੀਕ ਬਾਵਾ ਜੀ ਦੇ ਜਾਣ ਤੋਂ ਬਾਅਦ ਸਾਡੀ ਜ਼ਮੀਨ ਹੜੱਪਣ ਦੀਆਂ ਚਾਲਾਂ ਚੱਲਣ ਲੱਗੇ। ਮੈਂ ਉਨ੍ਹਾਂ ਦੀ ਅੱਖ ਵਿੱਚ ਰੜਕਣ ਲੱਗ ਪਈ। ਉਹ ਸੰਤੋਖ ਨੂੰ ਨਿਆਣਾ ਸਮਝ ਕੇ ਆਪਣੀਆਂ ਕੋਝੀਆਂ ਚਾਲਾਂ ਵਿੱਚ ਫਸਾਉਣ ਦੇ ਯਤਨ ਕਰਨ ਲੱਗ ਪਏ। ਕਦੇ ਕਦੇ ਉਹ ਸਾਡੇ ਘਰ ਆ ਕੇ ਮੈਨੂੰ ਵੱਧ ਘੱਟ ਬੋਲ ਜਾਂਦੇ, ਪਰ ਮੈਂ ਉਨ੍ਹਾਂ ਦੀ ਬਹੁਤੀ ਪਰਵਾਹ ਨਾ ਕਰਦੀ। ਸ਼ਰੀਕ ਚਾਹੁੰਦੇ ਸੀ ਕਿ ਮੈਂ ਘਰ ਛੱਡ ਕੇ ਚਲੀ ਜਾਵਾਂ ਤੇ ਉਹ ਸੰਤੋਖ ਨੂੰ ਵਰਗਲਾ ਕੇ ਸਾਡੀ ਜ਼ਮੀਨ ਹੜੱਪ ਲੈਣ। ਸੰਤੋਖ ਵੀ ਚੁੱਪ ਚੁੱਪ ਰਹਿਣ ਲੱਗ ਪਿਆ। ਮੇਰੇ ਨਾਲ ਪਹਿਲਾਂ ਵਾਂਗ ਖੁੱਲ੍ਹ ਕੇ ਗੱਲ ਘੱਟ ਕਰਦਾ। 19 ਵਰ੍ਹਿਆਂ ਦਾ ਹੋਣ ’ਤੇ ਵੀ ਮੈਨੂੰ ਉਹ ਨਿਆਣਾ ਜਾਪਦਾ। ਕਦੇ ਕਦੇ ਮੈਨੂੰ ਲੱਗਣ ਲੱਗਦਾ ਜਿਵੇਂ ਉਹ ਸ਼ਰੀਕਾਂ ਦੇ ਜਾਲ ਵਿੱਚ ਫਸਦਾ ਜਾ ਰਿਹਾ ਹੋਵੇ। ਇਹ ਸਵਾਲ ਜਦ ਮੈਂ ਆਪਣੇ ਮਨ ਨੂੰ ਕਰਦੀ ਤਾਂ ਉਸ ਦਾ ਜਵਾਬ ਨਾਂਹ ਹੁੰਦਾ। ਫਿਰ ਮੈਂ ਆਪਣੇ ਆਪ ਨੂੰ ਕੋਸਣ ਲੱਗ ਪੈਂਦੀ। ਭਲਾ ਕਦੇ ਪੁੱਤ ਵੀ ਕਿਸੇ ਦੇ ਆਖੇ ਲੱਗ ਕੇ ਮਾਵਾਂ ਨੂੰ ਪਾਸੇ ਕਰ ਸਕਦੇ ਨੇ। ਜਦ ਇਹ ਸਵਾਲ ਮੈਂ ਆਪਣੇ ਮਨ ਨੂੰ ਕਰਦੀ ਤਾਂ ਉੱਥੋਂ ਫਿਰ ਉਹੀ ਜਵਾਬ ਮਿਲਦਾ ਜਿਸ ਨਾਲ ਮੇਰੀ ਖੁਸ਼ੀ ਪਰਤ ਆਉਂਦੀ ਤੇ ਸ਼ੱਕ ਉਡਾਰੀ ਮਾਰ ਜਾਂਦੇ। ਉਂਜ ਮੈਂ ਆਪਣੇ ਢੰਗ ਨਾਲ ਸ਼ਰੀਕਾਂ ਦੀਆਂ ਹਰਕਤਾਂ ਉੱਤੇ ਨਜ਼ਰ ਰੱਖਦੀ। ਮੈਨੂੰ ਡਰ ਰਹਿੰਦਾ ਕਿ ਉਹ ਪਟਵਾਰੀ ਨਾਲ ਗੰਢ ਤੁੱਪ ਕਰਕੇ ਸਾਡੀ ਜ਼ਮੀਨ ਆਪਣੇ ਨਾਂ ਉੱਤੇ ਨਾ ਚੜ੍ਹਵਾ ਲੈਣ। ਅਖ਼ਬਾਰਾਂ ਵਿੱਚ ਇੰਜ ਦੇ ਘਪਲਿਆਂ ਦੀਆਂ ਖ਼ਬਰਾਂ ਪੜ੍ਹ ਪੜ੍ਹ ਕੇ ਡਰ ਤੇਜ਼ ਹੋਣ ਲੱਗਦਾ।

ਇੱਕ ਦਿਨ ਤਾਂ ਹੱਦ ਹੀ ਹੋ ਗਈ। ਸੰਤੋਖ ਕਾਲਜ ਗਿਆ ਹੋਇਆ ਸੀ। ਸਾਡੇ ਸ਼ਰੀਕੇ ਵਾਲੇ ਕਿਸੇ ਕਾਲੇ ਕੋਟ ਵਾਲੇ ਨੂੰ ਲੈ ਕੇ ਸਾਡੇ ਘਰ ਆ ਗਏ। ਉਸ ਨੇ ਹੱਥ ਵਿੱਚ ਫੜੀ ਹੋਈ ਫਾਈਲ ਖੋਲ੍ਹੀ ਤੇ ਆਪਣੀ ਪਹਿਚਾਣ ਵਕੀਲ ਦੱਸਦੇ ਹੋਏ ਮੈਨੂੰ ਕੁਝ ਕਾਗਜ਼ਾਂ ਉਤੇ ਦਸਤਖਤ ਕਰਨ ਲਈ ਕਿਹਾ। ਉਂਜ ਤਾਂ ਕਾਰੋਬਾਰ ਵਿੱਚ ਪੈਣ ਕਰਕੇ ਮੈਂ ਇੰਜ ਬਿਨਾਂ ਪੜ੍ਹੇ ਦਸਤਖਤ ਕਰਨ ਵਾਲੀ ਨਹੀਂ ਸੀ, ਪਰ ਉਸ ਦਿਨ ਪਤਾ ਨਹੀਂ ਅਕਲ ਉੱਤੇ ਕੀ ਤਾਲਾ ਲੱਗ ਗਿਆ, ਮੈਂ ਪਹਿਲੇ ਕਾਗਜ਼ ਉੱਤੇ ਦਸਤਖਤ ਕਰਨ ਈ ਲੱਗੀ ਸੀ ਕਿ ਸੰਤੋਖ ਆ ਗਿਆ। ਉਸ ਨੂੰ ਵੇਖਦੇ ਈ ਵਕੀਲ ਨੇ ਫਾਈਲ ਮੇਰੇ ਹੱਥੋਂ ਖਿੱਚ ਲਈ ਤੇ ਰਵਾਂ ਰਵੀਂ ਬਾਹਰ ਨਿਕਲ ਗਏ। ਬਾਅਦ ਵਿੱਚ ਪਤਾ ਲੱਗਾ ਕਿ ਸ਼ਰੀਕੇ ਵਾਲੇ ਕਿਸੇ ਚੁਸਤ ਚਲਾਕ ਬੰਦੇ ਨੂੰ ਜਾਅਲੀ ਵਕੀਲ ਬਣਾ ਕੇ ਲਿਆਏ ਸੀ ਤੇ ਮੇਰੇ ਤੋਂ ਕਿਸੇ ਮੁਖਤਾਰਨਾਮੇ ’ਤੇ ਦਸਤਖ਼ਤ ਕਰਾਉਣ ਲੱਗੇ ਸੀ।

ਵਕੀਲ ਵਾਲੀ ਚਾਲ ਵਿੱਚ ਫੇਲ੍ਹ ਹੋਣ ਤੋਂ ਬਾਅਦ ਸ਼ਰੀਕਾਂ ਨੇ ਸੰਤੋਖ ਲਈ ਰਿਸ਼ਤੇ ਭੇਜਣੇ ਸ਼ੁਰੂ ਕਰ ਦਿੱਤੇ, ਹਾਲਾਂਕਿ ਤੋਖੀ ਤਾਂ ਅਜੇ ਪੜ੍ਹ ਰਿਹਾ ਸੀ। ਹਰ ਹਫ਼ਤੇ ਕਿਸੇ ਨਾ ਕਿਸੇ ਨੂੰ ਉਹ ਕੁੜੀ ਦਾ ਪਿਉ ਬਣਾ ਕੇ ਸਾਡੇ ਘਰ ਆਣ ਵੜਦੇ। ਕਦੇ ਕੋਈ ਗੱਲ ਤੇ ਕਦੇ ਕੋਈ। ਘਰ ਆਇਆਂ ਨਾਲ ਗੱਲ ਮੈਨੂੰ ਹੀ ਕਰਨੀ ਪੈਂਦੀ। ਕਿਸੇ ਦੇ ਆਏ ’ਤੇ ਤੋਖੀ ਕੋਈ ਹਾਂ ਨਾਂਹ ਨਾ ਕਰਦਾ। ਜਿਸ ਨੂੰ ਸ਼ਰੀਕਾਂ ਨੇ ਚੋਗਾ ਪੈਣ ਦਾ ਸੰਕੇਤ ਸਮਝ ਲਿਆ ਹੋਇਆ ਸੀ। ਘਰ ਆ ਕੇ ਉਹ ਮਨਘੜਤ ਕਹਾਣੀਆਂ ਨਾਲ ਤੋਖੀ ਦਾ ਮਨ ਪਸੀਜਣ ਦੇ ਯਤਨ ਕਰਦੇ। ਉਨ੍ਹਾਂ ਦੀ ਸੋਚ ਸੀ, ਇੱਕ ਵਾਰ ਤੋਖੀ ਹਾਂ ਕਰ ਦੇਵੇ, ਇਸ ਬਲਾ ਨਾਲ ਨਜਿੱਠਣਾ ਬੜਾ ਸੌਖਾ ਹੋਜੂ। ਕਦੇ ਕਦੇ ਮੈਨੂੰ ਇਹ ਵੀ ਮਹਿਸੂਸ ਹੋਣ ਲੱਗਦਾ, ਕਿਤੇ ਤੋਖੀ ਇਨ੍ਹਾਂ ਦੇ ਜਾਲ ਵਿੱਚ ਫਸਣ ਤਾਂ ਨਹੀਂ ਲੱਗ ਪਿਆ। ਪਰ ਮੈਂ ਕਦੇ ਉਸ ਨੂੰ ਪੁੱਛਦੀ ਨਾ। ਉਂਜ ਵੀ ਪੁੱਛ ਕੇ ਮੈਂ ਉਸ ਉੱਤੇ ਬਣੇ ਆਪਣੇ ਭਰੋਸੇ ਉਤੇ ਝਰੀਟ ਨਹੀਂ ਸੀ ਪੈਣ ਦੇਣਾ ਚਾਹੁੰਦੀ।

ਰਿਸ਼ਤਿਆਂ ਦੀਆਂ ਚਾਲਾਂ ਚੱਲਦਿਆਂ ਇੱਕ ਦਿਨ ਤਾਂ ਸ਼ਰੀਕਾਂ ਨੇ ਹੱਦ ਹੀ ਕਰ ਦਿੱਤੀ। ਲੰਮੀ ਸਾਰੀ ਕਾਰ ਸਾਡੇ ਦਰਾਂ ਮੂਹਰੇ ਰੁਕੀ। ਫਿਲਮੀ ਅਭਿਨੇਤਰੀਆਂ ਵਾਂਗ ਸੱਜੀ ਸੰਵਰੀ ਸੋਹਣੀ ਸੁਨੱਖੀ ਕੁੜੀ ਤੇ ਨਾਲ ਵੱਡੇ ਅਫ਼ਸਰਾਂ ਦਾ ਪ੍ਰਭਾਵ ਪਾਉਂਦੇ ਮਰਦ ਤੇ ਔਰਤ ਕਾਰ ’ਚੋਂ ਨਿਕਲੇ। ਉਨ੍ਹਾਂ ਅਜੇ ਸਾਡੀ ਡੋਰ ਬੈੱਲ ਵਜਾਈ ਹੀ ਸੀ ਕਿ ਸ਼ਰੀਕ ਕਬੀਲੇ ’ਚੋਂ ਲੰਬੜ ਵੀ ਆਣ ਪਹੁੰਚਿਆ। ਹੁਣ ਘਰ ਆਇਆਂ ਨੂੰ ਕੀ ਕਹੀਏ। ਘਰ ਆਏ ਦਾ ਸਵਾਗਤ ਪੰਜਾਬੀਆਂ ਦੇ ਖੂਨ ਵਿੱਚ ਰਚਿਆ ਹੋਇਆ। ਅੰਦਰ ਬੈਠਾ ਕੇ ਪਾਣੀ-ਧਾਣੀ ਪਿਆਇਆ ਤਾਂ ਆਏ ਮਰਦ ਨੇ ਗੱਲ ਤੋਰੀ, “ਜੀ ਮੈਂ ਭਾਖੜਾ ਡੈਮ ਉਤੇ ਡਿਪਟੀ ਇੰਜੀਨੀਅਰ ਆਂ ਅਤੇ ਇਹ ਮੇਰੀ ਸ੍ਰੀਮਤੀ ਜੀ ਨੰਗਲ ਵਾਲੇ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਨੇ। ਆਹ ਸਾਡੀ ਬੇਟੀ ਐ ਤੇ ਤੁਹਾਡੇ ਦਿਉਰ ਨੂੰ ਪਿਆਰ ਕਰਦੀ ਆ।’’

ਸ਼ਾਇਦ ਅਜੇ ਉਹ ਕੋਈ ਹੋਰ ਭੂਮਿਕਾ ਬੰਨ੍ਹਦਾ, ਮੇਰੇ ਕੋਲੋਂ ਰਿਹਾ ਨਾ ਗਿਆ ਤੇ ਵਿੱਚੋਂ ਹੀ ਟੋਕ ਦਿੱਤਾ,

“ਜੀ ਕਿਸੇ ਨੇ ਤੁਹਾਨੂੰ ਗ਼ਲਤ ਦੱਸਿਆ, ਇਹ ਦਿਉਰ ਨਹੀਂ, ਮੇਰਾ ਪੁੱਤਰ ਹੈ। ਤੁਸੀਂ ਇਸ ਨੂੰ ਈ ਪੁੱਛ ਲਵੋ।’’

ਉਹ ਬੰਦਾ ਲੱਗਦਾ ਤਾਂ ਬਥੇਰਾ ਚਲਾਕ ਸੀ, ਪਰ ਮੇਰੀ ਗੱਲ ਸੁਣ ਕੇ ਥੋੜ੍ਹਾ ਝਿੱਥਾ ਪੈ ਗਿਆ ਤੇ ਗੱਲ ਅੱਗੇ ਤੋਰਦਿਆਂ ਆਪਣੀ ਆਈ ’ਤੇ ਆ ਗਿਆ, ਅਖੇ ਜੀ ‘‘ਇਹ ਦੋਵੇਂ ਕਾਲਜਾਂ ਦੇ ਕਿਸੇ ਕੰਪੀਟੀਸ਼ਨ ਮੌਕੇ ਇਕੱਠੇ ਹੋਏ ਸੀ ਤੇ ਪਹਿਲੀ ਮਿਲਣੀ ਵਿੱਚ ਇੱਕ ਦੂਜੇ ਨਾਲ ਜ਼ਿੰਦਗੀ ਭਰ ਦੀਆਂ ਕਸਮਾਂ ਖਾਈ ਬੈਠੇ ਨੇ। ਅਸੀਂ ਆਪਣੀ ਧੀ ਦੀ ਮਰਜ਼ੀ ਤੋਂ ਬਾਹਰ ਨਹੀਂ ਜਾ ਸਕਦੇ, ਇਸ ਕਰਕੇ ਤਿਆਰੀ ਕਰਕੇ ਆਏ ਆਂ, ਬਸ ਤੁਹਾਡੀ ਹਾਂ ਦੀ ਉਡੀਕ ਹੈ।’’

ਉਨ੍ਹਾਂ ਦੀ ਗੱਲ ਸੁਣ ਕੇ ਮੈਂ ਤੇ ਤੋਖੀ ਇੱਕ ਦੂਜੇ ਦੇ ਮੂੰਹ ਵੱਲ ਵੇਖੀਏ। ਮੇਰੀਆਂ ਅੱਖਾਂ ’ਚ ਆਇਆ ਸਵਾਲ ਤੋਖੀ ਨੇ ਪੜ੍ਹ ਲਿਆ। ਸਿਰ ਉੱਤੇ ਹੱਥ ਫੇਰਦੇ ਹੋਏ ਨੇ ਰਮਜ਼ਾਂ ਨਾਲ ਮੈਨੂੰ ਉਨ੍ਹਾਂ ਦੀ ਚਾਲ ਦਾ ਸੰਕੇਤ ਦਿੱਤਾ, ਪਰ ਉਹ ਐਨੀ ਛੇਤੀ ਹਾਰ ਮੰਨਣ ਵਾਲੇ ਨਹੀਂ ਸੀ ਲੱਗਦੇ। ਕੁੜੀ ਕੁਰਸੀ ਤੋਂ ਉੱਠੀ ਤੇ ਸੰਤੋਖ ਵੱਲ ਇਸ਼ਾਰਾ ਕਰਕੇ ਬੋਲੀ,

“ਜੀ ਅਸੀਂ ਦੋ ਮਿੰਟ ਵੱਖਰੇ ਗੱਲ ਕਰ ਸਕਦੇ ਆਂ ?”

ਤੋਖੀ ਨਾ ਤਾਂ ਉੱਠਿਆ ਤੇ ਨਾ ਹੀ ਕੁੜੀ ਦੀ ਗੱਲ ਸੁਣ ਕੇ ਉਸ ਦੇ ਹਾਵ ਭਾਵ ਬਦਲੇ। ਸਹਿਜ ਜਿਹਾ ਹੋ ਕੇ ਨੀਵੀਂ ਪਾਈ ਬੈਠਾ ਰਿਹਾ। ਨਕਲੀ ਪਿਉ ਤੇ ਸ਼ਰੀਕਾਂ ਨੂੰ ਤੀਰ ਟਿਕਾਣੇ ਲੱਗਣ ਦਾ ਭਰਮ ਜਿਹਾ ਹੋ ਗਿਆ। ਖੈਰ, ਗੱਲ ਛੇਤੀ ਮੁਕਾਵਾਂ, ਮੈਨੂੰ ਤਾਂ ਉਸ ਵੇਲੇ ਕੋਈ ਗੱਲ ਨਾ ਅਹੁੜੀ, ਪਰ ਤੋਖੀ ਨੇ ਮੌਕਾ ਸੰਭਾਲ ਲਿਆ ।

“ਚਾਚਾ ਜੀ, ਬਹੁਤ ਬਹੁਤ ਧੰਨਵਾਦ, ਡੈਡੀ ਤੋਂ ਬਾਅਦ ਤੁਸੀਂ ਸਾਡੀ ਐਨੀ ਫਿਕਰ ਕਰ ਰਹੇ ਓ, ਅਸੀਂ ਇਨ੍ਹਾਂ ਦੀਆਂ ਸਾਰੀਆਂ ਗੱਲਾਂ ਸੁਣ ਤੇ ਸਮਝ ਲਈਆਂ ਨੇ। ਇਹ ਜ਼ਿੰਦਗੀ ਦੇ ਫੈਸਲੇ ਨੇ ਜਿਨ੍ਹਾਂ ਉੱਤੇ ਠਾਹ ਸੋਟਾ ਨਹੀਂ ਮਾਰਿਆ ਜਾ ਸਕਦਾ। ਸਾਨੂੰ ਇੱਕ ਦੋ ਹਫ਼ਤੇ ਦਾ ਸਮਾਂ ਦਿਉ, ਸਾਰਾ ਕੁਝ ਸੋਚ ਵਿਚਾਰ ਕੇ ਤੁਹਾਨੂੰ ਦੱਸ ਦਿਆਂਗੇ। ਨਾਲ ਹੀ ਕੁੜੀ ਵੱਲ ਇਸ਼ਾਰਾ ਕਰਕੇ ਬੋਲਿਆ, ਉਸ ਤੋਂ ਪਹਿਲਾਂ ਆਪਾਂ ਦੋਵੇ ਕਿਤੇ ਬਾਹਰ ਮਿਲ ਲਵਾਂਗੇ।’’ ਮੈਨੂੰ ਤੋਖੀ ਦੇ ਇਸ ਜਵਾਬ ਉੱਤੇ ਫਖਰ ਹੋਇਆ।

ਸਾਡੀ ਸਹਿਜਤਾ ਤੋਂ ਸ਼ਰੀਕਾਂ ਨੂੰ ਵਿਸ਼ਵਾਸ ਜਿਹਾ ਹੋ ਗਿਆ ਸੀ ਕਿ ਸ਼ਾਇਦ ਉਨ੍ਹਾਂ ਦੀ ਸਕੀਮ ਸਫਲਤਾ ਵਾਲੇ ਰਸਤੇ ਤੁਰ ਪਈ ਹੈ। ਅਗਲੇ ਦਿਨ ਤੋਂ ਉਹ ਕਿਸੇ ਨਾ ਕਿਸੇ ਬਹਾਨੇ ਸਾਡੀ ਟੋਹ ਰੱਖਣ ਲੱਗ ਪਏ। ਇੱਕ ਦਿਨ ਮੈਂ ਕਾਲਜ ਲਈ ਤਿਆਰ ਹੋਏ ਤੋਖੀ ਨੂੰ ਕਿਹਾ ਬਈ ਦੋ ਹਫ਼ਤੇ ਹੋਣ ਵਾਲੇ ਨੇ, ਕੀ ਕਹਾਂਗੇ, ਜੇ ਫਿਰ ਆ ਗਏ ਤਾਂ, ਪਰ ਤੋਖੀ ਜਾਂਦਾ ਜਾਂਦਾ ਹੱਥ ਨਾਲ ਇੰਜ ਦਾ ਇਸ਼ਾਰਾ ਕਰ ਗਿਆ ਕਿ ਉਸ ਨੂੰ ਫਿਕਰ ਹੈ, ਘਬਰਾਉਣ ਦੀ ਲੋੜ ਨਹੀਂ।

ਦੋ ਦਿਨ ਹੋਰ ਲੰਘੇ, ਗਲਾ ਖਰਾਬ ਹੋਣ ਕਰਕੇ ਮੈਂ ਘਰ ਸੀ। ਦੁਪਹਿਰ ਨੇ ਮੋੜਾ ਕੱਟ ਲਿਆ ਸੀ। ਮੈਂ ਬਾਹਰ ਕੁਰਸੀ ’ਤੇ ਬੈਠੀ ਫਰਵਰੀ ਮਹੀਨੇ ਦੀ ਨਿੱਘੀ ਨਿੱਘੀ ਧੁੱਪ ਸੇਕ ਰਹੀ ਸੀ। ਸਾਡਾ ਬਾਹਰਲਾ ਗੇਟ ਖੁੱਲ੍ਹਾ, ਤੋਖੀ ਦੇ ਪਿੱਛੇ ਕਿੰਨੇ ਸਾਰੇ ਬੰਦੇ ਅੰਦਰ ਲੰਘ ਆਏ। ਤੋਖੀ ਦਾ ਗੁੱਸੇ ਨਾਲ ਲਾਲ ਹੋਇਆ ਮੂੰਹ ਤੇ ਮੱਥੇ ’ਤੇ ਉੱਭਰੀਆਂ ਤਿਉੜੀਆਂ ਮੈਂ ਪਹਿਲੀ ਵਾਰ ਵੇਖ ਰਹੀ ਸੀ। ਮੇਰਾ ਮਨ ਵਾਪਰ ਗਏ ਕਿਸੇ ਭਾਣੇ ਨੂੰ ਚਿਤਵ ਕੇ ਦਹਿਲ ਗਿਆ। ਉੱਠ ਕੇ ਪੁੱਛਣ ਲੱਗੀ, ਪਰ ਜੀਭ ਨੇ ਸਾਥ ਨਾ ਦਿੱਤਾ। ਤੋਖੀ ਦੇ ਖੱਬੇ ਹੱਥ ਫਾਈਲ ਫੜੀ ਹੋਈ ਸੀ। ਉਸ ਨੇ ਸੱਜੇ ਹੱਥ ਨਾਲ ਮੇਰੀ ਕਲਾਈ ਘੁੱਟ ਕੇ ਫੜੀ ਤੇ ਬੜੇ ਗੁੱਸੇ ਵਿੱਚ ਬੋਲਿਆ,

“ਆਹ ਪੈਨ ਫੜ ਤੇ ਕਰ ਇਸ ਉੱਤੇ ਦਸਤਖਤ।” ਉਸ ਨੇ ਫਾਈਲ ਖੋਲ੍ਹੀ ਅਤੇ ਤਲਖ ਲਹਿਜੇ ਵਿੱਚ ਅਸ਼ਟਾਮ ਵਾਲੇ ਕਾਗਜ਼ ਉੱਤੇ ਕੁਝ ਲਿਖੇ ਹੋਏ ਦੇ ਹੇਠਾਂ ਇਸ਼ਾਰਾ ਕਰਕੇ ਦਸਤਖ਼ਤ ਕਰਨ ਨੂੰ ਕਿਹਾ।

ਉਸ ਦਾ ਰਵੱਈਆ ਵੇਖ ਕੇ ਮੈਂ ਪੈੱਨ ਤਾਂ ਫੜ ਲਿਆ, ਪਰ ਅੱਖਰ ਪਾਉਣ ਤੋਂ ਪਹਿਲਾਂ ਥੋੜ੍ਹਾ ਹੌਸਲਾ ਜਿਹਾ ਬੰਨ੍ਹਦਿਆਂ, ਪੁੱਛਿਆ, “ਇਹ ਹੈ ਕੀ?”

“ਇਹ ਕੋਰਟ ਮੈਰਿਜ ਦੇ ਕਾਗਜ਼ ਨੇ, ਅੱਜ ਤੋਂ ਤੂੰ ਮੇਰੀ ਘਰਵਾਲੀ ਹੋਵੇਗੀ।’’ ਉਸ ਨੇ ਘਰਵਾਲੀ ਕਹਿਣ ਉਤੇ ਲੋੜ ਤੋਂ ਕਿਤੇ ਜ਼ਿਆਦਾ ਜ਼ੋਰ ਦਿੱਤਾ।

ਉਸ ਵੇਲੇ ਮੈਨੂੰ ਕੋਰਟ ਮੈਰਿਜ ਵਾਲੀ ਗੱਲ ਓਨੀ ਨਾ ਚੁੱਭੀ, ਜਿੰਨਾ ਦਰਦ ਉਸ ਦੇ ਮੂੰਹੋਂ ਪਹਿਲੀ ਵਾਰ ‘ਤੂੰ’ ਸੁਣ ਕੇ ਹੋਇਆ, ਪਰ ਮੈਂ ਦਸਤਖ਼ਤ ਕਰ ਦਿੱਤੇ। ਮੈਰਿਜ ਅਫ਼ਸਰ ਬਣੇ ਕੁੰਡੀਆਂ ਮੁੱਛਾਂ ਵਾਲੇ ਨੇ ਹੇਠਾਂ ਮੋਹਰ ਲਾ ਕੇ ਦਸਤਖ਼ਤ ਕਰ ਦਿੱਤੇ ਤੇ ਬੋਲਿਆ, ਲਓ ਜੀ ਅੱਜ ਤੋਂ ਤੁਸੀਂ ਕਨੂੰਨਨ ਪਤੀ-ਪਤਨੀ ਬਣ ਗਏ। ਹੁਣ ਕੋਈ ਤੁਹਾਡੇ ਰਿਸ਼ਤੇ ਉੱਤੇ ਉਂਗਲੀ ਨਹੀਂ ਉਠਾ ਸਕਦਾ। ਸਾਰਿਆਂ ਨੇ ਤਾੜੀਆਂ ਮਾਰੀਆਂ ਤੇ ਨਾਲ ਲਿਆਂਦੇ ਲੱਡੂਆਂ ਦੇ ਡੱਬੇ ਖੋਲ੍ਹ ਲਏ। ਮੈਨੂੰ ਕੁਝ ਸਮਝ ਤਾਂ ਨਹੀਂ ਸੀ ਆ ਰਿਹਾ, ਪਰ ਮਨ ਗਵਾਹੀ ਦੇ ਰਿਹਾ ਸੀ ਕਿ ਤੋਖੀ ਮੇਰੇ ਨਾਲ ਕੁਝ ਗਲਤ ਨਹੀਂ ਕਰ ਸਕਦਾ, ਪਰ ਅੰਦਰ ਇੱਕ ਤੌਖਲਾ ਵੀ ਘੁੰਮਣ ਘੇਰੀਆਂ ਕੱਢ ਰਿਹਾ ਸੀ,

“ਕਿਤੇ ਤੋਖੀ ਸੱਚੀਂ ਮੁੱਚੀਂ ਸ਼ਰੀਕਾਂ ਦੇ ਢਹੇ ਤਾਂ ਨਹੀਂ ਚੜ੍ਹ ਗਿਆ ?”

ਮਨ ਦਾ ਇੱਕ ਤੌਖਲਾ ਰੱਦ ਕਰਕੇ ਹਟਦੀ ਤਾਂ ਨਾਲ ਦੀ ਨਾਲ ਦੂਜਾ ਸਵਾਲ ਉੱਭਰ ਆਉਂਦਾ,

“ਮੇਰੇ ਤੋਂ ਤੋਖੀ ਦੇ ਪਾਲਣ ਪੋਸ਼ਣ ਵਿੱਚ ਕਿਤੇ ਕੋਤਾਹੀ ਤਾਂ ਨਹੀਂ ਹੋਈ ?” ਮੈਂ ਚੇਤਿਆਂ ਦਾ ਪਿਟਾਰਾ ਖੋਲ੍ਹਣ ਲੱਗਦੀ।

ਸੋਚਾਂ ਵਿੱਚ ਉਲਝਣ ਦੀ ਪੰਡ ਏਨੀ ਭਾਰੀ ਹੋਈ ਜਾ ਰਹੀ ਸੀ ਕਿ ਲੱਤਾਂ ਭਾਰ ਚੁੱਕਣ ਤੋਂ ਅਸਮਰੱਥ ਹੋਣ ਲੱਗੀਆਂ। ਨਿੱਘੀ ਧੁੱਪ ਚੁਭਣ ਲੱਗ ਪਈ। ਕੁਰਸੀ ਨੂੰ ਛਾਵੇਂ ਖਿਸਕਾਉਣ ਨੂੰ ਮਨ ਕਰੇ, ਪਰ ਉੱਠਣ ਦੀ ਹਿੰਮਤ ਨਹੀਂ ਸੀ ਪੈ ਰਹੀ। ਖਿਆਲਾਂ ਦੀ ਉਧੇੜ ਬੁਣ ਵਿੱਚ ਪਤਾ ਈ ਨਾ ਲੱਗਾ, ਪਰਛਾਵੇਂ ਕਦੋਂ ਦੇ ਢਲ ਚੁੱਕੇ ਸਨ ਤੇ ਸੂਰਜ ਦੀ ਟਿੱਕੀ ਵੀ ਰੰਗ ਬਦਲਣ ਲੱਗ ਪਈ ਸੀ। ਮੈਨੂੰ ਚੇਤਾ ਆਇਆ, ਇਹੋ ਜਿਹੇ ਮੌਕਿਆਂ ’ਤੇ ਸੱਚੇ ਦੋਸਤ ਬੜੇ ਕੰਮ ਆਉਂਦੇ ਨੇ। ਆਪਣੀ ਸਹੇਲੀ ਰਾਜ ਰਾਣੀ ਨਾਲ ਗੱਲ ਕਰਨ ਦਾ ਮਨ ਬਣਾ ਕੇ ਮੈਂ ਅੰਦਰ ਗਈ, ਫੋਨ ਫੜਿਆ, ਸਕਰੀਨ ਉੱਤੇ ਝਾਤੀ ਮਾਰੀ, ਰਾਜ ਰਾਣੀ ਦੀਆਂ ਚਾਰ ਪੰਜ ਮਿੱਸ ਕਾਲਾਂ ਚੜ੍ਹੀਆਂ ਹੋਈਆਂ ਸੀ।

ਹੈਂ, ਅੱਗੇ ਤਾਂ ਕਦੇ ਦੂਜੀ ਵਾਰੀ ਵੀ ਕਾਲ ਨਹੀਂ ਸੀ ਲਾਉਂਦੀ ਹੁੰਦੀ, ਇਸ ਨੂੰ ਕਿਵੇਂ ਪਤਾ ਲੱਗ ਗਿਆ, ਮੇਰੇ ਉਤੇ ਬਿਪਤਾ ਪਈ ਹੋਈ ਆ, ਮੇਰਾ ਮਨ ਆਪਣੇ ਆਪ ਨੂੰ ਸਵਾਲ ਕਰੀ ਜਾ ਰਿਹਾ ਸੀ। ਇਸ ਤੋਂ ਪਹਿਲਾਂ ਕਿ ਮੈਂ ਕੁਝ ਹੋਰ ਸੋਚਦੀ, ਮੈਥੋਂ ਉਸ ਦੇ ਨਾਂ ਉਤੇ ਠੂੰਗਾ ਵੱਜ ਗਿਆ। ਅੱਗਿਓਂ ਉਸ ਨੇ ਦੂਜੀ ਘੰਟੀ ਵੀ ਨਾ ਵੱਜਣ ਦਿੱਤੀ, ਜਿਵੇਂ ਉਡੀਕ ਰਹੀ ਹੋਵੇ। ਮੈਂ ਅਜੇ ਕੁਝ ਕਹਿਣ ਈ ਲੱਗੀ ਸੀ ਕਿ ਰਾਜ ਨੇ ਠਾਹ ਸੋਟਾ ਮਾਰਿਆ, “ਤੋਖੀ ਹੋਰੀਂ ਚਲੇ ਗਏ ਵਾਪਸ?” ਮੈਂ ਹੈਰਾਨ ਕਿ ਇਸ ਨੂੰ ਕਿਵੇਂ ਪਤਾ ਲੱਗ ਗਿਆ ਕਿ ਤੋਖੀ ਐਹ ਕਰਤੂਤ ਕਰਕੇ ਗਿਆ ?

“ਹਾਂ ਰਾਜ, ਉਸ ਨੂੰ ਤਾਂ ਗਿਆਂ ਘੰਟੇ ਤੋਂ ਵੱਧ ਹੋ ਗਿਆ।’’ ਅਚਾਨਕ ਮੇਰਾ ਧਿਆਨ ਸਾਹਮਣੇ ਲੱਗੀ ਘੜੀ ਵੱਲ ਗਿਆ, ਤਾਂ ਆਪਣੇ ਆਪ ਬੋਲਿਆ ਗਿਆ, “ਨਹੀਂ ਰਾਜ ਤਿੰਨ ਚਾਰ ਘੰਟੇ ਹੋ ਗਏ।’’

“ਫਿਰ ਦਿਉਰ ਭਾਬੀ ਬਣਗੇ ਪਤੀ-ਪਤਨੀ ?” ਰਾਜ ਦੀ ਅਗਲੀ ਗੱਲ ਨੇ ਮੇਰੀ ਹੈਰਾਨੀ ਵਿੱਚ ਹੋਰ ਵਾਧਾ ਕਰ ਦਿੱਤਾ, ਪਰ ਉਸ ਨੇ ਮੇਰੇ ਤੋਂ ਕੁਝ ਪੁੱਛਣ ਦੀ ਥਾਂ ਦੱਸਣਾ ਸ਼ੁਰੂ ਕੀਤਾ।

“ਸੁਮਨ ਮੈਨੂੰ ਪਤਾ ਕੋਰਟ ਮੈਰਿਜ ਵਾਲੀ ਗੱਲ ਨੇ ਤੈਨੂੰ ਕਿੰਨਾ ਤੜਫ਼ਾਇਆ ਹੋਵੇਗਾ, ਪਰ ਇੰਜ ਕਰਨ ਤੋਂ ਇਲਾਵਾ ਸਾਨੂੰ ਹੋਰ ਕੁਝ ਨਹੀਂ ਸੀ ਸੁੱਝਾ। ਤੇਰੇ ਜੀਜਾ ਜੀ ਨੇ ਬੜਾ ਦਿਮਾਗ਼ ਲਾਇਆ, ਸਕੀਮਾਂ ਘੜਨ ਉੱਤੇ।’’

“ਰਾਜ ਤੂੰ ਕਦੋਂ ਦੀ ਮੇਰੀ ਨਵੀਂ ਸ਼ਰੀਕਣ ਬਣਗੀ, ਤੇਰੇ ਤੋਂ ਤਾਂ ਮੈਨੂੰ ਇਹੋ ਜਿਹੀ ਉਮੀਦ ਨਹੀਂ ਸੀ ?” ਮੇਰੇ ਮਨ ਵਿਚਲਾ ਗੁਬਾਰ ਰਾਜ ਉਤੇ ਫੁੱਟ ਪਿਆ,

“ਸ਼ਾਂਤ ਹੋ ਜਾ ਸੁਮਨ ਸ਼ਾਂਤ, ਖ਼ਬਰਦਾਰ ਜੇ ਹੁਣ ਉੱਚੀ ਬੋਲੀ ਤਾਂ ਕੰਧਾਂ ਦੇ ਵੀ ਕੰਨ ਹੁੰਦੇ ਐ, ਅੱਛਾ ਪਹਿਲਾਂ ਇਹ ਦੱਸ, ਤੂੰ ਇਕੱਲੀਂ ਐਂ ਘਰ ਵਿੱਚ, ਕੋਈ ਹੋਰ ਤਾਂ ਨਹੀਂ ਆਲੇ ਦੁਆਲੇ?”

ਮੇਰੀ ਹੈਰਾਨੀ ਨੇ ਪਾਸਾ ਪਲਟਿਆ, ਕੁਝ ਚੰਗਾ ਚੰਗਾ ਹੋਣ ਦੀ ਉਮੀਦ ਬੱਝਣ ਲਗੀ। ਮੇਰੇ ਵੱਲੋਂ, “ਹਾਂ ਮੈਂ ਇਕੱਲੀ ਆਂ” ਸੁਣ ਕੇ ਰਾਜ ਨੇ ਅੱਗੇ ਗੱਲ ਤੋਰੀ ਤੇ ਮੇਰੇ ਕੰਨ ਕੋਈ ਚੰਗੀ ਗੱਲ ਸੁਣਨ ਨੂੰ ਬੇਤਾਬ ਹੋਣ ਲੱਗੇ।

‘ਸੁਮਨ ਬੇਸ਼ੱਕ ਤੂੰ ਘਰੇਲੂ ਮਾਮਲਾ ਸਮਝ ਕੇ ਸ਼ਰੀਕਾਂ ਵਾਲੀ ਗੱਲ ਮੇਰੇ ਨਾਲ ਕਦੇ ਨਹੀਂ ਸੀ ਕੀਤੀ, ਪਰ ਪਿਛਲੇ ਮਹੀਨੇ ਨਕਲੀ ਮਾਪਿਆਂ ਨਾਲ ਆਈ ਕੁੜੀ ਵਾਲੀ ਗੱਲ ਤੋਂ ਅਗਲੇ ਦਿਨ ਤੋਖੀ ਮੇਰੇ ਕੋਲ ਆਇਆ ਤਾਂ ਬੜਾ ਉਦਾਸ ਸੀ। ਆਇਆ ਤਾਂ ਉਹ ਸਮੱਸਿਆ ਸਾਂਝੀ ਕਰਨ ਸੀ, ਪਰ ਉਸ ਤੋਂ ਦੱਸ ਨਹੀਂ ਸੀ ਹੋ ਰਿਹਾ। ਤੇਰੇ ਜੀਜਾ ਜੀ ਨੇ ਉਸ ਨੂੰ ਭਰੋਸੇ ’ਚ ਲੈ ਕੇ ਸਾਰੀ ਗੱਲ ਸੁਣੀ ਤੇ ਸਾਨੂੰ ਐਹ ਅੱਜ ਵਾਲਾ ਹੱਲ ਲੱਭਿਆ।

“ਅੱਛਾ ਇਹ ਪੱਟੀ ਜੀਜਾ ਜੀ ਦੀ ਪੜ੍ਹਾਈ ਹੋਈ ਸੀ?” ਪੁੱਤਾਂ ਵਰਗੇ ਦਿਉਰ ਦੀ ਪਤਨੀ ਬਣਨ ਦੇ ਗੁੱਸੇ ਦੇ ਗੁਬਾਰ ਦਾ ਅਸਰ ਮੇਰੇ ਸਿਰੋਂ ਅਜੇ ਵੀ ਹੇਠਾਂ ਨਹੀਂ ਸੀ ਹੋ ਰਿਹਾ।

“ਨਹੀਂ ਕਮਲੀਏ, ਥੋੜ੍ਹਾ ਠੰਢੀ ਹੋ, ਇਹ ਤਾਂ ਤੁਹਾਡੇ ਸ਼ਰੀਕਾਂ ਦੇ ਅੱਖੀਂ ਘੱਟਾ ਪਾਉਣ ਲਈ ਕੀਤਾ ਗਿਆ ਡਰਾਮਾ ਹੈ, ਤੇਰਾ ਕੋਈ ਵਿਆਹ ਵਿਊਹ ਨਹੀਂ ਹੋਇਆ, ਸ਼ਾਇਦ ਤੂੰ ਆਪਣੇ ਆਪ ਨੂੰ ਓਨਾ ਨਾ ਜਾਣਦੀ ਹੋਵੇਂ, ਜਿੰਨਾ ਮੈਂ ਤੈਨੂੰ ਸਮਝਦੀ ਆਂ। ਹੁਣ ਤਾਂ ਤੋਖੀ ਦੀ ਵੀ ਰਗ ਰਗ ਤੋਂ ਵਾਕਿਫ਼ ਹੋ ਗਈ ਆਂ। ਸੁਮਨ, ਬੇਸ਼ੱਕ ਬਾਵਾ ਜੀ ਨੂੰ ਖੋਹ ਕੇ ਕੁਦਰਤ ਨੇ ਤੇਰੇ ਨਾਲ ਧ੍ਰੋਹ ਕਮਾਇਆ, ਪਰ ਤੂੰ ਕਿਸਮਤ ਵਾਲੀ ਏਂ, ਜਿਸ ਨੇ ਤੈਨੂੰ ਦਿਉਰ ਦੇ ਰੂਪ ਵਿੱਚ ਐਨਾ ਲਾਇਕ ਪੁੱਤਰ ਦਿੱਤਾ ਹੋਇਆ। ਅੱਜ ਵਾਲਾ ਸਾਰਾ ਡਰਾਮਾ ਇੱਥੇ ਸਾਡੇ ਘਰ ਘੜਿਆ ਗਿਆ ਸੀ, ਪਰ ਉਸ ਨੂੰ ਖੇਡਿਆ ਸਟੇਜ ਦੀ ਥਾਂ ਤੁਹਾਡੇ ਘਰ ਗਿਆ। ਇਸ ਦੀ ਰਿਹਰਸਲ ਜ਼ਰੂਰ ਸਾਡੇ ਘਰ ਹੁੰਦੀ ਰਹੀ ਕਈ ਦਿਨ। ਤੇਰੇ ਜੀਜਾ ਜੀ ਨੇ ਆਪਣੇ ਦੋਸਤ ਨੂੰ ਮੈਰਿਜ ਅਫ਼ਸਰ ਬਣਨ ਲਈ ਔਖੇ ਹੋ ਕੇ ਮਨਾਇਆ ਸੀ। ਹਾਂ, ਇਹ ਵੀ ਚੰਗੀ ਗੱਲ ਹੋਈ ਕਿ ਤੁਹਾਡੇ ਪਿੰਡ ਦੇ ਲੋਕਾਂ ’ਚੋਂ ਕਿਸੇ ਨੂੰ ਸ਼ੱਕ ਨਹੀਂ ਹੋਇਆ ਤੇ ਸਾਰਾ ਕੁਝ ਸੱਚ ਲੱਗਿਆ। ਤੋਖੀ ਦੇ ਗੁੱਸੇ ਵਾਲੀ ਰਿਹਰਸਲ ਤਾਂ ਅਸੀਂ ਉਸ ਨੂੰ ਦੋ ਦਿਨ ਕਰਾਉਂਦੇ ਰਹੇ ਤਾਂ ਕਿ ਤੂੰ ਉਹ ਤੇਰੇ ਉਤੇ ਪੂਰੀ ਤਰ੍ਹਾਂ ਭਾਰੂ ਪੈ ਸਕੇ। ਅਸੀਂ ਡਰਾਮੇ ਵਿੱਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਸੀ ਰਹਿਣ ਦੇਣਾ ਚਾਹੁੰਦੇ। ਅੱਛਾ, ਇੱਕ ਹੋਰ ਸੁਣ, ਹੁਣੇ ਥੋੜ੍ਹੀ ਦੇਰ ਬਾਅਦ ਇਸ ਡਰਾਮੇ ਦਾ ਅਗਲਾ ਭਾਗ ਸ਼ੁਰੂ ਹੋਣ ਵਾਲਾ ਹੈ। ਤੂੰ ਘਬਰਾਈਂ ਨਾ, ਬਸ ਸਾਥ ਦੇਈ ਜਾਈਂ। ਡੈਕੋਰੇਸ਼ਨ ਵਾਲੇ ਆਉਣਗੇ ਤੁਹਾਡੇ ਘਰ। ਵਿਆਹ ਵਾਲੇ ਘਰ ਵਾਂਗ ਸਜਾ ਕੇ ਜਾਣਗੇ। ਤੂੰ ਉਨ੍ਹਾਂ ਨੂੰ ਕੋਈ ਸਵਾਲ ਨਹੀਂ ਕਰਨਾ, ਅਸੀਂ ਇੱਥੇ ਬੈਠਿਆਂ ਸਾਰੀ ਖੇਡ ਖੇਡੀ ਜਾਣੀ ਐਂ। ਸਮਝ ਗਈ ਏਂ ਨਾ ਇਸ ਦੇ ਅੰਦਰਲੀ ਗੱਲ। ਸੁਹਾਗ ਰਾਤ ਵਰਗਾ ਮਾਹੌਲ ਸਿਰਜਣਾ ਅਸੀਂ ਤਾਂ ਕਿ ਤੁਹਾਡੇ ਸ਼ਰੀਕਾਂ ਦੇ ਮਨਾਂ ਵਿੱਚ ਭਰੋਸਾ ਪੱਕਾ ਹੋ ਜਾਵੇ।’’

ਸ਼ਾਮ ਕਾਫ਼ੀ ਢਲ ਚੁੱਕੀ ਸੀ, ਜਦੋਂ ਇੱਕ ਸੱਜੀ ਹੋਈ ਕਾਰ ’ਚੋਂ ਤੋਖੀ ਉਤਰਿਆ, ਉਸ ਦੇ ਦੋ ਤਿੰਨ ਦੋਸਤ ਨਾਲ ਸੀ, ਉਹ ਦਰਾਂ ਮੂਹਰੇ ਖੜ੍ਹ ਕੇ ਕਾਫ਼ੀ ਦੇਰ ਗੱਲਾਂ ਕਰਦੇ ਰਹੇ, ਜੋ ਕਿ ਉਸੇ ਡਰਾਮੇ ਦਾ ਹਿੱਸਾ ਸੀ ਤਾਂ ਕਿ ਆਂਢ ਗੁਆਂਢ ਦੇ ਲੋਕਾਂ ਅਤੇ ਸ਼ਰੀਕਾਂ ਨੂੰ ਸਾਡੇ ਪਤੀ-ਪਤਨੀ ਬਣਨ ਦਾ ਵਿਸ਼ਵਾਸ ਹੋਰ ਪੱਕਾ ਹੋ ਜਾਏ। ਸਾਡਾ ਨਕਲੀ ਵਿਆਹ ਜਿਵੇਂ ਜਿਵੇਂ ਪੁਰਾਣਾ ਹੁੰਦਾ ਗਿਆ, ਅਸੀਂ ਇੱਕ ਹੋਰ ਡਰਾਮੇ ’ਤੇ ਕੰਮ ਕਰਨ ਲੱਗ ਪਏ, ਜਿਸ ਵਿੱਚ ਮੈਂ ਵੀ ਇੱਕ ਪਾਤਰ ਵਜੋਂ ਸ਼ਾਮਲ ਸੀ। ਤੋਖੀ ਨਸ਼ੇੜੀ ਹੋਣ ਦੀ ਐਕਟਿੰਗ ਕਰਨ ਲੱਗਾ। ਆਂਢ ਗੁਆਂਢ ਉਸ ਦੇ ਵਿਗੜ ਜਾਣ ਦੀਆਂ ਗੱਲਾਂ ਹੋਣ ਲੱਗੀਆਂ। ਕੁਝ ਮਹੀਨੇ ਲੰਘੇ ਤਾਂ ਸਕੀਮ ਤਹਿਤ ਅਸੀਂ ਜ਼ਮੀਨ, ਘਰ ਤੇ ਕਾਰੋਬਾਰ ਵੇਚਣੇ ਲਾ ਦਿੱਤੇ। ਸਾਨੂੰ ਕੀਮਤ ਦੀ ਉਮੀਦ ਤੋਂ ਵੱਧ ਦੀਆਂ ਆਫਰਾਂ ਆਉਣ ਲੱਗੀਆਂ। ਜਦੋਂ ਤੱਕ ਸ਼ਰੀਕ ਕੋਈ ਹੋਰ ਸਕੀਮਾਂ ਘੜਦੇ, ਅਸੀਂ ਵੇਚ ਵੱਟ ਕੇ ਉੱਥੋਂ ਨਿਕਲ ਚੁੱਕੇ ਸੀ।

ਪਹਿਲਾਂ ਵਾਲੇ ਕਾਰੋਬਾਰ ਵਿੱਚ ਮੈਂ ਮੁਹਾਰਤੀ ਹੋ ਚੁੱਕੀ ਸੀ। ਉਸ ਤਜਰਬੇ ਨੂੰ ਮੈਂ ਗਵਾਉਣਾ ਨਹੀਂ ਸੀ ਚਾਹੁੰਦੀ। ਇਸ ਸ਼ਹਿਰ ਆ ਕੇ ਅਸੀਂ ਕੁਝ ਪੈਸੇ ਨਾਲ ਆਪਣਾ ਪਹਿਲਾਂ ਵਾਲਾ ਕਾਰੋਬਾਰ ਸ਼ੁਰੂ ਕੀਤਾ। ਰਹਿੰਦੀ ਰਕਮ ਦੇ ਨਿਵੇਸ਼ ਦੀ ਵਿਉਂਤ ਘੜਦਿਆਂ ਤੋਖੀ ਨੂੰ ਪਤਾ ਲੱਗਾ ਕਿ ਇੱਥੇ ਘਰਾਂ ਦੀ ਬੜੀ ਘਾਟ ਹੈ। ਅਸੀਂ ਉਸ ਰਕਮ ਨਾਲ ਸ਼ਹਿਰ ਦੇ ਨਾਲ ਲੱਗਦੀ ਬੇਅਬਾਦ ਜ਼ਮੀਨ ਖਰੀਦਣ ਬਾਰੇ ਸੋਚਿਆ। ਉਹ ਸਾਨੂੰ ਕਾਫ਼ੀ ਸਸਤੇ ਰੇਟ ’ਤੇ ਮਿਲ ਗਈ। ਤੀਹਾਂ ’ਚੋਂ ਅਸੀਂ ਦਸ ਏਕੜਾਂ ਵਿੱਚ ਕਾਲੋਨੀ ਕੱਟੀ ਤੇ ਪਲਾਟ ਵੇਚੇ। ਉਸ ਨਾਲ ਸਾਡੀ ਰਕਮ ਤਿੱਗਣੀ ਹੋ ਕੇ ਵਾਪਸ ਮੁੜੀ ਤੇ ਬਸ ਅਸੀਂ ਕਾਰੋਬਾਰ ਵਿੱਚ ਇਹ ਧੰਦਾ ਵੀ ਜੋੜ ਲਿਆ। ਤਦ ਤੱਕ ਤੋਖੀ ਨੇ ਐੱਮਬੀਏ ਕਰ ਲਈ ਸੀ। ਇੱਕ ਦਿਨ ਸੁਭਾਇਕੀ ਮੈਂ ਉਸ ਨੂੰ ਵਿਆਹ ਬਾਰੇ ਪੁੱਛ ਬੈਠੀ। ਕਹਿੰਦਾ ਕਿਹੜਾ ਵਿਆਹ, ਜਿਹੋ ਜਿਹਾ ਸਾਡੇ ਸ਼ਰੀਕ ਕਰਾਉਂਦੇ ਸੀ, ਉਸ ਵਰਗਾ ਜਾਂ ਜਿਹੜਾ ਮੈਂ ਤੁਹਾਡੇ ਨਾਲ ਕਰਾਇਆ ਸੀ, ਉਸ ਵਰਗਾ। ਕਿੰਨੀ ਦੇਰ ਅਸੀਂ ਹੱਸ ਹੱਸ ਦੂਹਰੇ ਹੁੰਦੇ ਰਹੇ। ਆਖਰ ਗੰਭੀਰ ਜਿਹਾ ਹੋ ਕੇ ਕਹਿੰਦਾ,

“ਜਿਵੇਂ, ਜਿੱਥੇ ਤੇ ਜਦੋਂ ਤੁਸੀਂ ਸਮਝੋ, ਮੇਰੇ ਵੱਲੋਂ ਸਤਿ ਬਚਨ।” ਕਹਿ ਕੇ ਉਸ ਨੇ ਮੇਰੇ ’ਤੇ ਹੋਰ ਵੱਡੀ ਜ਼ਿੰਮੇਵਾਰੀ ਪਾ ਦਿੱਤੀ। ਕੁਦਰਤ ਤਾਂ ਪਹਿਲਾਂ ਹੀ ਸਾਡਾ ਸਾਥ ਦੇ ਰਹੀ ਸੀ। ਥੋੜ੍ਹੇ ਦਿਨਾਂ ਬਾਅਦ ਉਸ ਦੀ ਮੰਗਣੀ ਫੌਜ ’ਚੋਂ ਰਿਟਾਇਰ ਹੋਏ ਮੇਜਰ ਗਿੱਲ ਦੀ ਬੇਟੀ ਨਾਲ ਹੋ ਗਈ। ਮੈਂ ਰੋਜ਼ੀ ਦੇ ਮਾਪਿਆਂ ਤੋਂ ਦੋਹਾਂ ਦੇ ਮਿਲਣ ਗਿਲਣ ਦੀ ਹਾਂ ਕਰਵਾ ਲਈ ਤਾਂ ਕਿ ਵਿਆਹ ਤੋਂ ਪਹਿਲਾਂ ਇੱਕ ਦੂਜੇ ਨੂੰ ਸਮਝ ਸਕਣ। ਵਿਆਹ ਦੀ ਤਰੀਕ ਅਗਲੇ ਸਾਲ ਦੀਆਂ ਸਰਦੀਆਂ ਤੈਅ ਕਰ ਲਈ। ਦਰਾਂ ਮੂਹਰੇ ਖੜ੍ਹੀ ਕਾਰ ਤੋਂ ਉਤਾਰ ਕੇ ਅੰਦਰ ਲੰਘਾਉਣ ਮੌਕੇ ਦੋਹਾਂ ਉਤੋਂ ਪਾਣੀ ਵਾਰਦਿਆਂ ਜੋ ਖੁਸ਼ੀ ਤੇ ਫਖਰ ਮੈਨੂੰ ਮਹਿਸੂਸ ਹੋ ਰਿਹਾ ਸੀ, ਉਸ ਨੂੰ ਉਵੇਂ ਬਿਆਨਣ ਵਾਲੇ ਸ਼ਬਦ ਕਿਸੇ ਡਿਕਸ਼ਨਰੀ ’ਚੋਂ ਨਹੀਂ ਲੱਭਦੇ। ਉਸ ਤੋਂ ਬਾਅਦ ਮੈਨੂੰ ਆਪਣੀ ਸੱਖਣੀ ਕੁੱਖ ਕੁਦਰਤ ਦੇ ਕਿਸੇ ਵਰਦਾਨ ਤੋਂ ਘੱਟ ਨਹੀਂ ਲੱਗਦੀ।
ਸੰਪਰਕ: +16044427676



News Source link
#ਸਖਣ #ਕਖ

- Advertisement -

More articles

- Advertisement -

Latest article