35.4 C
Patiāla
Saturday, April 20, 2024

ਔਰਤ ਤੇ ਘਰ

Must read


ਰਣਜੀਤ ਚੱਕ ਤਾਰੇ ਵਾਲਾ

ਘਰ ਇੱਟਾਂ ਦਾ ਢਾਂਚਾ ਨਹੀਂ ਹੁੰਦਾ, ਬਲਕਿ ਇਸ ਵਿੱਚ ਰਹਿਣ ਵਾਲਿਆਂ ਦੇ ਪਿਆਰ ਤੇ ਤਾਲਮੇਲ ਨਾਲ ਬਣਿਆ ਹੋਇਆ ਇੱਕ ਖੂਬਸੂਰਤ ਅਹਿਸਾਸ ਹੁੰਦਾ ਹੈ। ਘਰ ਸਵਰਗ ਤਾਂ ਹੀ ਬਣੇਗਾ, ਜਦੋਂ ਇਸ ਵਿੱਚ ਸਭ ਨੂੰ ਬਰਾਬਰ ਦਾ ਦਰਜਾ ਮਿਲੇਗਾ। ਲਿੰਗ ਆਧਾਰਿਤ ਭੇਦਭਾਵ ਨਹੀਂ ਹੋਵੇਗਾ। ਜਿੱਥੇ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੋਵੇਗੀ। ਹਰ ਇੱਕ ਦੇ ਵਿਚਾਰ ਦਾ ਸਤਿਕਾਰ ਕੀਤਾ ਜਾਵੇਗਾ। ਪਰ ਜ਼ਿਆਦਾਤਰ ਹੁੰਦਾ ਇਹ ਹੈ ਕਿ ਘਰਾਂ ਵਿੱਚ ਔਰਤਾਂ ਨੂੰ ਦਬਾਇਆ ਜਾਂਦਾ ਹੈ। ਉਸ ਨੂੰ ਅਕਸਰ ਬੇਸਮਝ ਤੇ ਕਮਜ਼ੋਰ ਹੀ ਸਮਝਿਆ ਜਾਂਦਾ ਹੈ। ਘਰ ਵਿੱਚ ਉਸ ਦੀ ਰਾਇ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਜਾਂਦੀ। ਕਿਹਾ ਤਾਂ ਇਹ ਜਾਂਦਾ ਹੈ ਕਿ ਘਰਾਂ ਵਿੱਚ ਸਾਰੇ ਅਸੀਂ ਇੱਕ ਬਰਾਬਰ ਹਾਂ, ਪਰ ਜਦੋਂ ਘਰ ਵਿੱਚ ਨਜ਼ਰ ਮਾਰ ਕੇ ਵੇਖੀਏ ਤਾਂ ਇਸ ਬਰਾਬਰਤਾ ਵਾਲੇ ਬਿਰਤਾਂਤੇ ਦੇ ਨਤੀਜੇ ਕਥਨ ਦੇ ਉਲਟ ਹੀ ਹੋਣਗੇ। ਗੱਲ ਸਾਫ਼ ਤੇ ਸਪੱਸ਼ਟ ਹੈ ਕਿ ਜਿਸ ਨਾਰੀ ਨੂੰ ਗੁਰੂ ਸਾਹਿਬ ਨੇ ‘ਜੱਗ ਜਨਨੀ’ ਦੇ ਖ਼ਿਤਾਬ ਨਾਲ ਨਿਵਾਜਿਆ ਹੋਵੇ, ਉਸ ਔਰਤ ਪ੍ਰਤੀ ਮਰਦ ਦੀ ਬੌਣੀ ਤੇ ਗਿਰੀ ਹੋਈ ਮਾਨਸਿਕਤਾ ਔਰਤ ਦਾ ਕੀ ਹਸ਼ਰ ਕਰਦੀ ਹੈ, ਇਹ ਅਸੀਂ ਸਾਰੇ ਭਲੀ-ਭਾਂਤ ਜਾਣਦੇ ਹਾਂ।

ਔਰਤ ਸਮਾਜ ਦਾ ਇੱਕ ਹਿੱਸਾ ਹੀ ਨਹੀਂ, ਬਲਕਿ ਇੱਕ ਮਜ਼ਬੂਤ ਧੁਰਾ ਹੈ। ਉਹ ਧੁਰਾ ਜਿਸ ਦੁਆਲੇ ਸੰਸਾਰਕ ਜੀਵ ਆਪਣੀ ਜ਼ਿੰਦਗੀ ਦਾ ਪੂਰਾ ਚੱਕਰ ਕੱਟਦਾ ਹੈ। ਇੱਕ ਘਰੇਲੂ ਔਰਤ ਤੋਂ ਲੈ ਕੇ ਅੱਜ ਦੀ ਪੜ੍ਹੀ-ਲਿਖੀ ਔਰਤ ਦੇ ਜੀਵਨ-ਜਾਚ ਦੀ ਪੜਚੋਲ ਕਰੀਏ ਤਾਂ ਅੱਜ ਦੀ ਔਰਤ ਮਰਦ ਨਾਲੋਂ ਵਧੇਰੇ ਦ੍ਰਿੜ੍ਹ, ਸਿਦਕਵਾਨ ਤੇ ਮਿਹਨਤਕਸ਼ ਹੈ। ਇੱਕ ਘਰੇਲੂ ਔਰਤ ਦੇ ਜੀਵਨ ’ਤੇ ਝਾਤ ਮਾਰ ਕੇ ਵੇਖੀਏ ਤਾਂ ਘਰ ਵਿੱਚ ਕਿਹੜੀ ਜ਼ਿੰਮੇਵਾਰੀ ਹੈ, ਜਿਹੜੀ ਨੂੰ ਉਹ ਸਫਲਤਾ-ਪੂਰਵਕ ਨਹੀਂ ਨਿਭਾ ਰਹੀ? ਘਰ ਵਿੱਚ ਚੁੱਲ੍ਹੇ-ਚੌਂਕੇ ਦੇ ਕੰਮ-ਕਾਰ ਦੇ ਨਾਲ-ਨਾਲ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ, ਘਰ ਤੇ ਪਰਿਵਾਰਕ ਜ਼ਿੰਮੇਵਾਰੀਆਂ ਵਿੱਚ ਆ ਰਹੀਆਂ ਤੰਗੀਆਂ-ਤੁਰਸ਼ੀਆਂ ਨਾਲ ਜੂਝਦਿਆਂ ਆਪਣੇ ਜੀਵਨ-ਸਾਥੀ ਦੇ ਮੋਢੇ ਨਾਲ ਮੋਢਾ ਜੋੜ ਕੇ ਹੱਡ-ਤੋੜਵੀਂ ਕਮਾਈ ਕਰਨੀ, ਖੇਤੀ ਨਾਲ ਜੁੜੇ ਕਈ ਸਹਾਇਕ ਧੰਦੇ ਜਿਵੇਂ ਘਰ ਵਿੱਚ ਰੱਖੇ ਮਾਲ-ਡੰਗਰ ਦੀ ਸਾਂਭ-ਸੰਭਾਲ, ਮੁਰਗੀ ਪਾਲਣ ਤੇ ਸਬਜ਼ੀਆਂ ਦੀ ਕਾਸ਼ਤ ਕਰਨਾ ਤੇ ਫੇਰ ਉਸ ਧੰਦੇ ਤੋਂ ਆਈ ਆਮਦਨ ਨਾਲ ਘਰ ਤੇ ਬੱਚਿਆਂ ਦੀ ਪੜ੍ਹਾਈ ’ਤੇ ਆ ਰਹੇ ਖਰਚ-ਖੇਚਲ ਨੂੰ ਬੜੀ ਸੂਝ-ਸਮਝ ਨਾਲ ਚਲਾਉਣਾ। ਮੈਂ ਸਮਝਦਾ ਹਾਂ ਕਿ ਅਜਿਹਾ ਕਾਰਜ ਇੱਕ ਬੜੀ ਮਿਹਨਤੀ ਤੇ ਸੂਝਵਾਨ ਔਰਤ ਦੇ ਹਿੱਸੇ ਹੀ ਆਉਂਦਾ ਹੈ। ਇਹ ਔਰਤ ਵਰਗ ਲਈ ਬੜੀ ਮਾਣ ਮਹਿਸੂਸ ਕਰਨ ਵਾਲੀ ਗੱਲ ਹੈ।

ਜਿਨ੍ਹਾਂ ਘਰਾਂ-ਪਰਿਵਾਰਾਂ ਵਿੱਚ ਅਜਿਹੀਆਂ ਹੋਣਹਾਰ, ਮਿਹਨਤਕਸ਼ ਤੇ ਖ਼ੂਬਸੂਰਤ ਮੁਟਿਆਰਾਂ ਦਾ ਵਸੇਬਾ ਹੁੰਦਾ ਹੈ, ਬਿਨਾਂ ਸ਼ੱਕ ਉਹ ਪਰਿਵਾਰ ਖ਼ੁਸ਼ਹਾਲ ਜ਼ਿੰਦਗੀ ਜਿਉਂਦੇ ਹਨ ਤੇ ਅੱਗੇ ਇਹ ਉਮੀਦ ਵੀ ਰੱਖੀ ਜਾਵੇ ਕਿ ਅਜਿਹਾ ਵਰਤਾਰਾ ਹਰੇਕ ਪਰਿਵਾਰ ਵਿੱਚ ਨਿਰੰਤਰ ਜਾਰੀ ਰਹੇ।

ਅੱਜ ਪੜ੍ਹਾਈ ਦਾ ਯੁੱਗ ਹੈ। ਅੱਜ ਸਾਡੀ ਨੌਜਵਾਨ ਪੀੜ੍ਹੀ ਨੇ ਪੜ੍ਹ-ਲਿਖ ਕੇ ਖ਼ਾਸ ਕਰਕੇ ਸਾਡੀਆਂ ਹੋਣਹਾਰ ਬੱਚੀਆਂ ਨੇ ਦੇਸ਼ ਤੋਂ ਬਾਹਰ ਵਿਦੇਸ਼ਾਂ ਵਿੱਚ ਜਾ ਕੇ ਬੜੇ ਉੱਚੇ ਮੁਕਾਮ ਹਾਸਲ ਕੀਤੇ ਹਨ। ਅੱਜ ਦੀਆਂ ਪੜ੍ਹੀਆਂ-ਲਿਖੀਆਂ ਲੜਕੀਆਂ ਡਾਕਟਰ, ਅਧਿਆਪਕ, ਲੇਖਕ, ਵਕੀਲ, ਜੱਜ, ਪੁਲੀਸ ਅਫ਼ਸਰ ਜਾਂ ਫ਼ੌਜ ਸਮੇਤ ਹਰ ਖੇਤਰ ਵਿੱਚ ਕਈ ਉੱਚੇ ਤੇ ਮਾਣਯੋਗ ਅਹੁਦੇ ਹਾਸਲ ਕਰਕੇ ਆਪਣੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾ ਰਹੀਆਂ ਹਨ। ਆਪਣੇ ਦਫ਼ਤਰੀ ਕੰਮਕਾਜ ਦੇ ਨਾਲ ਨਾਲ ਘਰ ਪਰਿਵਾਰ ਦੀ ਵੀ ਪੂਰੀ ਦੇਖਭਾਲ ਕਰਦੀਆਂ ਹਨ। ਉਹ ਇਨ੍ਹਾਂ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਨਿਭਾ ਕੇ ਅਜੋਕੇ ਮਰਦ ਪ੍ਰਧਾਨ ਸਮਾਜ ਦੇ ਅਲੰਬਰਦਾਰਾਂ ਨੂੰ ਸ਼ੀਸ਼ਾ ਵੀ ਵਿਖਾ ਰਹੀਆਂ ਹਨ ਕਿ ਮੈਂ ਕੀ ਨਹੀਂ ਕਰ ਸਕਦੀ? ਪਰ ਫੇਰ ਵੀ ਉਨ੍ਹਾਂ ਦੀ ਅਕਲ ’ਤੇ ਜਾਣ-ਬੁੱਝ ਕੇ ਪੋਚਾ ਕਿਉਂ ਫੇਰਿਆ ਜਾ ਰਿਹਾ ਹੈ? ਉਸ ਦੇ ਅਕਸ ਨੂੰ ਚਮਕਾਉਣ ਦੀ ਬਜਾਏ ਧੁੰਦਲਾ ਕਿਉਂ ਕੀਤਾ ਜਾ ਰਿਹਾ ਹੈ? ਉਸ ਦੇ ਬਣਦੇ ਹੱਕ-ਹਕੂਕ ਉੱਪਰ ਡਾਕਾ ਕਿਉਂ ਮਾਰਿਆ ਜਾ ਰਿਹਾ ਹੈ? ਇਹ ਇੱਕ ਸਵਾਲ ਨਹੀਂ, ਅਣਗਿਣਤ ਸਵਾਲ ਹਨ, ਜਿਹੜੇ ਔਰਤ ਵਰਗ ਨੂੰ ਬਣਦੇ ਅਧਿਕਾਰ ਤੋਂ ਵਾਂਝਾ ਰੱਖਣ ਦੀ ਗਵਾਹੀ ਭਰਦੇ ਹਨ।

ਅੱਜ ਦੀ ਪੜ੍ਹੀ-ਲਿਖੀ ਮੁਟਿਆਰ ਇਹ ਸਾਰੇ ਸਵਾਲ ਸਮਾਜ ਮੂਹਰੇ ਰੱਖ ਰਹੀ ਹੈ। ਉਹ ਇਹ ਸਵਾਲ ਰੱਖੇ ਵੀ ਕਿਉਂ ਨਾ? ਜਦੋਂ ਉਹ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਵਫ਼ਾਦਾਰ ਤੇ ਆਪਣੇ ਹਰੇਕ ਕਾਰਜ ਵਿੱਚ ਨਿਪੁੰਨ ਹੈ। ਅੱਜ ਉਹ ਹਰ ਮੁਸ਼ਕਿਲ ਤੇ ਮੁਸੀਬਤ ਦਾ ਟਾਕਰਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ। ਉਹ ਆਪਣਾ ਬੁਰਾ-ਭਲਾ ਸਭ ਜਾਣਦੀ ਹੈ। ਉਹ ਇਹ ਵੀ ਜਾਣਦੀ ਹੈ ਕਿ ਮਰਦ ਪ੍ਰਧਾਨ ਸਮਾਜ ਵਿੱਚ ਕੁਝ ਹਲਕੀ ਤੇ ਗਿਰੀ ਹੋਈ ਮਾਨਸਿਕਤਾ ਵਾਲੇ ਲੋਕਾਂ ਨਾਲ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਤੇ ਛਾਤੀ ਤਾਣ ਕੇ ਜਿਉਣ ਲਈ ਕਿਵੇਂ ਵਿਚਰਨਾ ਹੈ? ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਰੱਖਣਾ ਹੈ?

ਪਰਿਵਾਰਕ ਜੀਵਨ ਵਿਸ਼ਵਾਸ ’ਤੇ ਨਿਰਭਰ ਹੁੰਦਾ ਹੈ, ਜਿਸ ਨੂੰ ਬਰਕਰਾਰ ਰੱਖਣਾ ਪਤੀ-ਪਤਨੀ ਦੋਵਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਘਰ ਵਿੱਚ ਦੋਵੇਂ ਬਰਾਬਰ ਦੇ ਹੱਕਦਾਰ ਹੁੰਦੇ ਹਨ। ਇਸ ਨੂੰ ਕਾਇਮ ਰੱਖਣ ਲਈ ਸੰਜਮ, ਧੀਰਜ ਤੇ ਬੇਹੱਦ ਹੌਸਲੇ ਦੀ ਜ਼ਰੂਰਤ ਹੁੰਦੀ ਹੈ। ਇਨਸਾਨ ਗਲਤੀ ਦਾ ਪੁਤਲਾ ਹੁੰਦਾ ਹੈ। ਨਿੱਕੀ-ਮੋਟੀ ਗਲਤੀ ਘਰ ਵਿੱਚ ਕਿਸੇ ਕੋਲੋਂ ਵੀ ਹੋ ਸਕਦੀ ਹੈ, ਪਰ ਗੱਲ ਨੂੰ ਸੋਚੇ-ਸਮਝੇ ਜਾਂ ਜਲਦਬਾਜ਼ੀ ਵਿੱਚ ਇੱਕ-ਦੂਸਰੇ ’ਤੇ ਇਲਜ਼ਾਮ-ਤਰਾਸ਼ੀ ਨਾ ਕਰੋ। ਕਈ ਵਾਰ ਵੇਖਣ ਵਿੱਚ ਆਉਂਦਾ ਹੈ ਕਿ ਨਿੱਕੀ-ਨਿੱਕੀ ਗੱਲ ’ਤੇ ਘਰਾਂ ਵਿੱਚ ਮਾਹੌਲ ਅਸ਼ਾਂਤ ਤੇ ਖਿੱਚੋਤਾਣ ਵਾਲਾ ਬਣਿਆ ਰਹਿੰਦਾ ਹੈ। ਇਹ ਵਰਤਾਰਾ ਠੀਕ ਨਹੀਂ ਹੈ। ਘੱਟੋ-ਘੱਟ ਵਿਚਾਰਾਂ ਵਿੱਚ ਤਾਲਮੇਲ ਜ਼ਰੂਰ ਬਣਾਉ। ਗੱਲ-ਗੱਲ ’ਤੇ ਸ਼ੋਰ ਨਾ ਮਚਾਓ। ਅੰਦਰ ਬੈਠੋ ਤੇ ਪਿਆਰ ਨਾਲ ਗੱਲਬਾਤ ਕਰੋ। ਬੱਚਿਆਂ ਸਾਹਮਣੇ ਕਦੇ ਵੀ ਨਾ ਤਾਂ ਗੁੱਸੇਖੋਰ ਸੁਭਾਅ ਦਾ ਪ੍ਰਦਰਸ਼ਨ ਕਰੋ ਤੇ ਨਾ ਹੀ ਭੱਦੀ ਤੇ ਅਸ਼ਲੀਲ ਸ਼ਬਦਾਵਲੀ (ਗਾਲ੍ਹੀ-ਗਲੋਚ) ਦੀ ਵਰਤੋਂ ਕਰੋ। ਬਸ ਇਹੋ ਸਮਝ ਕੇ ਚੱਲੋ ਕਿ ਜ਼ਿੰਦਗੀ ਮੁਸੀਬਤਾਂ ਭਰਪੂਰ ਹੁੰਦੀ ਹੈ।

ਚਿੰਤਾ ਦੀ ਬੁੱਕਲ ਮਾਰ ਕੇ ਨਾ ਬੈਠੋ। ਅੱਗੇ ਵਧੋ। ਕਹਾਵਤ ਹੈ ਕਿ ਜਿੱਥੇ ਦੋ ਭਾਂਡੇ ਹੋਣਗੇ, ਖੜਕਦੇ ਵੀ ਰਹਿਣਗੇ। ਕਈ ਵਾਰੀ ਜਲਦਬਾਜ਼ੀ ਜਾਂ ਬੇਸਮਝੀ ਨਾਲ ਘਰ ਚਲਾਉਂਦਿਆਂ ਪਰਿਵਾਰ ਵਿੱਚ ਨਫ਼ੇ-ਨੁਕਸਾਨ ਵਾਲੀ ਸਥਿਤੀ ਬਣ ਜਾਂਦੀ ਹੈ। ਉੱਥੇ ਘਬਰਾਉਣ ਜਾਂ ਮੁਖੀ ਮੈਂਬਰ ਨੂੰ ਦੋਸ਼ ਦੇਣ ਦੀ ਲੋੜ ਨਹੀਂ, ਸਗੋਂ ਉਸ ਨੁਕਤੇ ’ਤੇ ਵਿਚਾਰ ਕਰਨ ਦੀ ਲੋੜ ਹੁੰਦੀ ਹੈ ਕਿ ਕਿੱਥੇ ਇਹ ਤਾਣਾ-ਬਾਣਾ ਉਲਝਿਆ ਹੈ? ਬਸ ਇਹ ਸਮਝ ਲੈਣਾ ਸਮੱਸਿਆ ਦਾ ਹੱਲ ਹੁੰਦਾ ਹੈ। ਖ਼ੁਸ਼-ਮਿਜ਼ਾਜ ਜ਼ਿੰਦਗੀ ਬਸ਼ਰ ਕਰਨ ਲਈ ਹਉਮੈ ਅਤੇ ਜ਼ਿੱਦ ਨੂੰ ਆਪਣੇ ਦਿਲ-ਦਿਮਾਗ਼ ’ਤੇ ਕਦੇ ਭਾਰੂ ਨਾ ਹੋਣ ਦਿਉ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਆਪਣੀ ਜੇਬ ਦਾ ਧਿਆਨ ਜ਼ਰੂਰ ਰੱਖੋ। ਚਾਦਰ ਵੇਖ ਕੇ ਪੈਰ ਪਸਾਰੋ। ਕਿਤੇ ਇਹ ਨਾ ਹੋਵੇ ਕਿ ਅੱਗਾ ਦੌੜ ਤੇ ਪਿੱਛਾ ਚੌੜ ਵਾਲੀ ਗੱਲ ਬਣੇ।
ਸੰਪਰਕ: 82646-05441



News Source link
#ਔਰਤ #ਤ #ਘਰ

- Advertisement -

More articles

- Advertisement -

Latest article