23.8 C
Patiāla
Thursday, April 25, 2024

ਅੰਮ੍ਰਿਤਪਾਲ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਤਾਂ ਸਮਰਪਣ ਕਰੇ: ਜਥੇਦਾਰ

Must read


ਟ੍ਰਿਬਿਉੂਨ ਨਿਉੂਜ਼ ਸਰਵਿਸ 

ਅੰਮ੍ਰਿਤਸਰ, 25 ਮਾਰਚ 

ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ  ਅੱਜ ਇੱਕ ਵੀਡੀਓ ਸੁਨੇਹਾ ਜਾਰੀ ਕਰਦਿਆਂ ‘ਵਾਰਿਸ ਪੰਜਾਬ ਦੇ’  ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ  ਪੁਲੀਸ ਦੀ ਗ੍ਰਿਫ਼ਤ  ਤੋਂ ਬਾਹਰ ਹੈ ਤਾਂ ਪੁਲੀਸ ਅੱਗੇ ਆਤਮ-ਸਮਰਪਣ ਕਰ ਦੇਵੇ ਤੇ ਪੁਲੀਸ ਦੀ ਜਾਂਚ ਵਿੱਚ ਸਹਿਯੋਗ ਦੇਵੇ। ਜਥੇਦਾਰ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਵਿਚਾਰਨ ਵਾਸਤੇ 27 ਮਾਰਚ ਨੂੰ ਸਿੱਖ ਜਥੇਬੰਦੀਆਂ ਦੇ  ਪ੍ਰਤੀਨਿਧਾਂ  ਦੀ ਇੱਕ ਸਾਂਝੀ  ਮੀਟਿੰਗ ਵੀ ਸੱਦੀ ਹੈ। ਉਨ੍ਹਾਂ  ਕਿਹਾ ਕਿ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਦਾ ਮਾਮਲਾ ਇਸ ਵੇਲੇ ਸਮੁੱਚੀ ਦੁਨੀਆਂ ਦੇ ਸਿੱਖਾਂ ਲਈ ਇਕ ਵੱਡਾ ਸਵਾਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ ਤਾਂ ਇਸ ਬਾਰੇ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਅਤੇ ਜੇਕਰ ਅੰਮ੍ਰਿਤਪਾਲ ਹਾਲੇ ਵੀ ਪੁਲੀਸ ਦੀ ਗ੍ਰਿਫ਼ਤ ’ਚੋਂ ਬਾਹਰ ਹੈ ਤਾਂ ਉਸ ਨੂੰ ਆਤਮ-ਸਮਰਪਣ ਕਰ ਕੇ ਇਸ ਜਾਂਚ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਵੀ ਨੌਜਵਾਨਾਂ ’ਤੇ ਲੋੜੋਂ ਵੱਧ ਸੰਗੀਨ ਜੁਰਮਾਂ ਤਹਿਤ ਕੇਸ ਦਰਜ ਕੀਤੇ ਜਾ ਰਹੇ ਹਨ ਜਦਕਿ ਇਨ੍ਹਾਂ ਨੌਜਵਾਨਾਂ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ। ਜਥੇਦਾਰ ਨੇ ਕਿਹਾ ਕਿ ਪੁਲੀਸ ਅੰਮ੍ਰਿਤਪਾਲ ਬਾਰੇ ਸੋਸ਼ਲ ਮੀਡੀਆ ’ਤੇ ਕੁਝ ਵੀ ਸਾਂਝਾ ਕਰਨ ਵਾਲਿਆਂ ਦੇ ਘਰਾਂ ਵਿੱਚ ਵੀ ਜਾ ਰਹੀ ਹੈ ਜੋ ਕਿ ਵਿਚਾਰਾਂ ਦੀ ਆਜ਼ਾਦੀ ’ਤੇ ਹਮਲਾ ਹੈ।   ਉਨ੍ਹਾਂ ਕਿਹਾ  ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੁਲੀਸ ਨੂੰ ਅਜਿਹੀ ਕਾਰਵਾਈ ਕਰਨ ਤੋਂ ਰੋਕੇ। ਉਨ੍ਹਾਂ ਕਿਹਾ ਕਿ 27 ਮਾਰਚ ਨੂੰ ਸੱਦੀ ਗਈ ਮੀਟਿੰਗ ਦੌਰਾਨ ਸਿੱਖ ਜਥੇਬੰਦੀਆਂ, ਸੰਪਰਦਾਵਾਂ ਤੇ ਸਭਾ ਸੁਸਾਇਟੀਆਂ ਦੇ ਚੋਣਵੇਂ ਨੁਮਾਇੰਦਿਆਂ ਨਾਲ ਚਰਚਾ ਕਰ ਕੇ ਉਨ੍ਹਾਂ ਕੋਲੋਂ ਸੁਝਾਅ ਲਏ ਜਾਣਗੇ ਅਤੇ ਇਨ੍ਹਾਂ  ਵਿਚਾਰਾਂ ਦੀ ਰੋਸ਼ਨੀ ਵਿੱਚ ਅਗਲਾ ਫ਼ੈਸਲਾ ਲਿਆ ਜਾਵੇਗਾ।   ਉਨ੍ਹਾਂ  ਸਪੱਸ਼ਟ ਕੀਤਾ ਕਿ ਇਸ ਮੀਟਿੰਗ ਵਿੱਚ ਕੋਈ ਵੀ ਸਿਆਸੀ ਜਮਾਤ ਦਾ ਪ੍ਰਤੀਨਿਧ ਨਹੀਂ ਸੱਦਿਆ ਗਿਆ ਹੈ।  ਉਨ੍ਹਾਂ  ਇਸ ਸਬੰਧ ਵਿੱਚ ਸਿੱਖ ਸੰਗਤ ਕੋਲੋਂ  ਵੀ ਸੁਝਾਅ ਮੰਗੇ ਹਨ। ਦੱਸਣਯੋਗ ਹੈ ਕਿ ਬੀਤੇ ਦਿਨ  ਪੰਜਾਬ ਪੁਲੀਸ ਦੇ ਖੁਫੀਆ ਵਿੰਗ ਦੇ ਆਈਜੀ ਜਸਕਰਨ ਸਿੰਘ ਨੇ ਵੀ  ਜਥੇਦਾਰ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਸੀ। ਇਸ ਮੀਟਿੰਗ ਨੂੰ 27 ਮਾਰਚ ਨੂੰ ਵਾਲੀ ਮੀਟਿੰਗ ਦੇ ਸੰਦਰਭ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। 

ਅੰਮ੍ਰਿਤਪਾਲ ਦੇ ਸਮਰਥਕਾਂ ਤੋਂ ਬਰਾਮਦ ਹੋਇਆ ਝੰਡਾ ਖਾਲਿਸਤਾਨ ਦਾ ਨਹੀਂ: ਦਲ ਖਾਲਸਾ

ਅੰਮ੍ਰਿਤਸਰ (ਟਨਸ): ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਪੁਲੀਸ ਵੱਲੋਂ ‘ਵਾਰਿਸ  ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਦੇ ਸਮਰਥਕਾਂ ਕੋਲੋਂ ਬਰਾਮਦ ਕੀਤਾ ਗਿਆ ਝੰਡਾ ਖਾਲਿਸਤਾਨ ਦਾ ਨਹੀਂ, ਸਗੋਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਹੈ ਤੇ ਦਲ ਖਾਲਸਾ ਵੱਲੋਂ 18 ਸਾਲ ਪਹਿਲਾਂ 26 ਜਨਵਰੀ 2005 ਨੂੰ ਵੀ ਇਹ ਝੰਡਾ ਝੁਲਾਇਆ ਗਿਆ ਸੀ। ਦਲ ਖਾਲਸਾ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਪੋਸਟ ਵਿੱਚ ਸੀਨੀਅਰ ਆਗੂ ਕੰਵਰਪਾਲ ਸਿੰਘ  ਨੇ ਕਿਹਾ ਕਿ ਦਲ ਖ਼ਾਲਸਾ ਵੱਲੋਂ ਅੰਮ੍ਰਿਤਸਰ ਸਥਿਤ ਗੁਰਦੁਆਰਾ ਬੀ ਬਲਾਕ  ਵਿੱਚ ਇਹ ਝੰਡਾ ਝੁਲਾਇਆ ਗਿਆ ਸੀ ਤੇ ਬੰਦੂਕਾਂ ਨਾਲ ਸਲਾਮੀ ਵੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿੱਚ ਮਰਹੂਮ ਡਾ. ਜਗਜੀਤ ਸਿੰਘ ਚੌਹਾਨ ਵੀ ਹਾਜ਼ਰ ਸਨ।  





News Source link

- Advertisement -

More articles

- Advertisement -

Latest article