21.5 C
Patiāla
Tuesday, March 19, 2024

ਮਹਾਨ ਵਿਗਿਆਨੀ ਡਾ. ਵਿਸ਼ਿਸ਼ਟ ਨਰਾਇਣ

Must read


ਪ੍ਰਿੰ. ਹਰੀ ਕ੍ਰਿਸ਼ਨ ਮਾਇਰ

ਭਾਰਤ ਦਾ ਇੱਕ ਹੋਣਹਾਰ ਅਤੇ ਤੇਜ਼ਬੁੱਧੀ ਵਾਲਾ ਗਣਿਤ ਵਿਗਿਆਨੀ ਡਾ. ਵਿਸ਼ਿਸ਼ਟ ਨਰਾਇਣ ਸਿੰਘ ਹੋਇਆ ਹੈ। ਉਹ ਅਜਿਹਾ ਭਾਰਤੀ ਵਿਗਿਆਨੀ ਸੀ ਜਿਸ ਨੇ ਪੁਲਾੜ ਏਜੰਸੀ ਨਾਸਾ ਵਿੱਚ ਖੋਜ ਕਾਰਜ ਕਰਨ ਸਮੇਂ ਬੜਾ ਯਾਦਗਾਰੀ ਕੰਮ ਕੀਤਾ ਸੀ। ਇਹ ਉਹੀ ਭਾਰਤੀ ਖੋਜਕਾਰ ਹੈ, ਜਿਸ ਨੇ ਉਸ ਸਮੇਂ ਦੁਨੀਆ ਦੇ ਸਭ ਤੋਂ ਬੁੱਧੀਮਾਨ ਮੰਨੇ ਜਾਂਦੇ ਐਲਬਰਟ ਆਇਨਸਟਾਈਨ ਦੇ ਸਾਪੇਖਤਾ ਦੇ ਸਿਧਾਂਤ (Theory of relativity) ਨੂੰ ਚੁਣੌਤੀ ਦਿੱਤੀ ਸੀ।

ਚੰਨ ਉੱਤੇ ਪਹਿਲੀ ਵਾਰ ਮਨੁੱਖ ਨੂੰ ਲੈ ਕੇ ਜਾਣ ਵਾਲੇ ਨਾਸਾ ਦੇ ਅਪੋਲੋ ਮਿਸ਼ਨ ਦੀ ਲਾਚਿੰਗ ਟੀਮ ਵਿੱਚ ਡਾ. ਵਿਸ਼ਿਸ਼ਟ ਨਰਾਇਣ ਸਿੰਘ ਵੀ ਸ਼ਾਮਲ ਸੀ। ਉਸ ਵੇਲੇ ਉਸ ਦੀ ਪ੍ਰਤਿਭਾ ਨੂੰ ਵਿਸ਼ਵ ਪੱਧਰ ’ਤੇ ਪਛਾਣ ਮਿਲੀ ਸੀ। ਅਪੋਲੋ ਮਿਸ਼ਨ ਦਾਗਣ ਵੇਲੇ ਉਸ ਨਾਲ ਸਬੰਧਤ ਇੱਕ ਕਹਾਣੀ ਬੜੀ ਚਰਚਿਤ ਰਹੀ ਹੈ। ਨਾਸਾ ਵਿੱਚ ਅਪੋਲੋ ਮਿਸ਼ਨ ਦੇ ਦਾਗਣ ਤੋਂ ਪਹਿਲਾਂ ਜਦੋਂ 31 ਕੰਪਿਊਟਰ ਕੁਝ ਸਮੇਂ ਲਈ ਬੰਦ ਹੋ ਗਏ ਸਨ ਤਾਂ ਕੰਪਿਊਟਰ ਠੀਕ ਹੋਣ ਤੀਕ ਡਾ. ਵਸ਼ਿਸ਼ਟ ਨਰਾਇਣ ਸਿੰਘ ਨੇ ਆਪਣੇ ਪੱਧਰ ’ਤੇ ਗਣਿਤਕ ਹਿਸਾਬ ਲਗਾ ਕੇ ਗਿਣਤੀਆਂ ਮਿਣਤੀਆਂ ਕੀਤੀਆਂ ਸਨ। ਕੰਪਿਊਟਰ ਠੀਕ ਹੋ ਜਾਣ ’ਤੇ ਦੇਖਿਆ ਗਿਆ ਕਿ ਇਹ ਕੰਪਿਊਟਰ ਦੀਆਂ ਗਿਣਤੀਆਂ ਮਿਣਤੀਆਂ ਨਾਲ ਇੰਨ ਬਿੰਨ ਮੇਲ ਖਾਂਦੀਆਂ ਸਨ। ਡਾ. ਵਿਸ਼ਿਸ਼ਟ ਨਰਾਇਣ ਸਿੰਘ ਦੀ ਪ੍ਰਤਿਭਾ ਨੂੰ ਮਾਨਸਿਕ ਰੋਗ ਸੀਜ਼ੋਫਰੇਨੀਆ (Schizophrenia) ਦਾ ਅਜਿਹਾ ਗ੍ਰਹਿਣ ਲੱਗਿਆ ਕਿ ਉਸ ਦੀ ਜ਼ਿੰਦਗੀ ਦਾ ਅਖੀਰਲਾ ਸਮਾਂ ਆਪਣੇ ਜੱਦੀ ਘਰ ਤੇ ਹਸਪਤਾਲਾਂ ਵਿੱਚ ਮਾਨਸਿਕ ਵਿਗਾੜ ਵਿੱਚ ਜਾਂ ਗੁੰਮਨਾਮੀ ਵਿੱਚ ਹੀ ਬੀਤਿਆ।

ਡਾ. ਵਸ਼ਿਸ਼ਟ ਨਰਾਇਣ ਦਾ ਜਨਮ ਬਿਹਾਰ ਵਿੱਚ ਭੋਜਪੁਰ ਜ਼ਿਲ੍ਹੇ ਦੇ ਪਿੰਡ ਬਸੰਤ ਪੁਰ ਵਿੱਚ ਹੋਇਆ ਸੀ। ਉਸ ਦੇ ਪੰਜ ਭੈਣ ਭਰਾ ਸਨ। ਘਰ ਵਿੱਚ ਆਰਥਿਕ ਤੰਗੀ ਦਾ ਪਹਿਰਾ ਸੀ। ਉਸ ਦਾ ਪਿਤਾ ਪੁਲੀਸ ਮਹਿਕਮੇ ਵਿੱਚ ਸਿਪਾਹੀ ਸੀ, ਪਰ ਘਰ ਦੀ ਗਰੀਬੀ ਉਸ ਦੀ ਪੜ੍ਹਾਈ ਵਿੱਚ ਰੁਕਾਵਟ ਨਾ ਪਾ ਸਕੀ। ਉਹ ਪੜ੍ਹਨ ਵਿੱਚ ਐਨਾ ਹੁਸ਼ਿਆਰ ਸੀ ਕਿ ਆਪਣੇ ਤੋਂ ਵੱਡੀਆਂ ਕਲਾਸਾਂ ਦੇ ਸਵਾਲ ਹੱਲ ਕਰ ਲੈਂਦਾ ਸੀ। ਉਸ ਨੇ ਆਪਣੀ ਪ੍ਰਾਇਮਰੀ ਅਤੇ ਸੈਕੰਡਰੀ ਦੀ ਪੜ੍ਹਾਈ ਨੇਤਰਹਾਟ ਰਿਹਾਇਸ਼ੀ ਸਕੂਲ ਤੋਂ ਪ੍ਰਾਪਤ ਕੀਤੀ। ਉਸ ਨੇ ਦਸਵੀਂ ਦੀ ਪ੍ਰੀਖਿਆ ਵਿੱਚ ਸਮੁੱਚੇ ਬਿਹਾਰ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਅਗਲੇਰੀ ਪੜ੍ਹਾਈ ਉਸ ਨੇ ਸਾਇੰਸ ਕਾਲਜ ਪਟਨਾ ਤੋਂ ਪ੍ਰਾਪਤ ਕੀਤੀ। ਇੱਥੇ ਵੀ ਉਸ ਦੀ ਵੱਡੀਆਂ ਕਲਾਸਾਂ ਦੇ ਸਵਾਲ ਹੱਲ ਕਰਨ ਦੀ ਰੁਚੀ, ਜਿਉਂ ਦੀ ਤਿਉਂ ਬਣੀ ਰਹੀ। ਉਹ ਐਨਾ ਤੀਖ਼ਣ ਬੁੱਧ ਸੀ ਕਿ ਜੇ ਕਿਤੇ ਕਲਾਸ ਵਿੱਚ ਅਧਿਆਪਕ ਵੀ ਗ਼ਲਤ ਪੜ੍ਹਾ ਰਿਹਾ ਹੁੰਦਾ, ਉਹ ਅਧਿਆਪਕ ਨੂੰ ਵੀ ਟੋਕ ਦਿੰਦਾ ਸੀ। ਅਧਿਆਪਕ ਅਤੇ ਪ੍ਰਿੰਸੀਪਲ ਸਭ ਵਿਸ਼ਿਸ਼ਟ ਨਰਾਇਣ ਦੇ ਅਜਿਹੇ ਵਤੀਰੇ ਤੋਂ ਪਰੇਸ਼ਾਨ ਸਨ। ਕਾਲਜ ਦਾ ਪ੍ਰਿੰਸੀਪਲ ਡਾ. ਨਗੇਂਦਰ ਨਾਥ ਖ਼ੁਦ ਗਣਿਤ ਵਿਸ਼ੇ ਦਾ ਅਧਿਆਪਕ ਸੀ।

ਉਸ ਨੇ ਵਿਸ਼ਿਸ਼ਟ ਨਰਾਇਣ ਨੂੰ ਸਬਕ ਸਿਖਾਉਣ ਲਈ, ਉਸ ਦੀ ਅਲੱਗ ਤੋਂ ਪ੍ਰੀਖਿਆ ਲੈਣ ਦਾ ਮਨ ਬਣਾਇਆ। ਪ੍ਰੀਖਿਆ ਲਈ ਇੱਕ ਔਖਾ ਪ੍ਰਸ਼ਨ ਪੱਤਰ ਸੈੱਟ ਕੀਤਾ ਗਿਆ। ਇਸ ਵਿੱਚ ਅਜਿਹੇ ਸਵਾਲ ਪੁੱਛੇ ਗਏ ਸਨ ਜੋ ਸਿਲੇਬਸ ਤੋਂ ਬਾਹਰ ਦੇ ਸਨ ਅਤੇ ਵਿਸ਼ਿਸ਼ਟ ਨਰਾਇਣ ਨੂੰ ਕਦੇ ਵੀ ਪੜ੍ਹਾਏ ਨਹੀਂ ਗਏ ਸਨ। ਫਿਰ ਵਿਸ਼ਿਸ਼ਟ ਦਾ ਟੈਸਟ ਲਿਆ ਗਿਆ। ਪੇਪਰ ਕਰਨ ਉਪਰੰਤ ਹੱਲ ਕੀਤਾ ਪੇਪਰ ਪ੍ਰਿੰਸੀਪਲ ਨੇ ਆਪਣੇ ਕੋਲ ਰੱਖ ਲਿਆ ਸੀ। ਪ੍ਰਿੰਸੀਪਲ ਉਸ ਦੇ ਪੇਪਰ ਦਾ ਮੁਲਾਂਕਣ ਕਰਨ ਲੱਗਾ ਤਾਂ ਉਸ ਦੀਆਂ ਅੱਖਾਂ ਨੂੰ ਯਕੀਨ ਹੀ ਨਾ ਆਵੇ ਕਿ ਕੀ ਇਹ ਪੇਪਰ ਵਿਸ਼ਿਸ਼ਟ ਨਰਾਇਣ ਨੇ ਹੀ ਹੱਲ ਕੀਤਾ ਸੀ? ਉਸ ਨੇ ਸਾਰੇ ਸਵਾਲਾਂ ਦੇ ਹੱਲ ਠੀਕ ਕੀਤੇ ਸਨ। ਇਸ ਦੇ ਨਾਲ ਹੀ ਸਵਾਲ ਹੱਲ ਕਰਨ ਦੇ ਜਿੰਨੇ ਨੀ ਸੰਭਾਵਿਤ ਤਰੀਕੇ ਹੋ ਸਕਦੇ ਸਨ, ਵਿਸ਼ਿਸ਼ਟ ਨਰਾਇਣ ਨੇ ਸਵਾਲ ਹੱਲ ਕਰਨ ਸਮੇਂ ਉਹ ਤਰੀਕੇ ਵੀ ਇਸਤੇਮਾਲ ਕੀਤੇ ਸਨ।

ਟੈਸਟ ਵਿੱਚੋਂ ਪੂਰੇ ਨੰਬਰ ਆਉਣ ਨਾਲ ਵਿਸ਼ਿਸ਼ਟ ਨਰਾਇਣ ਦੀ ਸ਼ੋਭਾ ਚਾਰੇ ਪਾਸੇ ਫੈਲ ਗਈ। ਉਸ ਦੀ ਪ੍ਰਤਿਭਾ ਵਿੱਚ ਗਣਿਤ ਦੇ ਵਿਸ਼ੇਸ਼ ਹੁਨਰ ਨੂੰ ਮਾਨਤਾ ਮਿਲੀ ਸੀ। ਪਟਨਾ ਯੂਨੀਵਰਸਿਟੀ ਨੇ ਆਪਣੇ ਨਿਯਮਾਂ ਵਿੱਚ ਤਬਦੀਲੀ ਕਰਕੇ ਉਸ ਨੂੰ ਸਿੱਧਾ ਬੀ.ਐੱਸਸੀ. ਆਨਰਜ਼ (ਗਣਿਤ) ਕੋਰਸ ਦੇ ਪਹਿਲੇ ਸਾਲ ਵਿੱਚ ਦਾਖਲ ਕਰ ਲਿਆ ਸੀ। ਬੀ.ਐੱਸਸੀ. ਆਨਰਜ਼ (ਗਣਿਤ) ਦੀ ਡਿਗਰੀ ਉਸ ਨੇ ਪਟਨਾ ਯੂਨੀਵਰਸਿਟੀ ਵਿੱਚੋਂ ਪਹਿਲੇ ਸਥਾਨ ’ਤੇ ਰਹਿ ਕੇ ਪ੍ਰਾਪਤ ਕੀਤੀ। ਫਿਰ ਉਸ ਨੇ ਆਪਣੇ ਬਲਬੂਤੇ ’ਤੇ ਐੱਮ.ਐੱਸਸੀ. (ਗਣਿਤ) ਵਿੱਚ ਦਾਖਲਾ ਲੈ ਲਿਆ। ਉਸ ਨੇ ਐੱਮ.ਐੱਸਸੀ. (ਗਣਿਤ), ਪਟਨਾ ਯੂਨੀਵਰਸਿਟੀ ਵਿੱਚੋਂ ਪਹਿਲੇ ਸਥਾਨ ’ਤੇ ਰਹਿ ਕੇ ਪਾਸ ਕੀਤੀ।

ਕੈਲੀਫੋਰਨੀਆ ਯੂਨੀਵਰਸਿਟੀ ਅਮਰੀਕਾ ਦੇ ਪ੍ਰਸਿੱਧ ਗਣਿਤ ਵਿਗਿਆਨੀ ਡਾ. ਜੌਹਨ ਐੱਲ. ਕੈਲੀ ਨੂੰ ਵਿਸ਼ਿਸ਼ਟ ਨਰਾਇਣ ਦੀ ਗਣਿਤ ਵਿਸ਼ੇ ਵਿੱਚ ਵਿਲੱਖਣ ਕਾਬਲੀਅਤ ਦੀ ਉਸ ਵੇਲੇ ਤੋਂ ਹੀ ਸੂਹ ਸੀ, ਜਦੋਂ ਉਹ ਸਾਇੰਸ ਕਾਲਜ ਪਟਨਾ ਵਿੱਚ ਪੜ੍ਹਦਾ ਸੀ। ਉਹ ਆਪ ਖ਼ਰਚਾ ਕਰਕੇ ਉਸ ਨੂੰ ਅੱਗੇ ਪੜ੍ਹਾਉਣ ਲਈ ਅਮਰੀਕਾ ਲੈ ਗਿਆ। ਅਗਲੇ ਖੋਜ ਅਧਿਐਨ ਕਰਨ ਲਈ ਵਿਸ਼ਿਸ਼ਟ ਨਰਾਇਣ ਨੇ ਬਰਕਲੇ ਵਿਖੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿੱਚ ਦਾਖਲਾ ਲੈ ਲਿਆ। ਉਸ ਦੇ ਖੋਜ ਕਾਰਜ ਦੀ ਦੇਖ ਰੇਖ ਡਾ. ਜੌਹਨ ਐੱਲ. ਕੈਲੀ ਹੀ ਕਰ ਰਿਹਾ ਸੀ। ਡਾ. ਕੈਲੀ ਟੋਪਾਲੋਜੀ ਅਤੇ ਫੰਕਸ਼ਨਲ ਵਿਸ਼ਲੇਸ਼ਣ ਦਾ ਮਾਹਿਰ ਵਿਗਿਆਨੀ ਸੀ। ਉਸ ਦੀ ਨਿਗਰਾਨੀ ਅਧੀਨ ਚਾਰ ਸਾਲ ਖੋਜ ਕਰਨ ਪਿੱਛੋਂ ਵਿਸ਼ਿਸ਼ਟ ਨਰਾਇਣ ਨੂੰ ਰੀਪ੍ਰੋਡਿਊਸਿੰਗ ਕਰਨਲਜ਼ ਐਂਡ ਓਪਰੇਟਰਜ਼ ਵਿਦ ਏ ਸਾਈਕਲਿਕ ਵੈਕਟਰ (Reproducing Kernels and Operators with a cyclic vector) ਖੋਜ ਗ੍ਰੰਥ ਤੇ ਕੈਲੀਫੋਰਨੀਆ ਯੂਨੀਵਰਸਿਟੀ ਨੇ ਗਣਿਤ ਵਿਸ਼ੇ ਵਿੱਚ ਡਾਕਟਰੇਟ ਦੀ ਡਿਗਰੀ ਦੇ ਕੇ ਨਿਵਾਜਿਆ।

ਪੀ. ਐੱਚਡੀ. ਦੀ ਡਿਗਰੀ ਪ੍ਰਾਪਤ ਕਰਦੇ ਸਾਰ ਉਹ ਸਪੇਸ ਏਜੰਸੀ ਨਾਸਾ ਵਿੱਚ ਗਣਿਤ ਵਿਗਿਆਨੀ ਦੇ ਤੌਰ ’ਤੇ ਕੰਮ ਕਰਨ ਲੱਗਾ। ਇੱਥੇ ਹੀ ਮਨੁੱਖ ਨੂੰ ਪਹਿਲੀ ਵਾਰ ਚੰਨ ’ਤੇ ਲੈ ਕੇ ਜਾਣ ਵਾਲੇ ਅਪੋਲੋ ਮਿਸ਼ਨ ਦੀ ਲਾਚਿੰਗ ਵੇਲੇ ਕੰਪਿਊਟਰ ਕੁਝ ਦੇਰ ਤੱਕ ਬੰਦ ਹੋਣ ਸਮੇਂ ਡਾ. ਵਸ਼ਿਸ਼ਟ ਨਰਾਇਣ ਵੱਲੋਂ ਗਣਿਤਕ ਹਿਸਾਬ ਨਾਲ ਕੀਤੀਆਂ ਦਰੁਸਤ ਗਿਣਤੀਆਂ ਕਰਨ ਵਾਲੀ ਘਟਨਾ ਵਾਪਰੀ ਸੀ। ਬਰਕਲੇ ਯੂਨੀਵਰਸਿਟੀ ਨੇ ਉਸ ਨੂੰ ‘ਜੀਨੀਅਸਾਂ ਦਾ ਜੀਨੀਅਸ’ ਕਹਿ ਕੇ ਵਡਿਆਇਆ ਸੀ। ਥੋੜ੍ਹੀ ਦੇਰ ਲਈ ਉਹ ਭਾਰਤ ਆਇਆ। 1973 ਵਿੱਚ ਉਸ ਦਾ ਵਿਆਹ ਵੰਦਨਾ ਰਾਣੀ ਨਾਲ ਹੋ ਗਿਆ ਸੀ। ਵਿਆਹ ਤੋਂ ਕੁਝ ਦੇਰ ਪਿੱਛੋਂ ਉਹ ਵਾਪਸ ਅਮਰੀਕਾ ਚਲਾ ਗਿਆ। ਨੌਕਰੀ ਤੇ ਘਰ ਬਾਰ ਮੁੜ ਪਹਿਲਾਂ ਵਾਂਗ ਠੀਕ ਚੱਲ ਪਿਆ। ਇਸੇ ਸਾਲ ਆਪਣੇ ਇੱਕ ਜੂਨੀਅਰ ਦੀ ਗਲਤੀ ’ਤੇ ਡਾ. ਵਿਸ਼ਿਸ਼ਟ ਦਾ ਗੁੱਸਾ ਕਾਬੂ ਤੋਂ ਬਾਹਰ ਹੋ ਗਿਆ। ਉਸ ਦਾ ਸੁਭਾਅ ਚਿੜ ਚਿੜਾ ਹੋ ਗਿਆ। ਉਸ ਦੇ ਇਸ ਵਿਹਾਰ ਨੂੰ ਗੰਭੀਰਤਾ ਨਾਲ ਲਿਆ ਗਿਆ। ਮਨੋਚਿਕਿਤਸਕ ਦੀ ਰਿਪੋਰਟ ਆਈ ਤਾਂ ਪਤਾ ਚੱਲਿਆ ਕਿ ਡਾ. ਵਿਸ਼ਸ਼ਟ ਨਰਾਇਣ ਸੀਜ਼ੋਫਰੇਨੀਆ ਬਿਮਾਰੀ ਦੀ ਸ਼ੁਰੂਆਤੀ ਸਟੇਜ ਤੋਂ ਪੀੜਤ ਹੈ। ਡਾਕਟਰਾਂ ਨੇ ਕੁਝ ਦਵਾਈਆਂ ਲੈਣ ਲਈ ਕਿਹਾ। ਮਾਨਸਿਕ ਤੌਰ ’ਤੇ ਆਰਾਮ ਕਰਨ ਦਾ ਮਸ਼ਵਰਾ ਦਿੱਤਾ।

ਇੱਕ ਦਿਨ ਉਸ ਦੀ ਪਤਨੀ ਨੇ ਉਸ ਨੂੰ ਓਹਲੇ ਵਿੱਚ ਕੋਈ ਦਵਾਈ ਲੈਂਦੇ ਦੇਖ ਲਿਆ ਸੀ। ਡਾ. ਵਿਸ਼ਿਸ਼ਟ ਨਰਾਇਣ ਨੇ ਆਪਣੀ ਪਤਨੀ ਨੂੰ ਆਪਣੀ ਬਿਮਾਰੀ ਬਾਰੇ ਕੁਝ ਨਹੀਂ ਸੀ ਦੱਸਿਆ। ਪਤਨੀ ਨੂੰ ਉਸ ਦੀਆਂ ਕੁਝ ਹਰਕਤਾਂ ਚੰਗੀਆਂ ਨਾ ਲੱਗੀਆਂ। ਛੋਟੀ ਛੋਟੀ ਗੱਲ ’ਤੇ ਗੁੱਸੇ ਹੋ ਜਾਂਦਾ। ਚਿੜ ਚਿੜਾ ਹੋ ਗਿਆ ਸੀ। ਉਹ ਕਮਰਾ ਬੰਦ ਕਰ ਲੈਂਦਾ ਅਤੇ ਸਾਰਾ ਦਿਨ ਕਿਤਾਬਾਂ ਹੀ ਪੜ੍ਹੀ ਜਾਂਦਾ। ਕਾਗਜ਼ਾਂ ਉੱਪਰ ਪੈਨਸਿਲ ਨਾਲ ਕੁਝ ਲਿਖੀ ਜਾਂਦਾ ਸੀ। ਰਾਤ ਭਰ ਜਾਗਦਾ ਰਹਿੰਦਾ। ਇੱਧਰ ਉੱਧਰ ਗੇੜੇ ਕੱਢੀ ਜਾਂਦਾ। ਪਤਨੀ ਨੂੰ ਵਿਸ਼ਿਸ਼ਟ ਦੀ ਮਾਨਸਿਕ ਹਾਲਤ ਵਿਗੜੀ ਹੋਣ ਦਾ ਪੂਰਾ ਪਤਾ ਚੱਲ ਗਿਆ ਸੀ। ਸਾਲ 1974 ਵਿੱਚ ਉਹ ਦੋਵੇਂ ਭਾਰਤ ਮੁੜ ਆਏ। ਭਾਰਤ ਆਉਣ ਸਮੇਂ ਉਹ ਅਮਰੀਕਾ ਤੋਂ ਕਿੰਨੇ ਹੀ ਬਕਸੇ ਕਿਤਾਬਾਂ ਦੇ ਭਰ ਕੇ ਲਿਆਇਆ ਸੀ। ਇੱਥੇ ਆ ਕੇ ਉਸ ਨੇ ਆਈ.ਟੀ.ਆਈ. ਕਾਨਪੁਰ, ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ (TIFR) ਮੁੰਬਈ ਅਤੇ ਇੰਡੀਅਨ ਇੰਸਟੀਚਿਊਟ ਕੋਲਕਾਤਾ ਵਿੱਚ ਪ੍ਰੋਫੈਸਰ ਰਿਹਾ। ਇੱਥੇ ਆ ਕੇ ਉਸ ਨੂੰ ਦਿਲ ਦਾ ਦੌਰਾ ਵੀ ਪਿਆ। ਗ੍ਰਹਿਸਥੀ ਵਿੱਚ ਤਰੇੜ ਆਉਣ ਲੱਗੀ। ਉਸ ਦੀ ਪਤਨੀ ਘੁਟਨ ਮਹਿਸੂਸ ਕਰਨ ਲੱਗੀ। ਅਜਿਹੇ ਮਾਨਸਿਕ ਰੋਗੀ ਆਦਮੀ ਨਾਲ ਉਸ ਦੀ ਨਿਭਣੀ ਔਖੀ ਹੋ ਗਈ। ਆਖਰ ਦੋ ਸਾਲ ਦੇ ਅੰਦਰ ਇਹ ਸ਼ਾਦੀ ਤਲਾਕ ਵਿੱਚ ਬਦਲ ਗਈ। ਤਲਾਕ ਹੋਣ ਨਾਲ ਵਸ਼ਿਸ਼ਟ ਨਰਾਇਣ ਤਾਂ ਅੰਦਰੋਂ ਟੁੱਟ ਹੀ ਗਿਆ ਸੀ। ਉਸ ਨੇ ਖਾਣਾ ਪੀਣਾ ਛੱਡ ਦਿੱਤਾ। ਉਹ ਵਧੇਰੇ ਹਿੰਸਕ ਹੋ ਗਿਆ ਸੀ। ਉਸ ਦੀ ਬਿਮਾਰੀ ਅਗਲੇ ਪੜਾਅ ਵਿੱਚ ਪਹੁੰਚ ਗਈ ਸੀ। ਇਸ ਬਿਮਾਰੀ ਵਿੱਚ ਮਰੀਜ਼ ਅਸਲੀਅਤ ਨਾਲੋਂ ਨਾਤਾ ਖੋ ਬੈਠਦਾ ਹੈ। ਜਦੋਂ ਸਥਿਤੀ ਵੱਸ ਤੋਂ ਬਾਹਰ ਹੋ ਗਈ ਤਾਂ ਉਸ ਨੂੰ ਸੈਂਟਰਲ ਇੰਸਟੀਚਿਊਟ ਆਫ ਸਾਈਕੈਟਰੀ ਕਨਕੇ (Kanke) ਜੋ ਅੱਜਕੱਲ੍ਹ ਝਾਰਖੰਡ ਵਿੱਚ ਹੈ, ਵਿਖੇ ਭਰਤੀ ਕਰਵਾਇਆ ਗਿਆ। ਜਿੱਥੇ ਉਹ ਬਾਰਾਂ ਸਾਲ ਤੀਕ ਜ਼ੇਰੇ ਇਲਾਜ ਰਿਹਾ। 1987 ਵਿੱਚ ਉਹ ਆਪਣੇ ਪਿੰਡ ਬਸੰਤ ਪੁਰ ਆਪਣੇ ਮਾਂ-ਬਾਪ ਕੋਲ ਮੁੜ ਆਇਆ। ਜਿੱਥੇ ਉਹ ਆਪਣੀ ਮਾਂ ਅਤੇ ਭਾਈ ਨਾਲ ਰਹਿੰਦਾ ਸੀ। ਫਿਰ ਆਰਮੀ ਵਿੱਚ ਨੌਕਰੀ ਕਰਦਾ ਉਸ ਦਾ ਭਰਾ ਵਸ਼ਿਸ਼ਟ ਨਰਾਇਣ ਨੂੰ ਆਪਣੇ ਕੋਲ ਲੈ ਗਿਆ। 1989 ’ਚ ਇੱਕ ਦਿਨ ਉਸ ਦਾ ਭਰਾ ਅਯੁੱਧਿਆ ਪ੍ਰਸ਼ਾਦ ਰਾਂਚੀ ਤੋਂ ਇਲਾਜ ਕਰਾ ਕੇ ਬੰਗਲੁਰੂ ਲੈ ਕੇ ਜਾ ਰਿਹਾ ਸੀ। ਰਸਤੇ ਵਿੱਚ ਖੰਡਵਾ ਸਟੇਸ਼ਨ ’ਤੇ ਵਿਸ਼ਿਸ਼ਟ ਨਰਾਇਣ ਚੁੱਪ ਚੁਪੀਤੇ ਉਤਰ ਗਿਆ ਅਤੇ ਸਟੇਸ਼ਨ ਦੀ ਭੀੜ ਵਿੱਚ ਹੀ ਕਿਧਰੇ ਗੁਆਚ ਗਿਆ।

ਉਸ ਦੀ ਬਥੇਰੀ ਭਾਲ ਕੀਤੀ, ਪਰ ਕਿਤੇ ਨਹੀਂ ਲੱਭਿਆ। ਚਾਰ ਸਾਲ ਪਿੱਛੋਂ 1994 ਵਿੱਚ ਆਪਣੀ ਸਾਬਕਾ ਪਤਨੀ ਦੇ ਪਿੰਡ ਲਾਗੇ ਛੱਪਰਾਂ ਨੇੜੇ ਦੋਰੀਗੰਜ ’ਚ ਡਾ. ਵਿਸ਼ਿਸ਼ਟ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਇੱਕ ਕੂੜੇ ਦੇ ਢੇਰ ਤੋਂ ਲੱਭਿਆ। ਫਿਰ ਉਸ ਨੂੰ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਉਰੋ ਸਾਇੰਸਜ਼ ਬੰਗਲੌਰ ਵਿੱਚ ਭਰਤੀ ਕਰਵਾਇਆ ਗਿਆ। 2002 ਵਿੱਚ ਉਸ ਦਾ ਇਲਾਜ ਇੰਸਟੀਚਿਊਟ ਆਫ ਹਿਊਮਨ ਬਿਹੇਵੀਅਰ ਐਂਡ ਅਲਾਇਡ ਸਾਇੰਸਜ਼ ਦਿੱਲੀ ਵਿੱਚ ਵੀ ਹੋਇਆ ਸੀ। ਕੁਝ ਠੀਕ ਹੋਣ ’ਤੇ 2014 ਵਿੱਚ ਉਸ ਨੂੰ ਭੁਪਿੰਦਰ ਨਰਾਇਣ ਮੰਡਲ ਯੂਨੀਵਰਸਿਟੀ ਮਧੇਪੁਰਾ ਵਿੱਚ ਵਿਜ਼ੀਟਿੰਗ ਪ੍ਰੋਫੈਸਰ ਨਿਯੁਕਤ ਕੀਤਾ ਗਿਆ। ਕਈ ਸੰਸਥਾਵਾਂ ਨੇ ਉਸ ਦੀ ਪੂਰੀ ਸਾਂਭ ਸੰਭਾਲ ਕਰਨ ਦੀ ਪੇਸ਼ਕਸ਼ ਵੀ ਕੀਤੀ, ਪਰ ਉਸ ਦੀ ਮਾਂ ਨੇ ਅਜਿਹਾ ਕਰਨ ਤੋਂ ਸਭ ਨੂੰ ਮਨ੍ਹਾ ਕਰ ਦਿੱਤਾ।

14 ਨਵੰਬਰ 2019 ਨੂੰ ਤਬੀਅਤ ਖ਼ਰਾਬ ਹੋ ਜਾਣ ’ਤੇ ਉਸ ਨੂੰ ਪਟਨਾ ਦੇ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤਰ੍ਹਾਂ ਇੱਕ ਮਹਾਨ ਗਣਿਤ ਵਿਗਿਆਨੀ ਦਾ ਦਰਦਨਾਕ ਅੰਤ ਹੋ ਗਿਆ। ਉਸ ਦੇ ਕੀਤੇ ਖੋਜ ਅਧਿਐਨ ’ਤੇ ਹੁਣ ਵੀ ਕਈ ਖੋਜੀ ਕੰਮ ਕਰ ਰਹੇ ਹਨ। ਮੌਤ ਸਮੇਂ ਉਸ ਦੀ ਉਮਰ 73 ਵਰ੍ਹੇ ਸੀ।

ਡਾ. ਵਸ਼ਿਸ਼ਟ ਨਰਾਇਣ ਸਿੰਘ ਨੂੰ ਉਸ ਦੇ ਮਰਨ ਉਪਰੰਤ ਭਾਰਤ ਸਰਕਾਰ ਨੇ ਪਦਮ ਸ੍ਰੀ ਦੇ ਕੇ ਨਿਵਾਜਿਆ। ਫਿਲਮ ਨਿਰਮਾਤਾ ਪ੍ਰਕਾਸ਼ ਝਾਅ ਨੇ 2018 ਵਿੱਚ ਉਸ ਦੀ ਜ਼ਿੰਦਗੀ ’ਤੇ ਫਿਲਮ ਬਣਾਉਣ ਦਾ ਐਲਾਨ ਵੀ ਕੀਤਾ ਸੀ, ਪਰ ਉਸ ਦਾ ਭਰਾ ਅਯੁੱਧਿਆ ਪ੍ਰਸ਼ਾਦ ਦੱਸਦਾ ਹੈ ਕਿ ਸਰਪ੍ਰਸਤੀ ਦੇ ਅਧੂਰੇ ਕਾਨੂੰਨੀ ਚੱਕਰ ਕਰਕੇ ਉਸ ਨੇ ਫਿਲਮ ਬਣਾਉਣ ਦੇ ਅਧਿਕਾਰ ਅਜੇ ਦੇਣ ਤੋਂ ਇਨਕਾਰ ਕਰ ਦਿੱਤਾ। ਜਦੋਂ ਡਾ. ਵਿਸ਼ਿਸ਼ਟ ਦੀ ਮੌਤ ਹੋਈ ਤਾਂ ਉਸ ਦੇ ਘਰ ਦਿਆਂ ਨੂੰ ਕਈ ਘੰਟੇ ਸਰਕਾਰੀ ਐਂਬੂਲੈਂਸ ਦੇ ਆਉਣ ਦੀ ਉਡੀਕ ਕਰਨੀ ਪਈ ਸੀ। ਜਦ ਇਹ ਖ਼ਬਰ ਸਥਾਨਕ ਅਖ਼ਬਾਰਾਂ ਵਿੱਚ ਛਪੀ ਤਾਂ ਬਿਹਾਰ ਦੀ ਸੂਬਾ ਸਰਕਾਰ ਨੇ ਆਪਣਾ ਅਕਸ ਬਚਾਉਣ ਲਈ ਸੂਬਾਈ ਸਨਮਾਨਾਂ ਨਾਲ ਉਸ ਦੀ ਮ੍ਰਿਤਕ ਦੇਹ ਨੂੰ ਸਪੁਰਦੇ ਖਾਕ ਕੀਤਾ ਸੀ। ਇਸ ਨੂੰ ਸਾਡਾ ਦੁਰਭਾਗ ਹੀ ਕਿਹਾ ਜਾਵੇਗਾ ਕਿ ਦੇਸ਼ ਨੂੰ ਵਿਸ਼ਵਵਿਆਪੀ ਮਕਬੂਲੀਅਤ ਅਤੇ ਮਸ਼ਹੂਰੀ ਪ੍ਰਦਾਨ ਕਰਾਉਣ ਵਾਲੇ ਵਿਗਿਆਨੀ ਨਾਲ ਅਨਹੋਣੀ ਵਾਪਰ ਜਾਣ ’ਤੇ ਅਸੀਂ ਉਸ ਵੱਲ ਪਿੱਠ ਮੋੜ ਕੇ ਖਲੋ ਗਏ ਸਾਂ। ਡਾ. ਵਸ਼ਿਸ਼ਟ ਦੇ ਖੋਜ ਕਾਰਜ ਅਤੇ ਪ੍ਰਸਥਿਤੀਆਂ ਦੀ ਤੁਲਨਾ ਅਮਰੀਕਾ ਦੇ ਵਿਗਿਆਨੀ ਡਾ. ਜੌਹਨ. ਐੱਫ. ਨਾਸ਼ ਨਾਲ ਵੀ ਕੀਤੀ ਜਾਂਦੀ ਹੈ। ਉਸ ਨੂੰ ਵੀ ਸੀਜ਼ੋਫਰੇਨੀਆ ਦੀ ਬਿਮਾਰੀ ਸੀ, ਪਰ ਡਾ. ਨਾਸ਼ ਨੂੰ ਉਸ ਦੇ ਦੇਸ਼ ਨੇ ਮਹਿੰਗੀ ਪੂੰਜੀ ਸਮਝ ਕੇ ਚੰਗੀਆਂ ਇਲਾਜ ਸਹੂਲਤਾਂ ਦੇ ਕੇ ਬਚਾ ਲਿਆ ਸੀ। ਜਦ ਕਿ ਵਕਤ ਸਿਰ ਸਾਂਭ ਸੰਭਾਲ ਨਾ ਹੋਣ ਕਰਕੇ ਡਾ. ਵਿਸ਼ਿਸ਼ਟ ਨਰਾਇਣ ਸਿੰਘ ਨੂੰ ਮੌਤ ਦੇ ਮੂੰਹ ਵਿੱਚ ਜਾਣਾ ਪਿਆ। ਕੀ ਪਤਾ ਉਹ ਐਲਬਰਟ ਆਇਨਸਟਾਈਨ ਦੇ ਖੋਜ ਕੰਮਾਂ ਵਿੱਚ ਕੋਈ ਉੱਚ ਮਿਆਰੀ ਸੋਧਾਂ ਕਰ ਜਾਂਦਾ।
ਸੰਪਰਕ: 97806-67686



News Source link
#ਮਹਨ #ਵਗਆਨ #ਡ #ਵਸ਼ਸ਼ਟ #ਨਰਇਣ

- Advertisement -

More articles

- Advertisement -

Latest article