29.3 C
Patiāla
Friday, April 19, 2024

ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ…

Must read


ਸੁਖਪਾਲ ਸਿੰਘ ਗਿੱਲ

ਕੁਦਰਤ ਦੀ ਨਿਆਮਤ ਹੈ ਕਿ ਮੌਸਮ ਅਤੇ ਰੁੱਤਾਂ ਦੀ ਤਬਦੀਲੀ ਹੁੰਦੀ ਰਹਿੰਦੀ ਹੈ। ਇਨ੍ਹਾਂ ਦਾ ਆਪਣਾ ਹੀ ਮਿਜ਼ਾਜ ਹੁੰਦਾ ਹੈ। ਕਿਸਾਨਾਂ, ਪਿੰਡਾਂ ਦੇ ਲੋਕਾਂ, ਰੁੱਤਾਂ, ਤਿੱਥਾਂ ਅਤੇ ਦੇਸੀ ਮਹੀਨਿਆਂ ਦਾ ਆਪਸ ਵਿੱਚ ਰੂਹਾਨੀ ਅਤੇ ਕੁਦਰਤੀ ਮੇਲ ਹੁੰਦਾ ਹੈ। ਹਰ ਦੇਸੀ ਮਹੀਨਾ, ਹਰ ਰੁੱਤ, ਫ਼ਸਲਾਂ, ਮੇਲੇ ਖੁਸ਼ਹਾਲੀ ਲਈ ਇੱਕ-ਦੂਜੇ ਨਾਲ ਜੁੜੇ ਹੋਏ ਹਨ। ਫ਼ਸਲਾਂ ਦੀ ਆਮਦ ਦੀ ਖੁਸ਼ੀ ਜ਼ਿਮੀਂਦਾਰ ਦੇ ਮੂੰਹੋਂ ਝਲਕਦੀ ਹੈ। ਜਿਉਂ-ਜਿਉਂ ਕਣਕ ਹਰੀ ਤੋਂ ਸੁਨਹਿਰੀ ਹੁੰਦੀ ਹੈ ਤਿਉਂ-ਤਿਉਂ ਕਿਸਾਨ ਦੀ ਖੁਸ਼ੀ ਦੂਣੀ ਹੁੰਦੀ ਜਾਂਦੀ ਹੈ। ਭਾਵੇਂ ਮੰਡੀਆਂ ਵਿੱਚ ਰੁਲਣਾ ਵੀ ਪੈਂਦਾ ਹੈ। ਅੱਜ ਦੀ ਚੇਤਰ ਅਤੇ ਵਿਸਾਖ ਮੁਖੀ ਰੁੱਤ ਬਾਗਾਂ ਵਿੱਚ ਬਹਾਰਾ ਦਾ ਰੰਗ ਫੈਰਨ ਲਈ ਤਿਆਰ ਹੋ ਗਈ ਹੈ। ਫ਼ਸਲ ਵੀ ਬੂਹੇ ’ਤੇ ਦਸਤਕ ਦੇਣ ਲਈ ਤਿਆਰ ਹੈ।

ਫ਼ਸਲਾਂ ਰੰਗ ਫੇਰਨ ਦੇ ਨਾਲ-ਨਾਲ ਬਾਗ਼ ਵੀ ਬਹਾਰ ਰੁੱਤ ਵੱਲ ਤੁਰੇ ਹੋਏ ਹਨ। ਇਸ ਉੱਤੇ ਕਣਕ, ਵਿਸਾਖੀ, ਕੋਇਲ ਅਤੇ ਅੰਬਾਂ ਨੂੰ ਪਿਆ ਬੂਰ ਪ੍ਰਕਿਰਤੀ ਨੂੰ ਰੌਣਕਮਈ ਅਤੇ ਖੁਸ਼ਬੂਦਾਰ ਬਣਾਉਂਦਾ ਹੈ। ਫ਼ਸਲਾਂ ਤੇ ਬਾਗ਼ਾਂ ਨਾਲ ਬਹੁਤ ਸਾਰਾ ਸਾਹਿਤ ਵੀ ਜੁੜਿਆ ਹੋਇਆ ਹੈ। ਹਾੜ੍ਹੀ ਦੀ ਰਾਣੀ ਕਣਕ ਗੁਰਬਤ ਦੇ ਝੰਬੇ ਨੂੰ ਖੁਸ਼ੀਆਂ ਅਤੇ ਆਰਥਿਕ ਖੁਸ਼ਹਾਲੀ ਦੇਣ ਲਈ ਤਿਆਰ ਹੈ। ਲਾਲਾ ਧਨੀ ਰਾਮ ਚਾਤ੍ਰਿਕ ਨੇ ਮੇਲਿਆਂ ਬਾਰੇ ਦਿੱਤਾ ਸੁਨੇਹਾ ਅੱਜ ਭਾਵੇ ਸਮੇਂ ਦਾ ਹਾਣੀ ਤਾਂ ਨਹੀ ਲੱਗਦਾ, ਪਰ ਫ਼ਸਲਾਂ, ਰੁੱਤਾਂ, ਮੇਲੇ ਅਤੇ ਮੌਸਮ ਉਸੇ ਤਰ੍ਹਾਂ ਦਸਤਕ ਦੇ ਰਹੇ ਹਨ:

ਤੂੜੀ ਤੰਦ ਸਾਂਭ ਹਾੜ੍ਹੀ ਵੇਚ ਵੱਟਕੇ,

ਲੰਬੜਾ ਅਤੇ ਸ਼ਾਹਾਂ ਦਾ ਹਿਸਾਬ ਕੱਟਕੇ

ਮੀਹਾਂ ਦੀ ਉਡੀਕ ਤੇ ਸਿਆੜ ਕੱਢਕੇ,

ਮਾਲ ਟਾਂਡਾ ਸਾਂਭਣੇ ਨੂੰ ਕਾਮਾ ਛੱਡਕੇ

ਪੱਗ ਝੱਗਾ ਚਾਦਰ ਨਵਾਂ ਸਿਵਾਇਕੇ,

ਸੰਮਾ ਵਾਲੀ ਡਾਂਗ ਉੱਤੇ ਤੇਲ ਲਾਇਕੇ

ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,

ਮਾਰਦਾ ਦਮਾਮੇ ਜੱਟ ਮੇਲੇ ਆ ਗਿਆ

ਇਸ ਰੁੱਤ ਵਿੱਚ ਪੁੰਗਰਦੀ ਪ੍ਰਕਿਰਤੀ ਦਾ ਮੁੱਖ ਅੰਗ ਅੰਬ ਅਤੇ ਹੋਰ ਬੂਟਿਆਂ ਨੂੰ ਪੁੰਗਾਰਾ ਫੁੱਟਦਾ ਹੈ। ਕਣਕ ਅਤੇ ਅੰਬ ਨੂੰ ਬੂਰ ਵੀ ਪਿਆ ਹੈ। ਇਸ ਬਾਰੇ ਸਾਹਿਤਕ ਪੰਕਤੀ ਇਉਂ ਸੁਨੇਹਾ ਦਿੰਦੀ ਹੈ:

ਪੱਕ ਪਈਆਂ ਕਣਕਾਂ ਲੁਕਾਠ ਰੱਸਿਆ,

ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ

ਲੋਹੜੀ ਤੋਂ ਲੈ ਕੇ ਵਿਸਾਖੀ ਤੱਕ ਤਰ੍ਹਾਂ-ਤਰ੍ਹਾਂ ਦੀ ਬਨਸਪਤੀ ਉਤਰਾਅ-ਚੜ੍ਹਾਅ ਲਿਆਉਂਦੀ ਹੈ। ਇਹ ਸਮਾਂ ਆਪਣੀ ਬੁੱਕਲ ਵਿੱਚ ਕਾਫ਼ੀ ਕੁਝ ਸਮਾਈ ਬੈਠਾ ਹੈ। ਅੰਬ ਪੰਜਾਬ ਖ਼ਾਸ ਕਰਕੇ ਦੁਆਬਾ ਖੇਤਰ ਵਿੱਚ ਕਾਫ਼ੀ ਪ੍ਰਚੱਲਿਤ ਰਹੇ ਹਨ। ਇਸ ਬਾਰੇ ਇੱਕ ਸੱਭਿਆਚਾਰਕ ਪੰਗਤੀ ਧੀਆਂ ਨੂੰ ਮੁਖਾਤਿਬ ਹੋ ਕੇ ਇਉਂ ਖੁਸ਼ਬੂ ਬਿਖੇਰਦੀ ਹੈ।

ਬੂਰ ਪਿਆਂ ਕਣਕਾਂ ਨੂੰ ਮਾਏ,

ਵਿੱਚ ਬਾਗੀ ਅੰਬੀਆਂ ਪੱਕੀਆਂ

ਅੱਗ ਦੇ ਭਾਂਬੜ ਵਰਗੀਆਂ ਧੀਆਂ,

ਸਾਂਭ ਜਿਹਨਾਂ ਨੇ ਰੱਖੀਆਂ

ਪ੍ਰਕਿਰਤੀ ਦੀ ਪਰਤੀ ਰੌਣਕ ਅੱਜ ‘ਰੁੱਤ ਨਵਿਆਂ ਦੀ ਆਈ’ ਦਾ ਸੁਨੇਹਾ ਦਿੰਦੀ ਹੈ। ਖੁਸ਼ਬੂਆਂ, ਪ੍ਰਕਿਰਤੀ, ਫੁੱਲ ਅਤੇ ਸਾਹਿਤ ਜ਼ਰੀਏ ਅਤੀਤ ਦਾ ਵਰਤਮਾਨ ਨਾਲ ਮੇਲ ਵੀ ਹੁੰਦਾ ਹੈ। ਅੱਜ ਫ਼ਸਲਾਂ, ਵੇਲਾਂ, ਬੂਟੇ ਅਤੇ ਪੰਛੀਆਂ ਦਾ ਸੁਮੇਲ ਧਰਤੀ ਨੂੰ ਨਿਹਾਰਦਾ ਹੈ। ਸੁਸਤੀ ਦੇ ਦਿਨਾਂ ਵਿੱਚ ਰੂਹਾਂ ਨੂੰ ਖੁਸ਼ ਰੱਖਦਾ ਹੈ।

ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ,

ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ

ਪੁੰਗਰੀਆਂ ਵੇਲਾਂ, ਵੇਲਾਂ ਰੁੱਖੀਂ ਚੜ੍ਹੀਆਂ,

ਫੁੱਲਾਂ ਹੇਠੋਂ ਫਲਾਂ ਨੇ ਪੁਰੋਈਆਂ ਲੜੀਆਂ

ਇਸ ਰੁੱਤੇ ਸੁਰੀਲੀ ਕੋਇਲ ਦੀ ਆਮਦ ਵੀ ਕੰਨੀ ਪੈਂਦੀ ਹੈ। ਇਹ ਪੰਛੀ ਸੁਣਿਆ ਵੱਧ ਅਤੇ ਦੇਖਿਆ ਘੱਟ ਜਾਂਦਾ ਹੈ। ਲੁਕ ਕੇ ਆਵਾਜ਼ਾਂ ਮਾਰਦੀ ਕੋਇਲ ਨੂੰ ਭਾਈ ਵੀਰ ਸਿੰਘ ਨੇ ਇਉਂ ਰੂਪਮਾਨ ਕੀਤਾ ਸੀ:

ਕੋਇਲ ਕੂਕੇਂਦੀ ਆ ਗਈ, ਬੋਲੀ ਪਿਆਰੀ ਪਾ ਗਈ

ਜੀ ਵੜਦਿਆਂ ਜੀ ਭਾ ਗਈ, ਉਚੜ ਓ ਚਿਤੀ ਲਾ ਗਈ

ਅੱਜ ਅੰਬਾਂ ਨੂੰ ਪਿਆ ਬੂਰ, ਫ਼ਸਲਾਂ ਦਾ ਜੋਬਨ ਅਤੇ ਹੱਸਦਾ ਗੁਲਾਬ ਰੁੱਤ ਬਦਲਣ ਨਾਲ ਉਦਾਸੀ ਨੂੰ ਖੁਸ਼ੀ ਦੇ ਖੇੜਿਆਂ ਵਿੱਚ ਬਦਲ ਕੇ ਮਾਨਸਿਕ ਅਤੇ ਸਮਾਜਿਕ ਅਤੇ ਆਰਥਿਕ ਸੰਤੁਲਨ ਬਣਾ ਰਿਹਾ ਹੈ।
ਸੰਪਰਕ: 98781-11445



News Source link
#ਬਰ #ਪਆ #ਅਬ #ਨ #ਗਲਬ #ਹਸਆ

- Advertisement -

More articles

- Advertisement -

Latest article