30.6 C
Patiāla
Saturday, April 20, 2024

ਸਿਲੀਕਾਨ ਵੈਲੀ ਬੈਂਕ ਮਗਰੋਂ ਇਕ ਹੋਰ ਅਮਰੀਕੀ ਬੈਂਕ ਡੁੱਬਿਆ

Must read


ਨਿਊ ਯਾਰਕ/ਨਵੀਂ ਦਿੱਲੀ, 13 ਮਾਰਚ

ਮੁੱਖ ਅੰਸ਼

  • 110 ਅਰਬ ਡਾਲਰ ਦੇ ਅਸਾਸਿਆਂ ਵਾਲਾ ਸਿਗਨੇਚਰ ਬੈਂਕ ਬੰਦ
  • ਬਾਇਡਨ ਵੱਲੋਂ ਬੈਂਕਿੰਗ ਪ੍ਰਬੰਧ ਸੁਰੱਖਿਅਤ ਤੇ ਚੜ੍ਹਦੀ ਕਲਾ ’ਚ ਹੋਣ ਦਾ ਦਾਅਵਾ
  • ਨਿਵੇਸ਼ਕਾਂ ’ਚ ਖੌਫ਼ ਕਰਕੇ ਭਾਰਤੀ ਸ਼ੇਅਰ ਬਾਜ਼ਾਰ ਪੰਜ ਮਹੀਨੇ ਦੇ ਹੇਠਲੇ ਪੱਧਰ ਨੂੰ ਪੁੱਜਿਆ

ਸਿਲੀਕਾਨ ਵੈਲੀ ਬੈਂਕ (ਐੱਸਵੀਬੀ) ਮਗਰੋਂ ਅਮਰੀਕਾ ਦਾ ‘ਸਿਗਨੇਚਰ ਬੈਂਕ’ ਮੂਧੇ ਮੂੰਹ ਹੋ ਗਿਆ ਹੈ। ਬਾਇਡਨ ਸਰਕਾਰ ਨੇ ਇਸ ਖੇਤਰੀ ਬੈਂਕ ਨੂੰ ਬੰਦ ਕਰ ਦਿੱਤਾ ਹੈ। ਅਮਰੀਕੀ ਸਦਰ ਜੋਅ ਬਾਇਡਨ ਨੇ ਮੁਲਕ ਦੇ ਬੈਂਕਿੰਗ ਪ੍ਰਬੰਧ ਵਿੱਚ ਲੋਕਾਂ ਦੇ ਭਰੋਸੇ ਨੂੰ ਕਾਇਮ ਰੱਖਣ ਲਈ ਐਲਾਨ ਕੀਤਾ ਹੈ ਕਿ ਸਿਗਨੇਚਰ ਬੈਂਕ ਦੇ ਖਾਤਾਧਾਰਕਾਂ ਨੂੰ ਐੱਸਵੀਬੀ ਦੇ ਖਾਤਾਧਾਰਕਾਂ ਨਾਲ ਕੀਤੇ ਸਮਝੌਤੇ ਵਾਂਗ ਉਨ੍ਹਾਂ ਦਾ ਸਾਰਾ ਪੈਸਾ ਮਿਲੇਗਾ। ਬਾਇਡਨ ਨੇ ਦਾਅਵਾ ਕੀਤਾ ਕਿ ਅਮਰੀਕੀ ਬੈਂਕਿੰਗ ਪ੍ਰਬੰਧ ਪੂਰੀ ਤਰ੍ਹਾਂ ਸੁਰੱਖਿਅਤ ਤੇ ਚੜ੍ਹਦੀ ਕਲਾਂ ਵਿੱਚ ਹੈ। ਅਮਰੀਕੀ ਬੈਂਕਾਂ ਦੇ ਉਪਰੋਥਲੀ ਬੰਦ ਹੋਣ ਦਾ ਅਸਰ ਏਸ਼ਿਆਈ ਤੇ ਯੂਰੋਪੀ ਬਾਜ਼ਾਰਾਂ ਵਿੱਚ ਵੀ ਨਜ਼ਰ ਆਇਆ ਹੈ, ਜੋ ਅੱਜ ਨਾਟਕੀ ਢੰਗ ਨਾਲ ਡਿੱਗ ਗਏ। ਨਿਵੇਸ਼ਕਾਂ ਦੇ ਮਨਾਂ ਵਿੱਚ ਬਣੇ ਖ਼ੌਫ਼ ਕਰਕੇ ਭਾਰਤੀ ਸ਼ੇਅਰ ਬਾਜ਼ਾਰ ਅੱਜ ਪੰਜ ਮਹੀਨਿਆਂ ਦੇ ਹੇਠਲੇ ਪੱਧਰ ’ਤੇ ਪੁੱਜ ਗਿਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 897.28 ਨੁਕਤਿਆਂ ਦੇ ਨੁਕਸਾਨ ਨਾਲ 58,237.85 ਦੇ ਪੱਧਰ ਨੂੰ ਪੁੱਜ ਗਿਆ ਜਦੋਂਕਿ ਐੱਨਐੱਸਈ ਦੇ ਨਿਫਟੀ ਨੂੰ 258.60 ਨੁਕਤਿਆਂ ਦੀ ਮਾਰ ਪਈ।

ਰਾਸ਼ਟਰਪਤੀ ਜੋਅ ਬਾਇਡਨ ਨੇ ਅਮਰੀਕੀਆਂ ਨੂੰ ਕਿਹਾ ਕਿ ਦੇਸ਼ ਦਾ ਵਿੱਤੀ ਪ੍ਰਬੰਧ ਬਿਲਕੁਲ ਸੁਰੱਖਿਅਤ ਹੈ। ਉਨ੍ਹਾਂ ਦੇਸ਼ਵਾਸੀਆਂ ਨੂੰ ਮੁਖਾਤਿਬ ਹੁੰਦਿਆਂ ਕਿਹਾ, ‘‘ਤੁਹਾਡੀ ਬੈਂਕਾਂ ਵਿੱਚ ਪਈ ਰਾਸ਼ੀ ਬਿਲਕੁਲ ਸੁਰੱਖਿਅਤ ਹੈ। ਲੋੜ ਪੈਣ ’ਤੇ ਤੁਹਾਨੂੰ ਇਹ ਪੈਸਾ ਮਿਲੇਗਾ।’’ ਚੇਤੇ ਰਹੇ ਕਿ ਅਮਰੀਕੀ ਰੈਗੂਲੇਟਰ ਨੂੰ ਲੰਘੇ ਸ਼ੁੱਕਰਵਾਰ ਸਿਲੀਕਾਨ ਵੈਲੀ ਬੈਂਕ ਉਦੋਂ ਬੰਦ ਕਰਨਾ ਪੈ ਗਿਆ, ਜਦੋਂ ਸਾਰੇ ਖਾਤਾਧਾਰਕ ਇਕੋ ਵੇੇਲੇ ਆਪਣੇ ਫੰਡ ਕਢਵਾਉਣ ਲਈ ਪੁੱਜ ਗਏ। ਅਮਰੀਕੀ ਇਤਿਹਾਸ ਵਿੱਚ ਇਹ ਦੂਜਾ ਮੌਕਾ ਹੈ ਜਦੋਂ ਕਿਸੇ ਵੱਡੇ ਬੈਂਕ ਨੂੰ ਬੰਦ ਕਰਨਾ ਪਿਆ ਹੈ। ਇਸ ਤੋਂ ਪਹਿਲਾਂ 2008 ਵਿੱਚ ਵਾਸ਼ਿੰਗਟਨ ਮਿਊਚਲ ਫੇਲ੍ਹ ਹੋ ਗਿਆ ਸੀ। ਐੱਸਵੀਬੀ ਮਗਰੋਂ ਹੁਣ ਨਿਊ ਯਾਰਕ ਅਧਾਰਿਤ ਸਿਗਨੇਚਰ ਬੈਂਕ ਦਾ ਨੰਬਰ ਲੱਗਾ ਹੈ। ਰਾਸ਼ਟਰਪਤੀ ਬਾਇਡਨ ਨੇ ਪੱਛਮੀ ਤੱਟ ਦੀ ਆਪਣੀ ਫੇਰੀ ’ਤੇ ਰਵਾਨਾ ਹੋਣ ਤੋਂ ਪਹਿਲਾਂ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੈਂਕਾਂ ਦੇ ਮੂਧੇ ਮੂੰਹ ਹੋਣ ਲਈ ਜ਼ਿੰਮੇਵਾਰ ਲੋਕਾਂ ਦੀ ਜਵਾਬਦੇਹੀ ਨਿਰਧਾਰਿਤ ਕੀਤੀ ਜਾਵੇਗੀ। ਅਮਰੀਕੀ ਸਦਰ ਨੇ ਕਿਹਾ ਕਿ ਉਹ ਵਡੇਰੇ ਬੈਂਕਾਂ ਦੀ ਰੈਗੂਲੇਸ਼ਨ ਲਈ ਦਬਾਅ ਬਣਾਉਣਗੇ। -ਏਪੀ/ਪੀਟੀਆਈ 



News Source link

- Advertisement -

More articles

- Advertisement -

Latest article