10.8 C
Patiāla
Wednesday, February 21, 2024

ਗ਼ਦਰੀ ਭਾਈ ਸੰਤੋਖ ਸਿੰਘ ਧਰਦਿਓ ਪੁਰਸਕਾਰ ਦੁਸਾਂਝ ਜੋੜੀ ਨੂੰ ਮਿਲੇਗਾ

Must read


ਆਸਟਰੇਲੀਆ: ਆਸਟਰੇਲੀਆ ਦੀ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸੋਸ਼ਲ ਅਕੈਡਮੀ ਆਫ ਆਸਟਰੇਲੀਆ (ਇਪਸਾ) ਵੱਲੋਂ ਗ਼ਦਰੀ ਭਾਈ ਸੰਤੋਖ ਸਿੰਘ ਧਰਦਿਓ ਪੁਰਸਕਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਇਪਸਾ ਵੱਲੋਂ ਸਾਹਿਤ ਕਲਾ ਕੇਂਦਰ ਜਲੰਧਰ ਦੇ ਸਹਿਯੋਗ ਨਾਲ ਹਰ ਸਾਲ ਦਿੱਤਾ ਜਾਣ ਵਾਲਾ ਪੁਰਸਕਾਰ ਇਸ ਵਰ੍ਹੇ ਪ੍ਰਤੀਬੱਧ ਪੱਤਰਕਾਰੀ, ਸੰਜੀਦਾ ਟੈਲੀ ਵਾਰਤਾਕਾਰੀ, ਲੋਕ ਸਾਹਿਤਕਾਰੀ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਮੈਗਜ਼ੀਨ ‘ਹੁਣ’ ਦੀ ਸੰਪਾਦਕੀ ਲਈ ਦੁਸਾਂਝ ਜੋੜੀ ਨੂੰ ਦਿੱਤਾ ਜਾਏਗਾ। ਸੁਸ਼ੀਲ ਦੁਸਾਂਝ ਅਤੇ ਕਮਲ ਦੁਸਾਂਝ ਨੇ ਗ੍ਰਹਿਸਤ ਜੀਵਨ ਦੀਆਂ ਜ਼ਿੰਮੇਵਾਰੀਆਂ ਨਾਲ ਸਿੱਝਦਿਆਂ ਅਤੇ ਸੱਤਾ ਸਥਾਪਤੀ ਦੇ ਖ਼ਿਲਾਫ਼ ਲੋਕ ਰੋਹ ਦੀ ਵੰਗਾਰ ਬਣਦਿਆਂ ਸਦਾ ਸਮੇਂ ਦੇ ਸੱਚ ਨੂੰ ਪੇਸ਼ ਕੀਤਾ ਹੈ।

ਉਨ੍ਹਾਂ ਨੇ ਸਮਾਜਿਕ ਪ੍ਰਸਥਿਤੀਆਂ ਦਾ ਵਿਗਿਆਨਕ ਨਜ਼ਰੀਏ ਨਾਲ ਅਧਿਐਨ ਕਰਦਿਆਂ ਕਲਮ ਅਤੇ ਕਾਲਮ ਨੂੰ ਲੋਕ ਹਿੱਤਾਂ ਦੇ ਘੇਰੇ ਤੋਂ ਕਦੀ ਵੀ ਬਾਹਰਾ ਨਹੀਂ ਹੋਣ ਦਿੱਤਾ। ਜਿੱਥੇ ਸੁਸ਼ੀਲ ਦੁਸਾਂਝ ਨੇ ਸ਼ਾਇਰੀ, ਸੰਪਾਦਕੀ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਸਦਾ ਨਜ਼ਰਅੰਦਾਜ਼ ਹੋ ਰਹੀਆਂ ਧਿਰਾਂ ਅਤੇ ਜਾਗਦੇ ਸਿਰਾਂ ਦੀ ਪ੍ਰਤੀਨਿਧਤਾ ਕੀਤੀ ਹੈ, ਉੱਥੇ ਕਮਲ ਦੁਸਾਂਝ ਨੇ ਵੀ ਇਸੇ ਹੀ ਪੈੜ ਵਿੱਚ ਪੈਰ ਧਰਦਿਆਂ ਲੋਕ ਹਿਤੈਸ਼ੀ ਪੱਤਰਕਾਰੀ ਦੀ ਅਸਲ ਭੂਮਿਕਾ ਅਤੇ ਦਾਇਰੇ ਨੂੰ ਹੋਰ ਵਸੀਹ ਕੀਤਾ ਹੈ।

ਸਾਹਿਤ ਕਲਾ ਕੇਂਦਰ ਜਲੰਧਰ ਦੀ ਦੇਖ ਰੇਖ ਤਹਿਤ ਦਿੱਤਾ ਜਾਣ ਵਾਲਾ ਇਹ ਵੱਕਾਰੀ ਪੁਰਸਕਾਰ ਗ਼ਦਰੀ ਬਾਬਿਆਂ ਦੀ ਇਨਕਲਾਬੀ ਸੋਚ ਅਤੇ ਦੇਸ਼ ਪ੍ਰਤੀ ਕੁਰਬਾਨੀ ਦੀ ਅਡੋਲ ਭਾਵਨਾ ਨੂੰ ਸਮਰਪਿਤ ਹੈ। ਇਸ ਐਵਾਰਡ ਵਿੱਚ ਦੋਵਾਂ ਹਸਤੀਆਂ ਨੂੰ ਦੋ ਦੁਸ਼ਾਲੇ, ਦੋ ਸੋਵੀਨਾਰ ਅਤੇ 21-21 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਨਿਵਾਜਿਆ ਜਾਵੇਗਾ। ਇਸ ਤੋਂ ਪਹਿਲਾਂ ਇਹ ਪੁਰਸਕਾਰ ਸਮਰੱਥ ਗ਼ਜ਼ਲਗੋ ਪ੍ਰੋ. ਜਸਪਾਲ ਘਈ, ਦੂਰਦਰਸ਼ਨ ਦੀ ਸਾਬਕਾ ਡਾਇਰੈਕਟਰ ਕੁਲਵਿੰਦਰ ਬੁੱਟਰ, ਨਾਮਵਰ ਆਲੋਚਕ ਅਤੇ ਚਿੰਤਕ ਡਾ. ਭੀਮਇੰਦਰ ਸਿੰਘ ਅਤੇ ਗੁਰਮਤਿ ਸੰਗੀਤ ਮਾਹਰ ਡਾ. ਨਿਵੇਦਿਤਾ ਸਿੰਘ ਨੂੰ ਦਿੱਤਾ ਜਾ ਚੁੱਕਾ ਹੈ। ਇਹ ਸਨਮਾਨ ਸਮਾਰੋਹ 29 ਜਨਵਰੀ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਵੇਗਾ।News Source link
#ਗਦਰ #ਭਈ #ਸਤਖ #ਸਘ #ਧਰਦਓ #ਪਰਸਕਰ #ਦਸਝ #ਜੜ #ਨ #ਮਲਗ

- Advertisement -

More articles

- Advertisement -

Latest article