33.1 C
Patiāla
Saturday, April 20, 2024

ਲਾਵਾਰਸ ਲਾਸ਼

Must read


ਅਮਨਦੀਪ ਸਿੰਘ

ਲਾਇਬ੍ਰੇਰੀ ਵਿੱਚ ਕਦਮ ਰੱਖਦਿਆਂ ਹੀ ਅੱਜ ਉਸ ਦੇ ਜਿਸਮ ਵਿੱਚ ਮਿੱਠੀ ਜਿਹੀ ਕੰਬਣੀ ਛਿੜਨ ਲੱਗੀ। ਉਸ ਨੇ ਸੋਚਿਆ ਅੱਜ ਜ਼ਰੂਰ ਕੋਈ ਚੰਗਾ ਤੇ ਵਚਿੱਤਰ ਹੋਣ ਵਾਲਾ ਹੈ।

ਲਾਇਬ੍ਰੇਰੀ ਵਿੱਚ ਲਾਇਬ੍ਰੇਰੀਅਨ ਤੋਂ ਇਲਾਵਾ ਹੋਰ ਕੋਈ ਨਹੀਂ ਸੀ। ਲਾਇਬ੍ਰੇਰੀਅਨ ਇੱਕ ਅੱਧਖੜ ਉਮਰ ਦੀ ਔਰਤ ਸੀ ਜੋ ਕਿ ਜਵਾਨ ਉਮਰ ਵਿੱਚ ਹੀ ਵਿਧਵਾ ਹੋ ਗਈ ਸੀ। ਉਸ ਨੇ ਆਪਣੇ ਪਤੀ ਦੀ ਯਾਦ ਮਨ ਵਿੱਚ ਵਸਾ ਕੇ ਕੰਮ ਵਿੱਚ ਆਪਣੇ ਆਪ ਨੂੰ ਰੁਝਾ ਕੇ ਰੱਖ ਕੇ ਆਪਣੇ ਵਾਲ ਚਿੱਟੇ ਕਰ ਲੈ ਸਨ।

ਅਜੇ ਉਸ ਨੂੰ ਇਸ ਸ਼ਹਿਰ ਵਿੱਚ ਆਇਆਂ ਇੱਕ ਮਹੀਨਾ ਹੀ ਹੋਇਆ ਸੀ। ਉਹ ਬਿਜਲੀ ਦੇ ਮਹਿਕਮੇ ਵਿੱਚ ਅਫ਼ਸਰ ਸੀ। ਇਸ ਸ਼ਹਿਰ ਵਿੱਚ ਉਸ ਨੂੰ ਲਾਇਬ੍ਰੇਰੀਅਨ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਜਾਣਦਾ ਜਾਂ ਫਿਰ ਇਸ ਲਾਇਬ੍ਰੇਰੀ ਦੀਆਂ ਕਿਤਾਬਾਂ।

‘ਕਿਉਂ, ਅੱਜ ਥੋੜ੍ਹੀ ਦੇਰ ਕਰ ਦਿੱਤੀ?’ ਲਾਇਬ੍ਰੇਰੀਅਨ ਨੇ ਉਸ ਨੂੰ ਪੁੱਛਿਆ। ਹਮੇਸ਼ਾਂ ਉਹ ਸ਼ਾਮ ਦੇ ਛੇ ਵਜੇ ਲਾਇਬ੍ਰੇਰੀ ਹੁੰਦਾ ਸੀ, ਪਰ ਅੱਜ ਸਾਢੇ ਛੇ ਵੱਜ ਗਏ ਸਨ।

‘‘ਮੈਡਮ, ਟ੍ਰੈਫਿਕ ਵਿੱਚ ਫਸ ਗਿਆ ਸਾਂ। ਟ੍ਰੈਫਿਕ ਬਹੁਤ ਵਧ ਗਿਆ ਹੈ।’’

‘‘ਓਹ! ਅੱਛਾ…।’’

ਫੇਰ ਉਹ ਰਜਿਸਟਰ ਦੇ ਵਰਕੇ ਫਰੋਲਣ ਲੱਗ ਪਿਆ। ਇੱਕ ਜਾਸੂਸੀ ਨਾਵਲ ’ਤੇ ਆ ਕੇ ਉਸ ਦੀ ਨਜ਼ਰ ਰੁਕ ਗਈ। ਉਹ ਉਸ ਨੂੰ ਰੋਚਕ ਲੱਗਿਆ। ਉਸ ਨੇ ਸ਼ੈਲਫ਼ ਵਿੱਚ ਉਸ ਦਾ ਨੰਬਰ ਲੱਭਿਆ, ਪਰ ਉਹ ਨਾਵਲ ਉੱਥੇ ਨਹੀਂ ਸੀ। ਉਸ ਨੇ ਲਾਇਬ੍ਰੇਰੀਅਨ ਤੋਂ ਉਸ ਨਾਵਲ ਵਾਰੇ ਪੁੱਛਿਆ –

‘‘ਮੈਡਮ, ਇਹ ਨਾਵਲ ਨਹੀਂ ਮਿਲ ਰਿਹਾ?’’

‘‘ਇਹ ਨਾਵਲ ਤਾਂ ਪੰਦਰਾਂ ਦਿਨ ਹੋ ਗਏ ਇੱਕ ਕੁੜੀ ਲੈ ਕੇ ਗਈ ਹੋਈ ਏ। ਅਜੇ ਤੱਕ ਨਹੀਂ ਆਈ। ਸ਼ਾਇਦ ਅੱਜ ਨਾਵਲ ਮੋੜਨ ਆ ਜਾਵੇ। ਫੇਰ ਤੂੰ ਲੈ ਜਾਣਾ।’’

‘‘ਓ.ਕੇ.’’

ਥੋੜ੍ਹੀ ਦੇਰ ਬਾਅਦ ਲਾਇਬ੍ਰੇਰੀਅਨ ਨੇ ਆਖਿਆ, ‘‘ਸੰਜੀਵਨ, ਮੈਂ ਥੋੜ੍ਹੀ ਦੇਰ ਲਈ ਸਾਹਮਣੇ ਵਾਲੀ ਦੁਕਾਨ ਤੋਂ ਥੋੜ੍ਹਾ ਜਿਹਾ ਸਾਮਾਨ ਖਰੀਦਣ ਵਾਸਤੇ ਜਾ ਰਹੀ ਹਾਂ। ਤਦ ਤੱਕ ਕਾਊਂਟਰ ’ਤੇ ਤੁਸੀਂ ਬੈਠ ਜਾਓ।’’

‘‘ਠੀਕ ਹੈ, ਤੁਸੀਂ ਆਰਾਮ ਨਾਲ ਜਾਓ।’’ ਉਸ ਨੇ ਕਿਹਾ।

ਲਾਇਬ੍ਰੇਰੀਅਨ ਦੇ ਜਾਣ ਤੋਂ ਥੋੜ੍ਹੀ ਦੇਰ ਬਾਅਦ ਚੌਵੀ-ਪੱਚੀ ਸਾਲ ਦੀ ਜਵਾਨ ਕੁੜੀ ਆਈ, ਜਿਸ ਦੇ ਹੱਥ ਵਿੱਚ ਉਹੀ ਨਾਵਲ ਸੀ ਜੋ ਉਸ ਨੂੰ ਚਾਹੀਦਾ ਸੀ, ਜਿਸ ਬਾਰੇ ਉਹ ਲਾਇਬ੍ਰੇਰੀਅਨ ਤੋਂ ਪੁੱਛ ਰਿਹਾ ਸੀ।

‘‘ਮੈਨੂੰ ਤੁਹਾਡਾ ਹੀ ਇੰਤਜ਼ਾਰ ਸੀ।’’ ਉਸ ਨੇ ਉਸ ਕੁੜੀ ਨੂੰ ਆਖਿਆ।

‘‘ਕਮਾਲ ਹੈ, ਮੈਂ ਤਾਂ ਤੁਹਾਨੂੰ ਪਹਿਚਾਣਿਆ ਨਹੀਂ।’’ ਉਹ ਮੁਸਕਰਾਉਂਦੀ ਹੋਈ ਬੋਲੀ।

‘‘ਨਹੀਂ, ਅਜਿਹੀ ਕੋਈ ਗੱਲ ਨਹੀਂ, ਦਰਅਸਲ ਮੈਂ ਇਹ ਨਾਵਲ ਲੈ ਕੇ ਜਾਣਾ ਸੀ।’’

‘‘ਉਹ… ਹੋ !’’ ਉਹ ਫੇਰ ਮੁਸਕਰਾਉਂਦਿਆਂ ਬੋਲੀ। ਉਸ ਦੀ ਮੁਸਕਰਾਹਟ ਵਿੱਚ ਇੱਕ ਅਜੀਬ ਜਿਹੀ ਕਸ਼ਿਸ਼ ਸੀ ਤੇ ਚਿਹਰੇ ’ਤੇ ਅਜਬ ਜਿਹਾ ਨੂਰ ਸੀ।

‘‘ਠੀਕ ਹੈ, ਸ੍ਰੀਮਤੀ ਮਹਿਤਾ ਨਹੀਂ ਦਿਖ ਰਹੇ।’’ ਉਸ ਨੇ ਪੁੱਛਿਆ।

‘‘ਉਹ ਥੋੜ੍ਹੀ ਦੇਰ ਸਾਹਮਣੇ ਦੁਕਾਨ ’ਤੇ ਗਏ ਹੋਏ ਹਨ।’’

ਉਸੇ ਵੇਲੇ ਲਾਇਬ੍ਰੇਰੀਅਨ ਸ੍ਰੀਮਤੀ ਮਹਿਤਾ ਵੀ ਆ ਗਈ। ਉਸ ਨੇ ਨਵੀਨਾ ਦਾ ਨਾਵਲ ਵਾਪਸ ਕਰ ਕੇ ਸੰਜੀਵਨ ਨੂੰ ਇਸ਼ੂ ਕਰ ਦਿੱਤਾ। ਨਵੀਨਾ ਨੇ ਇੱਕ ਹੋਰ ਕਿਤਾਬ ਇਸ਼ੂ ਕਰਵਾ ਲਈ ਤੇ ਜਾਂਦੀ ਹੋਈ ਉਸ ਨੂੰ ਪੁੱਛਣ ਲੱਗੀ – ‘‘ਤੁਸੀਂ ਵੀ ਜਾਸੂਸੀ ਨਾਵਲ ਪੜ੍ਹਦੇ ਹੋ?’’

‘‘ਹਾਂ, ਜਾਸੂਸੀ ਨਾਵਲ ਮੈਨੂੰ ਬਹੁਤ ਰੋਚਕ ਲੱਗਦੇ ਹਨ। ਤੇ ਉਨ੍ਹਾਂ ਵਿਚਲਾ ਸਸਪੈਂਸ ਤੁਹਾਨੂੰ ਅੰਤ ਤੱਕ ਜੋੜੀ ਰੱਖਦਾ ਹੈ। ਨਾਲੇ ਜ਼ਿੰਦਗੀ ਦੀ ਦੌੜ-ਭੱਜ ਤੋਂ ਰਾਹਤ ਮਿਲ ਜਾਂਦੀ ਹੈ।’’

‘‘ਬਿਲਕੁਲ ਇਹੀ ਮੈਂ ਵੀ ਮਹਿਸੂਸ ਕਰਦੀ ਹਾਂ।’’

ਥੋੜ੍ਹੀ ਦੇਰ ਉਹ ਦੋਵੇਂ ਚੁੱਪ ਰਹੇ।

‘‘ਤੁਸੀਂ ਕੀ ਕਰਦੇ ਹੋ?’’ ਨਵੀਨਾ ਨੇ ਚੁੱਪੀ ਤੋੜਦਿਆਂ ਪੁੱਛਿਆ।

‘‘ਮੈਂ ਬਿਜਲੀ ਦੇ ਮਹਿਕਮੇ ਵਿੱਚ ਹਾਂ, ਥੋੜ੍ਹੇ ਦਿਨ ਹੋਏ ਇਸ ਸ਼ਹਿਰ ਵਿੱਚ ਆਏ ਨੂੰ। ਤੇ ਤੁਸੀਂ …।’’

‘‘ਮੈਂ, ਸਰਕਾਰੀ ਸਕੂਲ ਵਿੱਚ ਟੀਚਰ ਹਾਂ।’’

ਫੇਰ ਉਹ ਜਾਣ ਲੱਗੀ। ਉਸ ਨੇ ਜਾਂਦੇ ਹੋਏ ਕਿਹਾ – ‘‘ਅੱਛਾ, ਵਿਦਾ! ਹੁਣ ਪੰਦਰਾਂ ਦਿਨਾਂ ਬਾਅਦ ਮਿਲਾਂਗੇ। ਫੇਰ ਦੱਸਣਾ ਤੁਹਾਨੂੰ ਇਹ ਨਾਵਲ ਕਿਵੇਂ ਦਾ ਲੱਗਿਆ? ਮੈਂ ਤਾਂ ਇਸ ਨੂੰ ਤਿੰਨ-ਚਾਰ ਵਾਰ ਪੜ੍ਹ ਚੁੱਕੀ ਹਾਂ।’’

ਉਹ ਜਾਂਦੀ ਹੋਈ ਨਵੀਨਾ ਨੂੰ ਹਲਕੀ ਜਿਹੀ ਮੁਸਕਰਾਹਟ ਨਾਲ ਤੱਕ ਰਿਹਾ ਸੀ। ‘ਸੱਚਮੁੱਚ, ਅੱਜ ਦਾ ਦਿਨ ਚੰਗਾ ਹੈ।’ ਉਸ ਨੇ ਸੋਚਿਆ।

ਫੇਰ ਕਿੰਨੇ ਦਿਨ ਬੀਤ ਗਏ। ਉਹ ਰੋਜ਼ ਪੰਦਰਾਂ ਦਿਨ ਪੂਰੇ ਹੋਣ ਦਾ ਇੰਤਜ਼ਾਰ ਕਰਦਾ ਸੀ ਤਾਂ ਜੋ ਨਵੀਨਾ ਨਾਲ ਦੁਬਾਰਾ ਉਸ ਦੀ ਮੁਲਾਕਾਤ ਹੋ ਸਕੇ। ਉਹ ਲਾਇਬ੍ਰੇਰੀ ਆਉਂਦਾ ਸੀ, ਪਰ ਉਸ ਦਾ ਮਨ ਹੁਣ ਕਿਤਾਬਾਂ ਵਿੱਚ ਨਹੀਂ ਸੀ ਲੱਗਦਾ, ਹਾਲਾਂਕਿ ਉਸ ਨੇ ਉਹ ਜਾਸੂਸੀ ਨਾਵਲ ਖਤਮ ਕਰਕੇ ਇੱਕ ਹੋਰ ਕਿਤਾਬ ਵੀ ਪੜ੍ਹਨੀ ਸ਼ੁਰੂ ਕਰ ਲਈ ਸੀ, ਪਰ ਪੰਦਰਾਂ ਦਿਨਾਂ ਬਾਅਦ ਵੀ ਨਵੀਨਾ ਨਹੀਂ ਆਈ।

ਇੱਕ ਦਿਨ ਜਦੋਂ ਉਹ ਸੜਕ ’ਤੇ ਤੁਰਿਆ ਜਾ ਰਿਹਾ ਸੀ ਤਾਂ ਉਸ ਨੇ ਇੱਕ ਮੋੜ ’ਤੇ ਐਕਸੀਡੈਂਟ ਹੋਇਆ ਦੇਖਿਆ। ਆਸਪਾਸ ਭੀੜ ਇਕੱਠੀ ਹੋਈ ਸੀ। ਇੱਕ ਸਕੂਟਰ ਦੀ ਟਰੱਕ ਨਾਲ ਟੱਕਰ ਹੋ ਗਈ ਸੀ ਤੇ ਸਕੂਟਰ ਸਵਾਰ ਲੜਕੀ ਦੇ ਹੈਲਮਟ ਨਾ ਪਾਇਆ ਹੋਣ ਕਰਕੇ ਸਿਰ ਦੇ ਵਿੱਚ ਸੱਟ ਲੱਗਣ ਕਰਕੇ ਮੌਤ ਹੋ ਗਈ ਸੀ।

ਉਸ ਕੁੜੀ ਦੀ ਲਾਸ਼ ਅਜੇ ਵੀ ਉੱਥੇ ਹੀ ਪਈ ਸੀ। ਅਜੇ ਪੁਲੀਸ ਉੱਥੇ ਨਹੀਂ ਸੀ ਪਹੁੰਚੀ। ਉਸ ਨੇ ਜਦੋਂ ਉਸ ਲੜਕੀ ਦੀ ਸ਼ਕਲ ਵੇਖੀ ਤਾਂ ਉਹ ਨਵੀਨਾ ਸੀ। ਉਸ ਦੇ ਦਿਲ ਵਿੱਚ ਡੋਬੂੰ ਜਿਹੇ ਪੈਣ ਲੱਗੇ ਤੇ ਮਨ ਵਿੱਚ ਅਤਿਅੰਤ ਦਰਦ ਦੀ ਇੱਕ ਟੀਸ ਜਿਹੀ ਫੈਲ ਗਈ। ਉਸ ਦੇ ਪੂਰੇ ਸਰੀਰ ਵਿੱਚ ਇੱਕ ਕੰਬਣੀ ਜਿਹੀ ਫੈਲ ਗਈ ਤੇ ਉਸ ਨੂੰ ਆਪਣਾ ਦਿਮਾਗ਼ ਸੁੰਨ ਹੁੰਦਾ ਜਾਪਿਆ। ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਜ਼ਿੰਦਗੀ ਇੰਨੀ ਬੇਰਹਿਮ ਵੀ ਹੋ ਸਕਦੀ ਹੈ! ਕੱਲ੍ਹ ਜੋ ਇੱਕ ਖੂਬਸੂਰਤ ਜਵਾਨ ਕੁੜੀ ਸੀ, ਅੱਜ ਉਹ ਇੱਕ ਲਾਸ਼ ਵਿੱਚ ਵਟ ਗਈ ਸੀ।

‘‘ਵਿਚਾਰੀ, ਅਜੇ ਥੋੜ੍ਹੀ ਦੇਰ ਪਹਿਲਾਂ ਹੀ ਸਕੂਟਰ ’ਤੇ ਹੌਲੀ ਹੌਲੀ ਜਾ ਰਹੀ ਸੀ ਤੇ ਪਿੱਛਿਓਂ ਤੇਜ਼ ਟਰੱਕ ਨੇ ਆ ਟੱਕਰ ਮਾਰੀ। ਜ਼ਿੰਦਗੀ ਦਾ ਕੋਈ ਭਰੋਸਾ ਨਹੀਂ …।’’ ਕੋਈ ਭੀੜ ਵਿੱਚੋਂ ਬੋਲ ਰਿਹਾ ਸੀ।

‘‘ਹਾਂ, ਵਿਚਾਰੀ ਇਕੱਲੀ ਸੀ, ਤੇ ਇਸ ਦਾ ਕੋਈ ਵੀ ਨਹੀਂ ਸੀ। ਤੇ ਹੁਣ ਵੀ ਕੋਈ ਨਹੀਂ ਹੈ। ਹੁਣ ਤਾਂ ਉਹ ਇੱਕ ਲਾਵਾਰਸ ਲਾਸ਼ ਹੈ। ਪੁਲੀਸ ਆਏਗੀ ਤੇ ਲੈ ਜਾਏਗੀ।’’

ਉਸ ਛੋਟੇ ਜਿਹੇ ਸ਼ਹਿਰ ਵਿੱਚ ਸਭ ਇੱਕ ਦੂਜੇ ਨੂੰ ਜਾਣਦੇ ਲੱਗਦੇ ਸਨ।

‘‘ਲਾਵਾਰਸ ਲਾਸ਼!’’ ਇਹ ਸੁਣਦੇ ਹੀ ਸੰਜੀਵਨ ਦੇ ਦਿਮਾਗ਼ ਵਿੱਚ ਹਥੌੜੇ ਜਿਹੇ ਵੱਜਣ ਲੱਗੇ ਤੇ ਸਰੀਰ ਅਥਾਹ ਪੀੜ ਨਾਲ ਕਰਾਹ ਉੱਠਿਆ। ਉਸ ਨੂੰ ਨਵੀਨਾ ਨਾਲ ਬਿਤਾਏ ਕੁੱਝ ਪਲ ਯਾਦ ਆ ਗਏ। ਤੇ ਲੋਕਾਂ ਦੇ ਬੋਲ ‘‘ਵਿਚਾਰੀ ਦਾ ਕੋਈ ਵੀ ਨਹੀਂ ਏ!’’

ਇੰਨੇ ਨੂੰ ਪੁਲੀਸ ਆ ਗਈ।

ਉਹ ਭਾਰੇ ਮਨ ਨਾਲ ਉੱਥੋਂ ਤੁਰ ਆਇਆ। ਨਵੀਨਾ ਦੀ ਲਾਸ਼ ਉਸ ਤੋਂ ਦੇਖੀ ਨਹੀਂ ਜਾ ਰਹੀ ਸੀ।

ਉਸ ਰਾਤ ਉਹ ਸੌਂ ਨਾ ਸਕਿਆ। ਸਾਰੀ ਰਾਤ ਦਰਦ ਨਾਲ ਤੜਫਦਾ ਰਿਹਾ। ਉਸ ਨੂੰ ਆਪਣੇ ਚਾਰੇ ਪਾਸੇ ਡਰਾਉਣੀਆਂ ਆਕ੍ਰਿਤੀਆਂ ਤੇ ਨਵੀਨਾ ਦੀ ਲਾਸ਼ ਹੀ ਦਿਖਾਈ ਦਿੰਦੀ ਰਹੀ। ਉਹ ਸੋਚਦਾ ਰਿਹਾ। …ਨਵੀਨ ਉਸ ਦੀ ਜਾਣਕਾਰ ਸੀ, ਚਾਹੇ ਸਿਰਫ਼ ਕੁਝ ਪਲ ਲਈ ਹੀ ਸਹੀ, ਉਸ ਨੇ ਉਸ ਨਾਲ ਗੱਲਬਾਤ ਕੀਤੀ ਸੀ, ਪਰ ਉਨ੍ਹਾਂ ਦੇ ਵਿਚਕਾਰ ਇੱਕ ਅਜੀਬ ਜਿਹੀ ਕਸ਼ਿਸ਼ ਸੀ। ਉਨ੍ਹਾਂ ਦੇ ਪੜ੍ਹਨ ਦੇ ਸ਼ੌਕ ਇੱਕੋ ਜਿਹੇ ਸਨ, ਪਰ ਉਸ ਤੋਂ ਵੱਧ ਨਵੀਨਾ ਪ੍ਰਤੀ ਉਸ ਦੇ ਮਨ ਵਿੱਚ ਇੱਕ ਹੋਰ ਰਿਸ਼ਤਾ ਉੱਭਰ ਆਇਆ ਸੀ – ਇਨਸਾਨੀਅਤ ਦਾ ਰਿਸ਼ਤਾ। ਉਸ ਨੇ ਮਨ ਵਿੱਚ ਵਿਚਾਰ ਬਣਾਇਆ ਕਿ ਉਹ ਪੁਲੀਸ ਸਟੇਸ਼ਨ ਜਾ ਕੇ ਪਤਾ ਕਰੇਗਾ ਕਿ ਕੀ ਅਸਲ ਵਿੱਚ ਹੀ ਨਵੀਨਾ ਦਾ ਕੋਈ ਨਹੀਂ ਸੀ?

ਦੂਸਰੇ ਦਿਨ ਸਵੇਰੇ-ਸਵੇਰੇ ਹੀ ਉਹ ਪੁਲੀਸ-ਸਟੇਸ਼ਨ ਪਹੁੰਚ ਗਿਆ।

‘‘ਦੱਸੋ, ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ?’’ ਪੁਲੀਸ ਇੰਚਾਰਜ ਨੇ ਪੁੱਛਿਆ।

‘‘ਉਹ ਕੱਲ੍ਹ ਜਿਸ ਕੁੜੀ ਦਾ ਐਕਸੀਡੈਂਟ ਹੋ ਗਿਆ ਸੀ। ਉਸ ਦੇ ਬਾਰੇ ਪਤਾ ਕਰਨਾ ਹੈ।’’

‘‘ਅੱਛਾ, ਉਹ ਅਨਾਥ ਕੁੜੀ, ਜਿਸ ਦਾ ਕੋਈ ਨਹੀਂ। ਲਾਵਾਰਸ ਲਾਸ਼…।’’

‘‘ਨਹੀਂ, ਨਹੀਂ, ਅਜਿਹਾ ਨਾ ਕਹੋ। ਉਸ ਲਾਸ਼ ਦਾ ਵਾਰਿਸ ਮੈਂ ਹਾਂ। ਮੈਂ ਉਸ ਦਾ ਸਸਕਾਰ ਕਰਾਂਗਾ।’’ ਉਸ ਨੇ ਪੁਲੀਸ ਇੰਚਾਰਜ ਨੂੰ ਕਿਹਾ।

ਪੁਲੀਸ ਇੰਚਾਰਜ ਨੇ ਇੱਕ ਰਜਿਸਟਰ ’ਤੇ ਉਸ ਦੇ ਦਸਤਖ਼ਤ ਕਰਵਾ ਕੇ ਉਸ ਨੂੰ ਲਾਸ਼ ਦਾ ਸਸਕਾਰ ਕਰਨ ਦੀ ਇਜਾਜ਼ਤ ਦੇ ਦਿੱਤੀ। ਉਸ ਨੇ ਇੰਚਾਰਜ ਦਾ ਧੰਨਵਾਦ ਕਰਿਆ ਤੇ ਨਵੀਨਾ ਦਾ ਸਸਕਾਰ ਕਰਨ ਸ਼ਮਸ਼ਾਨਘਾਟ ਪਹੁੰਚ ਗਿਆ।

ਉਸ ਨੇ ਨਵੀਨਾ ਦੇ ਮ੍ਰਿਤਕ ਸਰੀਰ ਦਾ ਸਸਕਾਰ ਪੂਰੇ ਸਨਮਾਨ ਨਾਲ ਕਰਨ ਲਈ ਪੂਰਾ ਪ੍ਰਬੰਧ ਕਰਿਆ। ਅਤੇ ਜਦੋਂ ਉਹ ਨਵੀਨਾ ਦੇ ਸਰੀਰ ਨੂੰ ਅੱਗ ਦੇ ਸਪੁਰਦ ਕਰਕੇ ਆਇਆ ਤਾਂ ਉਹ ਫੁੱਟ-ਫੁੱਟ ਕੇ ਇਸ ਤਰ੍ਹਾਂ ਰੋਇਆ, ਜਿਵੇਂ ਉਹ ਆਪਣੀ ਮਾਂ ਦੀ ਮੌਤ ਵੇਲੇ ਰੋਇਆ ਸੀ।



News Source link
#ਲਵਰਸ #ਲਸ਼

- Advertisement -

More articles

- Advertisement -

Latest article