24.3 C
Patiāla
Thursday, April 25, 2024

ਬੇਗ਼ੁਨਾਹੀ ਦੇ ਪਾਸਪੋਰਟ ’ਤੇ ਪਾਕਿਸਤਾਨ ਤੋਂ ਪਰਤਿਆ ਹੰਸਾ ਸਿੰਘ

Must read


ਸੰਜੀਵ ਹਾਂਡਾ

ਫ਼ਿਰੋਜ਼ਪੁਰ, 21 ਜਨਵਰੀ

ਪਾਕਿਸਤਾਨ ਵਿੱਚ ਬਗੈਰ ਪਾਸਪੋਰਟ ਤੇ ਵੀਜ਼ੇ ਤੋਂ ਤਿੰਨ ਮਹੀਨੇ ਬਤੀਤ ਕਰਕੇ ਭਾਰਤ ਪਰਤਿਆ ਹੰਸਾ ਸਿੰਘ ਅੱਜ-ਕੱਲ੍ਹ ਆਪਣੇ ਪਿੰਡ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੰਸਾ ਸਿੰਘ ਦੀ ਕਿਸਮਤ ਚੰਗੀ ਸੀ ਕਿ ਉਹ ਘਰ ਪਰਤ ਆਇਆ ਪਰ ਇਹ ਤਿੰਨ ਮਹੀਨੇ ਉਸ ਨੂੰ ਜ਼ਿੰਦਗੀ ਭਰ ਯਾਦ ਰਹਿਣਗੇ। ਇਥੇ ਹੰਸਾ ਸਿੰਘ ਦਾ ਪਿੰਡ ਟੇਂਡੀ ਵਾਲਾ, ਪਾਕਿਸਤਾਨ ਦੀ ਸਰਹੱਦ ਤੋਂ ਮਹਿਜ਼ ਪੰਜ-ਛੇ ਸੌ ਮੀਟਰ ਦੀ ਦੂਰੀ ’ਤੇ ਸਥਿਤ ਹੈ। ਹੰਸਾ ਸਿੰਘ ਪੇਸ਼ੇ ਤੋਂ ਢੋਲੀ ਹੈ ਤੇ ਕੰਮ ਨਾ ਮਿਲਣ ’ਤੇ ਉਹ ਮਜ਼ਦੂਰੀ ਵੀ ਕਰਦਾ ਹੈ। 

ਉਹ ਕਥਿਤ ਨਸ਼ੇ ਦੀਆਂ ਗੋਲੀਆਂ ਖਾਣ ਦਾ ਵੀ ਆਦੀ ਹੈ। ਉਸ ਦੇ ਘਰ ਵਿੱੱਚ ਬਜ਼ੁਰਗ ਮਾਂ-ਪਿਉ, ਪਤਨੀ ਤੇ ਦੋ ਬੱਚੇ ਹਨ। ਪਿਛਲੇ ਕੁਝ ਸਮੇਂ ਤੋਂ ਉਸ ਦੀ ਦਿਮਾਗੀ ਹਾਲਤ ਥੋੜ੍ਹੀ ਕਮਜ਼ੋਰ ਹੋ ਗਈ ਹੈ, ਜਿਸ ਕਰਕੇ ਕਈ ਵਾਰ ਉਸ ਨੂੰ ਕੁਝ ਗੱਲਾਂ ਦਾ ਪਤਾ ਨਹੀਂ ਲੱਗਦਾ। ਪਿਛਲੇ ਸਾਲ 21 ਸਤੰਬਰ ਵਾਲੇ ਦਿਨ ਵੀ ਹੰਸਾ ਸਿੰਘ ਨਾਲ ਕੁਝ ਅਜਿਹਾ ਹੀ ਵਾਪਰਿਆ। ਫੌਜ ਦੇ ਅਧਿਕਾਰੀ ਸਰਹੱਦ ’ਤੇ ਲੱਗੇ ਗੇਟਾਂ ਨੂੰ ਪੇਂਟ ਕਰਵਾਉਣ ਲਈ ਕੁਝ ਮਜ਼ਦੂਰ ਦਿਹਾੜੀ ’ਤੇ ਲੈ ਕੇ ਗਏ। ਹੰਸਾ ਸਿੰਘ ਵੀ ਉਨ੍ਹਾਂ ਵਿਚ ਸ਼ਾਮਲ ਸੀ। ਦੁਪਹਿਰ ਵੇਲੇ ਸਾਰੇ ਮਜ਼ਦੂਰ ਆਪਣੇ ਕੰਮ ’ਤੇ ਲੱਗੇ ਹੋਏ ਸਨ ਤਾਂ ਹੰਸਾ ਸਿੰਘ ਅਚਾਨਕ ਨਸ਼ੇ ਦੀ ਲੋਰ ਵਿੱਚ ਆਪਣਾ ਕੰਮ ਛੱਡ ਕੇ ਗੇਟ ਤੋਂ ਆਪਣੀ ਹੱਦ ਦੇ ਅੰਦਰ ਆਉਣ ਦੀ ਬਜਾਏ ਪਾਕਿਸਤਾਨ ਵੱਲ ਤੁਰ ਪਿਆ। ਇੱਕ ਮਜ਼ਦੂਰ ਸਾਥੀ ਅਤੇ ਫੌਜ ਦੇ ਜਵਾਨ ਨੇ ਉਸ ਨੂੰ ਆਵਾਜ਼ ਵੀ ਮਾਰੀ ਪਰ ਉਹ ਅਣਸੁਣਿਆ ਕਰਕੇ ਪਾਕਿਸਤਾਨ ਵੱਲ ਵਧਦਾ ਗਿਆ ਤੇ ਸਰਹੱਦ ਪਾਰ ਕਰ ਗਿਆ। ਉਥੇ ਨਾਲ ਲੱਗਦੇ ਖੇਤ ਵਿੱਚ ਕੰਮ ਕਰਦੇ ਇੱਕ ਮੁਸਲਮਾਨ ਕਿਸਾਨ ਨੇ ਉਸ ਨੂੰ ਆਵਾਜ਼ ਮਾਰ ਕੇ ਆਪਣੇ ਕੋਲ ਬਿਠਾ ਲਿਆ। ਹੰਸਾ ਸਿੰਘ ਦੱਸਦਾ ਹੈ ਕਿ ਉਹ ਉਸ ਕਿਸਾਨ ਨਾਲ ਕਰੀਬ ਪੰਦਰਾਂ ਮਿੰਟ ਗੱਲਾਂ ਕਰਦਾ ਰਿਹਾ। ਉਪਰੰਤ ਪਾਕਿਸਤਾਨੀ ਰੇਂਜਰਾਂ ਨੇ ਉਸ ਨੂੰ ਕਾਬੂ ਕਰ ਲਿਆ। ਇੱਧਰ ਭਾਰਤੀ ਫੌਜ ਦੇ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਹੰਸਾ ਸਿੰਘ ਖ਼ਿਲਾਫ਼ ਥਾਣਾ ਸਦਰ ਵਿਚ ਕੇਸ ਦਰਜ ਕਰ ਲਿਆ ਗਿਆ।

ਪਾਕਿਸਤਾਨੀ ਰੇਂਜਰ, ਹੰਸਾ ਸਿੰਘ ਦੀਆਂ ਅੱਖਾਂ ’ਤੇ ਪੱਟੀ ਬੰਨ੍ਹ ਕੇ ਲੈ ਗਏ ਤੇ ਉਸ ਦੀ ਕੁੱਟਮਾਰ ਕਰਨ ਲੱਗੇ। ਹੰਸਾ ਸਿੰਘ ਨੇ ਉਨ੍ਹਾਂ ਨੂੰ ਸਾਰੀ ਗੱਲ ਸੱਚ ਦੱਸੀ ਪਰ ਰੇਂਜਰਾਂ ਨੇ ਯਕੀਨ ਨਾ ਕੀਤਾ। ਕੁਝ ਦਿਨਾਂ ਮਗਰੋਂ ਉਸ ਨੂੰ ਕਿਸੇ ਥਾਣੇ ਵਿਚ ਛੱਡ ਦਿੱਤਾ ਗਿਆ। ਉਥੇ ਵੀ ਤਸ਼ੱਦਦ ਹੋਣ ਲੱਗਾ। ਹੰਸਾ ਸਿੰਘ ਉਥੇ ਵੀ ਸੱਚ ਬੋਲਦਾ ਰਿਹਾ ਪਰ ਕਿਸੇ ਨੂੰ ਯਕੀਨ ਨਾ ਆਇਆ। ਹੰਸਾ ਸਿੰਘ ਦੱਸਦਾ ਹੈ ਕਿ ਥਾਣੇ ਵਿਚ ਰੋਜ਼ਾਨਾ ਉਸਦੀ ਕੁੱਟਮਾਰ ਕੀਤੀ ਜਾਂਦੀ। ਇੱਕ ਦਿਨ ਉਸ ਨੇ ਅੱਕ ਕੇ ਝੂਠ ਬੋਲਿਆ ਕਿ ਉਹ ਇੱਧਰ ਪਿਸਤੌਲ ਲੈਣ ਆਇਆ ਸੀ, ਕਿਉਂਕਿ ਉਹ ਕਿਸੇ ਤੋਂ ਬਦਲਾ ਲੈਣਾ ਚਾਹੁੰਦਾ ਸੀ। ਪੁਲੀਸ ਵਾਲੇ ਜਦੋਂ ਉਸ ਦਾ ਬਿਆਨ ਦਰਜ ਕਰਨ ਲੱਗੇ ਤਾਂ ਉਸ ਨੇ ਦੱਸਿਆ ਕਿ ਇਹ ਬਿਆਨ ਬਿਲਕੁਲ ਝੂਠਾ ਹੈ ਤੇ ਉਹ ਚਾਹੁੰਦਾ ਹੈ ਕਿ ਉਸ ਨੂੰ ਕਿਸੇ ਜੁਰਮ ਵਿਚ ਨਾਮਜ਼ਦ ਕਰਕੇ ਜੇਲ੍ਹ ਭੇਜ ਦਿੱਤਾ ਜਾਵੇ ਤਾਂ ਕਿ ਉਹ ਹੋਰ ਕੁੱਟਮਾਰ ਤੋਂ ਬਚ ਸਕੇ। ਪੁਲੀਸ ਵਾਲੇ ਹੁਣ ਉਸ ਉਪਰ ਯਕੀਨ ਕਰਨ ਲੱਗ ਪਏ ਸਨ ਕਿ ਉਹ ਗ਼ਲਤੀ ਨਾਲ ਪਾਕਿਸਤਾਨ ਦੀ ਹੱਦ ’ਚ ਦਾਖ਼ਲ ਹੋਇਆ ਹੈ। ਇਧਰ ਉਸ ਦਾ ਬਜ਼ੁਰਗ ਪਿਤਾ ਬਹਾਲ ਸਿੰਘ ਅਤੇ ਪਿੰਡ ਵਾਲੇ ਉਸ ਦੀ ਰਿਹਾਈ ਲਈ ਫੌਜ ਦੇ ਅਫ਼ਸਰਾਂ ਕੋਲ ਗੇੜੇ ਮਾਰਦੇ ਰਹੇ। ਉਸ ਦੇ ਪਿਤਾ ਨੇ ਸਥਾਨਕ ਐਡਵੋਕੇਟ ਮੇਹਰ ਸਿੰਘ ਮੱਲ ਤੱਕ ਪਹੁੰਚ ਕੀਤੀ ਤੇ ਸਾਰੀ ਕਹਾਣੀ ਦੱਸੀ। ਉਨ੍ਹਾਂ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਵੀ ਗੱਲ ਕੀਤੀ, ਜਿਨ੍ਹਾਂ ਇਸ ਮਸਲੇ ਨੂੰ ਕੇਂਦਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ। ਅਖੀਰ ਭਾਰਤੀ ਫੌਜ ਦੇ ਅਧਿਕਾਰੀਆਂ ਨੇ ਪਾਕਿਸਤਾਨੀ ਰੇਂਜਰਾਂ ’ਤੇ ਦਬਾਅ ਬਣਾਇਆ ਤੇ ਪਾਕਿਸਤਾਨ ਹਕੂਮਤ ਨੇ ਬਿਨਾਂ ਕੋਈ ਕੇਸ ਦਰਜ ਕੀਤੇ ਹੰਸਾ ਸਿੰਘ ਨੂੰ ਭਾਰਤ ਦੇ ਸਪੁਰਦ ਕਰ ਦਿੱਤਾ। ਹੰਸਾ ਸਿੰਘ ਹੁਣ ਨਸ਼ੇ ਦੀਆਂ ਗੋਲੀਆਂ ਵੀ ਛੱਡ ਗਿਆ ਹੈ ਤੇ ਉਸ ਦੇ ਵਕੀਲ ਮੇਹਰ ਸਿੰਘ ਨੂੰ ਪੂਰਾ ਭਰੋਸਾ ਹੈ ਕਿ ਛੇਤੀ ਹੀ ਸਥਾਨਕ ਅਦਾਲਤ ਵੱਲੋਂ ਉਸ ਨੂੰ ਬਾ-ਇੱਜ਼ਤ ਬਰੀ ਕਰ ਦਿੱਤਾ ਜਾਵੇਗਾ। 

ਬਹੁਤ ਘੱਟ ਕੇਸਾਂ ’ਚ ਘਰ ਵਾਪਸੀ ਹੁੰਦੀ ਹੈ: ਸ਼ਰਮਾ

ਸੇਵਾਮੁਕਤ ਡੀਐੱਸਪੀ ਕੁਲਵੰਤ ਰਾਏ ਸ਼ਰਮਾ ਨੇ ਦੱਸਿਆ ਕਿ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਅਜਿਹੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ ਜਦੋਂ ਦੋਵਾਂ ਮੁਲਕਾਂ ਦੇ ਕਿਸਾਨ ਅਣਜਾਣੇ ਵਿਚ ਸਰਹੱਦ ਪਾਰ ਕਰ ਜਾਂਦੇ ਹਨ ਪਰ ਅਜਿਹਾ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ, ਜਦੋਂ ਪਾਕਿਸਤਾਨ ਹਕੂਮਤ ਵੱਲੋਂ ਕਿਸੇ ਕਿਸਾਨ ਜਾਂ ਮਜ਼ਦੂਰ ਨੂੰ ਮਹਿਜ਼ ਪੁੱਛ ਪੜਤਾਲ ਤੋਂ ਬਾਅਦ ਭਾਰਤੀ ਫੌਜ ਦੇ ਹਵਾਲੇ ਕੀਤਾ ਗਿਆ ਹੋਵੇ।





News Source link

- Advertisement -

More articles

- Advertisement -

Latest article