38.1 C
Patiāla
Thursday, March 28, 2024

ਟੇਬਿਲ ਟੈਨਿਸ: ਚੰਗੇਰਾ ਦਾ ਹਰਕੁੰਵਰ ਸਿੰਘ ਬਣਿਆ ਪੰਜਾਬ ਚੈਂਪੀਅਨ

Must read


ਕਰਮਜੀਤ ਸਿੰਘ ਚਿੱਲਾ
ਬਨੂੜ, 10 ਜਨਵਰੀ

ਨਜ਼ਦੀਕੀ ਪਿੰਡ ਚੰਗੇਰਾ ਦੇ ਸਾਢੇ 16 ਸਾਲਾ ਹਰਕੁੰਵਰ ਸਿੰਘ ਪੁੱਤਰ ਰਵਿੰਦਰ ਸਿੰਘ ਨੇ ਟੇਬਿਲ ਟੈਨਿਸ ਵਿੱਚ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ। ਪੰਜਾਬ ਟੇਬਿਲ ਟੈਨਿਸ ਐਸੋਸੀਏਸ਼ਨ ਵੱਲੋਂ ਜਲੰਧਰ ਵਿੱਚ ਕਰਾਈ ਗਈ ਪੰਜ ਦਿਨਾ ਪੰਜਾਬ ਟੇਬਿਲ ਟੈਨਿਸ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਅੰਡਰ 17 ਅਤੇ ਅੰਡਰ 19 ਵਰਗ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਪੰਜਾਬ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਉਹ ਇਨ੍ਹਾਂ ਦੋਵੇਂ ਵਰਗਾਂ ਦੀਆਂ ਟੀਮਾਂ ਵਿੱਚ ਪੰਜਾਬ ਦਾ ਕਪਤਾਨ ਬਣ ਗਿਆ ਹੈ ਤੇ ਕੌਮੀ ਖੇਡਾਂ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰੇਗਾ।

ਹਰਕੁੰਵਰ ਨੇ ਇਸੇ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ ਸੀਨੀਅਰ ਵਰਗ ਵਿੱਚ ਵੀ ਭਾਗ ਲਿਆ ਅਤੇ ਤੀਜਾ ਸਥਾਨ ਹਾਸਲ ਕੀਤਾ। ਪੁਆਇੰਟਾਂ ਦੇ ਆਧਾਰ ਉੱਤੇ ਉਸ ਨੂੰ ਸੀਨੀਅਰ ਟੀਮ ਦਾ ਸੂਬਾਈ ਉੱਪ ਕਪਤਾਨ ਵੀ ਨਿਯੁਕਤ ਕੀਤਾ ਗਿਆ ਹੈ। ਟੇਬਿਲ ਟੈਨਿਸ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਇੰਨੀ ਘੱਟ ਉਮਰ ਦਾ ਖਿਡਾਰੀ ਜਿੱਥੇ ਦੋ ਉਮਰ ਵਰਗਾਂ ਦਾ ਕਪਤਾਨ ਬਣਿਆ, ਉੱਥੇ ਸੀਨੀਅਰ ਵਰਗ ਦਾ ਵੀ ਉੱਪ ਕਪਤਾਨ ਬਣਿਆ ਹੋਵੇ। ਸਮਾਜ ਸੇਵੀ ਆਗੂ ਸੁਖਦੇਵ ਸਿੰਘ ਚੰਗੇਰਾ ਦਾ ਪੋਤਰਾ ਹਰਕੁੰਵਰ ਸਿੰਘ ਚੰਡੀਗੜ੍ਹ ਦੇ ਗੁਰੂਕੁਲ ਗਲੋਬਲ ਸਕੂਲ ਦਾ ਗਿਆਰ੍ਹਵੀਂ ਸ਼੍ਰੇਣੀ ਦਾ ਵਿਦਿਆਰਥੀ ਹੈ। ਇਸ ਤੋਂ ਪਹਿਲਾਂ ਉਹ ਪੰਜਾਬ ਦੀ ਰੈਂਕਿੰਗ ਲਈ ਹੋਏ ਚਾਰ ਮੁਕਾਬਲਿਆਂ ਵਿੱਚ ਸੋਨੇ ਦੇ ਤਗਮੇ ਜਿੱਤ ਚੁੱਕਿਆ ਹੈ। ਉਹ ਇੰਟਰ ਸਕੂਲ ਚੈਂਪੀਅਨਸ਼ਿਪ ਅਤੇ ਸੀਬੀਐੱਸਈ ਚੰਡੀਗੜ੍ਹ ਕਲੱਸਟਰ ਵਿੱਚ ਸੋਨ ਤਗਮਾ ਜਿੱਤਣ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਕਰਾਈਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਵੀ ਪਹਿਲਾ ਸਥਾਨ ਹਾਸਲ ਕਰ ਚੁੱਕਿਆ ਹੈ।

ਹਰਕੁੰਵਰ ਨੇ ਦੱਸਿਆ ਕਿ ਪੰਚਕੂਲਾ ਦੇ ਕੋਚ ਡੈਰਿਲ ਫ਼ਿਲਿਪਸ ਕੋਲ ਰੋਜ਼ਾਨਾ ਛੇ ਘੰਟੇ ਅਭਿਆਸ ਕਰਦਾ ਹੈ। ਉਨ੍ਹਾਂ ਕਿਹਾ ਕਿ ਉਸ ਦਾ ਨਿਸ਼ਾਨਾ ਕੌਮੀ ਖੇਡਾਂ ਵਿੱਚ ਪੰਜਾਬ ਲਈ ਸੋਨ ਤਗਮਾ ਪ੍ਰਾਪਤ ਕਰਨਾ ਅਤੇ ਇਸ ਤੋਂ ਬਾਅਦ ਕੌਮਾਂਤਰੀ ਖੇਡਾਂ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰਨਾ ਹੈ।





News Source link

- Advertisement -

More articles

- Advertisement -

Latest article