ਬਤਾਂਗ ਕਾਲੀ, 16 ਦਸੰਬਰ
ਮਲੇਸ਼ੀਆ ਵਿੱਚ ਸੈਲਾਨੀ ਕੈਂਪ ਗਰਾਊਂਡ ਨੇੜੇ ਸ਼ੁੱਕਰਵਾਰ ਨੂੰ ਜ਼ਮੀਨ ਖਿਸਕਣ ਕਾਰਨ 16 ਜਣਿਆਂ ਦੀ ਮੌਤ ਹੋ ਗਈ, ਜਦਕਿ ਅਧਿਕਾਰੀਆਂ ਨੇ 17 ਹੋਰ ਜਣਿਆਂ ਦੇ ਮਲਬੇ ਹੇਠ ਦੱਬਣ ਦਾ ਖਦਸ਼ਾ ਪ੍ਰਗਟਾਇਆ ਹੈ। ਜ਼ਿਲ੍ਹਾ ਪੁਲੀਸ ਮੁਖੀ ਸੂਫੀਆਨ ਅਬਦੁੱਲਾ ਨੇ ਦੱਸਿਆ ਕਿ ਰਾਜਧਾਨੀ ਕੁਆਲਾਲੰਪੁਰ ਤੋਂ ਕਰੀਬ 50 ਕਿਲੋਮੀਟਰ ਦੂਰ ਮੱਧ ਸੇਲਾਂਗੋਰ ਸੂਬੇ ਦੇ ਬਤਾਂਗ ਕਾਲੀ ਵਿੱਚ ਇੱਕ ਸੈਲਾਨੀ ਕੈਂਪ ਸਥਾਨ ’ਤੇ ਜ਼ਮੀਨ ਖਿਸਕ ਗਈ। ਮੰਨਿਆ ਜਾ ਰਿਹਾ ਹੈ ਕਿ ਘਟਨਾ ਸਮੇਂ ਉੱਥੇ ਕਰੀਬ 94 ਜਣੇ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਹਾਦਸੇ ਦੌਰਾਨ ਇੱਕ ਪੰਜ ਸਾਲ ਦੇ ਬੱਚੇ ਸਣੇ 16 ਜਣਿਆਂ ਦੀ ਮੌਤ ਹੋ ਗਈ, ਜਦਕਿ ਸੱਤ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਅਬਦੁੱਲਾ ਨੇ ਦੱਸਿਆ ਕਿ ਘਟਨਾ ਸਥਾਨ ਤੋਂ 17 ਜਣਿਆਂ ਦੇ ਲਾਪਤਾ ਹੋਣ ਦਾ ਅਨੁਮਾਨ ਹੈ, ਜਦਕਿ 53 ਜਣਿਆਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਹੈ। -ਏਪੀ