ਜਗਮੋਹਨ ਸਿੰਘ
ਰੂਪਨਗਰ, 15 ਦਸੰਬਰ
ਇਕ ਪਾਸੇ ਪੰਜਾਬ ਸਰਕਾਰ ਸੂਬੇ ਦੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਦਿਨ-ਰਾਤ ਕੰਮ ਕਰ ਰਹੀ ਹੈ, ਦੂਜੇ ਪਾਸੇ ਖੇਡ ਮੈਦਾਨਾਂ ਦੀ ਘਾਟ ਕਾਰਨ ਖਿਡਾਰੀਆਂ ਨੂੰ ਅਭਿਆਸ ਕਰਨ ਲਈ ਇੱਧਰ ਉੱਧਰ ਭਟਕਣਾ ਪੈ ਰਿਹਾ ਹੈ।
ਸੂਬੇ ਪੱਧਰ ’ਤੇ ਮਾਅਰਕਾ ਮਾਰਨ ਵਾਲੀਆਂ ਪਿੰਡ ਘਨੌਲੀ ਦੇ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਆਂ ਫੁੱਟਬਾਲ ਖਿਡਾਰਨਾਂ ਸਕੂਲ ਦੀ ਕੰਧ ਟੱਪ ਕੇ ਖੇਡ ਮੈਦਾਨ ਵਿੱਚ ਅਭਿਆਸ ਕਰਨ ਲਈ ਮਜਬੂਰ ਹਨ। ਛੁੱਟੀ ਤੋਂ ਬਾਅਦ ਸਕੂਲ ਪ੍ਰਬੰਧਕਾਂ ਵੱਲੋਂ ਸਕੂਲ ਨੂੰ ਜਿੰਦਰਾ ਜੜ ਦਿੱਤਾ ਜਾਂਦਾ ਹੈ ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਸਕੂਲ ਵਿੱਚ ਚੌਕੀਦਾਰ ਦੀ ਅਸਾਮੀ ਖਾਲੀ ਪਈ ਹੈ।
ਖਿਡਾਰਨਾਂ ਰੌਸ਼ਨੀ ਤੇ ਮਨੀਸ਼ਾ ਨੇ ਦੱਸਿਆ ਕਿ ਪਹਿਲਾਂ ਇਸ ਸਕੂਲ ਦਾ ਗੇਟ ਖੁੱਲ੍ਹਾ ਰਹਿੰਦਾ ਸੀ ਪਰ ਲਗਭੱਗ ਇਕ ਹਫਤੇ ਤੋਂ ਸਕੂਲ ਪ੍ਰਬੰਧਕਾਂ ਵੱਲੋਂ ਸਕੂਲ ਦੇ ਗੇਟ ਨੂੰ ਤਾਲਾ ਲਗਾ ਦਿੱਤਾ ਜਾਂਦਾ ਹੈ ਜਿਸ ਕਾਰਨ ਕੰਧ ਟੱਪਣਾ ਉਨ੍ਹਾਂ ਦੀ ਮਜਬੂਰੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਘਨੌਲੀ ਇਲਾਕੇ ਵਿੱਚ ਅਜਿਹਾ ਹੋਰ ਕੋਈ ਖੇਡ ਮੈਦਾਨ ਨਹੀ ਹੈ ਜਿੱਥੇ ਲੜਕੀਆਂ ਬੇਖੌਫ਼ ਹੋ ਕੇ ਅਭਿਆਸ ਕਰ ਸਕਣ।
ਇਸ ਬਾਰੇ ਸਕੂਲ ਦੀ ਪ੍ਰਿੰਸੀਪਲ ਇੰਦੂ ਨੇ ਦੱਸਿਆ ਕਿ ਸਕੂਲ ਵਿੱਚ ਚੌਕੀਦਾਰ ਨਾ ਹੋਣ ਕਾਰਨ ਛੁੱਟੀ ਮਗਰੋਂ ਉਨ੍ਹਾਂ ਨੂੰ ਤਾਲਾ ਲਗਾਉਣਾ ਪੈਂਦਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਸ਼ਰਾਰਤੀ ਅਨਸਰਾਂ ਵੱਲੋਂ ਸਕੂਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਅਤੇ ਗਮਲਿਆਂ ਦੀ ਭੰਨਤੋੜ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਜੇਕਰ ਖਿਡਾਰਨਾਂ ਦੇ ਕੋਚ ਅਭਿਆਸ ਸਮੇਂ ਜ਼ਿੰਮੇਵਾਰੀ ਲੈਣ ਨੂੰ ਤਿਆਰ ਹਨ ਤਾਂ ਉਨ੍ਹਾਂ ਨੂੰ ਗੇਟ ਦੀ ਚਾਬੀ ਦੇਣ ਵਿੱਚ ਕੋਈ ਇਤਰਾਜ਼ ਨਹੀਂ।
ਛੇਤੀ ਕੀਤਾ ਜਾਵੇਗਾ ਚੌਕੀਦਾਰ ਦਾ ਪ੍ਰਬੰਧ: ਡੀਈਓ
ਡੀਈਓ ਪ੍ਰੇਮ ਕੁਮਾਰ ਮਿੱਤਲ ਨੇ ਕਿਹਾ ਕਿ ਸਰਕਾਰ ਵੱਲੋਂ ਚੌਕੀਦਾਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਸਾਰੇ ਸਕੂਲਾਂ ਵਿੱਚ ਚੌਕੀਦਾਰ ਤਾਇਨਾਤ ਕਰ ਦਿੱਤੇ ਜਾਣਗੇ।