ਵਾਸ਼ਿੰਗਟਨ, 15 ਦਸੰਬਰ
ਪੁਰਾਣੀ ਰਵਾਇਤਾਂ ਤੋੜ ਕੇ ਅਮਰੀਕੀ ਪ੍ਰਤੀਨਿਧ ਸਭਾ ਦੀ ਪਹਿਲੀ ਮਹਿਲਾ ਸਪੀਕਰ ਬਣੀ ਨੈਨਸੀ ਪੈਲੋਸੀ ਜੋ ਕਿ ਹੁਣ ਅਹੁਦਾ ਛੱਡ ਰਹੀ ਹੈ, ਨੂੰ ਇਕ ਰਵਾਇਤੀ ਸਨਮਾਨ ਦਿੱਤਾ ਗਿਆ। ਇਸ ਦੌਰਾਨ ਯੂਐੱਸ ਕੈਪਟਲ ’ਚ ਉਨ੍ਹਾਂ ਦੇ ਇਕ ਚਿੱਤਰ ਤੋਂ ਪਰਦਾ ਹਟਾਇਆ ਗਿਆ। ਪੈਲੋਸੀ ਨਾ ਸਿਰਫ ਅਮਰੀਕੀ ਪ੍ਰਤੀਨਿਧ ਸਭਾ ਦੀ ਪਹਿਲੀ ਮਹਿਲਾ ਸਪੀਕਰ ਹਨ ਬਲਕਿ ਉਹ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਸਪੀਕਰਾਂ ’ਚੋਂ ਇਕ ਰਹੀ ਹੈ।
ਇਸ ਸਮਾਰੋਹ ਵਿੱਚ ਸਾਬਕਾ ਤੇ ਮੌਜੂਦਾ ਕਾਂਗਰਸ ਮੈਂਬਰ , ਦੋਸਤ ਅਤੇ ਪਰਿਵਾਰਕ ਮੈਂਬਰ ਮੌਜੂਦ ਸਨ। ਮਹਿਮਾਨਾਂ ਵਿੱਚ ਪੈਲੋਸੀ ਦੇ ਪਤੀ ਪੌਲ ਪੈਲੋਸੀ ਵੀ ਸ਼ਾਮਲ ਸਨ ਜੋ ਕਿ ਇਕ ਕਾਤਲਾਨਾ ਹਮਲੇ ਤੋਂ ਉੱਭਰ ਰਹੇ ਹਨ। ਜ਼ਿਕਰਯੋਗ ਹੈ ਕਿ ਸਾਂ ਫਰਾਂਸਿਸਕੋ ਵਿੱਚ ਇਕ ਹਮਲਵਾਰ ਉਨ੍ਹਾਂ ਦੇ ਘਰ ਵਿੱਚ ਵੜ ਗਿਆ ਸੀ ਤੇ ਉਨ੍ਹਾਂ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ ਸੀ। ਇਸੇ ਦੌਰਾਨ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਕ ਵੀਡੀਓਟੇਪ ਸੁਨੇਹੇ ਵਿੱਚ ਕਿਹਾ ਕਿ ਪੈਲੋਸੀ ਨੇ ਮਹਿਲਾਵਾਂ ਦੀ ਇਕ ਪੀੜ੍ਹੀ ਨੂੰ ਦੌੜਨ, ਜਿੱਤਣ ਤੇ ਅਗਵਾਈ ਕਰਨ ਲਈ ਉਤਸ਼ਾਹਿਤ ਕੀਤਾ ਹੈ। -ਏਪੀ